Asian Games : ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲਾਂ ਬਾਅਦ ਚੀਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ
ਚੀਨ ਦੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਸਲੀਮਾ ਟੇਟੇ ਜ਼ਖਮੀ ਹੋ ਗਈ। ਮੈਦਾਨ ’ਤੇ ਖੂਨ ਡਿੱਗਣ ਤੋਂ ਬਾਅਦ ਗਰਾਊਂਡ ਸਟਾਫ ਨੂੰ ਸਫਾਈ ਕਰਨੀ ਪਈ। ਇਸ ਤੋਂ ਭਾਰਤੀ ਖਿਡਾਰੀਆਂ ਦੇ ਦ੍ਰਿੜ ਇਰਾਦੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇਕ ਗੋਲ ਦੀ ਬੜ੍ਹਤ ਨੂੰ ਬਚਾਉਣ ਲਈ ਹਰ ਚੁਣੌਤੀ ਦਾ ਸਾਹਮਣਾ ਕਰ ਰਹੇ ਸਨ।
Publish Date: Sat, 03 Oct 2026 11:34 AM (IST)
Updated Date: Sat, 03 Oct 2026 11:40 AM (IST)
ਕਾਕਾਮਿਗਹਾਰਾ, ਪੀਟੀਆਈ : ਭਾਰਤ ਨੇ ਸ਼ੁੱਕਰਵਾਰ ਨੂੰ ਚੀਨ ਨੂੰ 1-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੀ ਮਹਿਲਾ ਹਾਕੀ ’ਚ 44 ਸਾਲਾਂ ਬਾਅਦ ਸੋਨ ਤਮਗਾ ਜਿੱਤਿਆ। ਇਸ ਜਿੱਤ ਨਾਲ ਭਾਰਤ ਨੇ 2028 ਲਾਸ ਏਂਜਲਸ ਉਲੰਪਿਕ ਲਈ ਵੀ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਸ਼ਾਨਦਾਰ ਗੋਲ ਤੇ ਇਸ ਤੋਂ ਬਾਅਦ ਜ਼ਬਰਦਸਤ ਰੱਖਿਆਤਮਕ ਪ੍ਰਦਰਸ਼ਨ ਦੀ ਬਦੌਲਤ ਜਿੱਤ ਹਾਸਲ ਕੀਤੀ। ਮੌਜੂਦਾ ਚੈਂਪੀਅਨ ਤੇ ਪੈਰਿਸ ਉਲੰਪਿਕ ਚਾਂਦੀ ਦਾ ਤਮਗਾ ਜੇਤੂ ਚੀਨ ਨੇ ਭਾਰਤ ’ਤੇ ਲਗਾਤਾਰ ਦਬਾਅ ਬਣਾਇਆ ਪਰ ਭਾਰਤੀ ਟੀਮ ਨੇ ਸ਼ਾਨਦਾਰ ਲੜਾਕੂ ਭਾਵਨਾ ਦਿਖਾਈ ਤੇ ਬੜ੍ਹਤ ਬਣਾਈ ਰੱਖੀ। ਭਾਰਤ ਨੇ ਇਸ ਤੋਂ ਪਹਿਲਾਂ 1982 ’ਚ ਹੀ ਏਸ਼ਿਆਈ ਖੇਡਾਂ ’ਚ ਮਹਿਲਾ ਹਾਕੀ ਦਾ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਟੀਮ 1998 ਤੇ 2018 ’ਚ ਫਾਈਨਲ ’ਚ ਪਹੁੰਚੀ ਸੀ ਪਰ ਕ੍ਰਮਵਾਰ ਦੱਖਣੀ ਕੋਰੀਆ ਤੇ ਜਾਪਾਨ ਤੋਂ ਹਾਰ ਕੇ ਚਾਂਦੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਸੀ।
ਲਾਲਰੇਮਸਿਆਮੀ ਨੇ ਦਿਵਾਈ ਬੜ੍ਹਤ ਲਾਲਰੇਮਸਿਆਮੀ ਨੇ ਆਪਣਾ 200ਵਾਂ ਮੈਚ ਖੇਡਦੇ ਹੋਏ 10ਵੇਂ ਮਿੰਟ ’ਚ ਸ਼ਾਨਦਾਰ ਰਿਵਰਸ ਸਟਿਕ ਸ਼ਾਟ ਨਾਲ ਭਾਰਤ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਗੋਲਕੀਪਰ ਬਿਚੂ ਦੇਵੀ ਦੇ ਸ਼ਾਨਦਾਰ ਸੇਵ ਤੇ ਭਾਰਤੀ ਡਿਫੈਂਸ ਦੇ ਜ਼ਬਰਦਸਤ ਪ੍ਰਦਰਸ਼ਨ ਨੇ ਚੀਨ ਨੂੰ ਬਰਾਬਰੀ ਦਾ ਕੋਈ ਮੌਕਾ ਨਹੀਂ ਦਿੱਤਾ। ਚੀਨ ਨੇ ਲਗਾਤਾਰ ਹਮਲੇ ਕੀਤੇ ਤੇ ਭਾਰਤ ਨੂੰ ਆਪਣੀ ਇਕ ਗੋਲ ਦੀ ਬੜ੍ਹਤ ਬਚਾਉਣ ਲਈ ਸਖ਼ਤ ਮਿਹਨਤ ਕਰਨੀ ਪਈ। ਭਾਰਤੀ ਖਿਡਾਰੀਆਂ ਨੇ ਗੋਲ ਨੂੰ ਬਚਾਉਣ ਲਈ ਆਪਣੇ ਸਰੀਰ ਨੂੰ ਵੀ ਜੋਖਮ ’ਚ ਪਾ ਦਿੱਤਾ ਤੇ ਅੰਤ ’ਚ ਇਤਿਹਾਸਕ ਜਿੱਤ ਦਰਜ ਕੀਤੀ। ਇਸ ਜਿੱਤ ਨੇ ਭਾਰਤ ਲਈ ਦੋ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ।
ਸਲੀਮਾ ਹੋ ਗਈ ਜ਼ਖਮੀ ਚੀਨ ਦੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਸਲੀਮਾ ਟੇਟੇ ਜ਼ਖਮੀ ਹੋ ਗਈ। ਮੈਦਾਨ ’ਤੇ ਖੂਨ ਡਿੱਗਣ ਤੋਂ ਬਾਅਦ ਗਰਾਊਂਡ ਸਟਾਫ ਨੂੰ ਸਫਾਈ ਕਰਨੀ ਪਈ। ਇਸ ਤੋਂ ਭਾਰਤੀ ਖਿਡਾਰੀਆਂ ਦੇ ਦ੍ਰਿੜ ਇਰਾਦੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇਕ ਗੋਲ ਦੀ ਬੜ੍ਹਤ ਨੂੰ ਬਚਾਉਣ ਲਈ ਹਰ ਚੁਣੌਤੀ ਦਾ ਸਾਹਮਣਾ ਕਰ ਰਹੇ ਸਨ।
ਫਾਈਨਲ ਮੈਚ ਇੱਕ ਘੰਟਾ ਦੇਰੀ ਨਾਲ ਸ਼ੁਰੂ ਫਾਈਨਲ ਮੈਚ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਦੋਵੇਂ ਟੀਮਾਂ ਦੀਆਂ ਬੱਸ ਹਾਦਸੇ ਕਾਰਨ ਟ੍ਰੈਫਿਕ ਜਾਮ ’ਚ ਫਸ ਗਈਆਂ। ਹਾਲਾਂਕਿ ਮੈਚ ਸ਼ੁਰੂ ਹੁੰਦੇ ਹੀ ਭਾਰਤ ਨੇ ਹਮਲਾਵਰ ਅੰਦਾਜ਼ ਦਿਖਾਇਆ ਤੇ ਸ਼ੁਰੂਆਤੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਚੀਨ ਦੇ ਹਰ ਹਮਲੇ ਦਾ ਜ਼ੋਰਦਾਰ ਸਾਹਮਣਾ ਕੀਤਾ।