ਏਸ਼ਿਆਈ ਖੇਡਾਂ : ਨੀਰਜ ਤੇ ਅੰਨੂ ਤੋਂ ਬਿਨਾਂ ਵੀ ਐਥਲੈਟਿਕਸ 'ਚ 30+ ਤਮਗਿਆਂ ਦੀ ਉਮੀਦ- ਅੰਜੂ ਬਾਬੀ ਜਾਰਜ
ਉਸ ਨੇ ਕਿਹਾ ਕਿ ਨੀਰਜ ਨੇ ਸੱਟ ਤੋਂ ਵਾਪਸੀ ਤੋਂ ਬਾਅਦ ਤਮਗੇ ਜਿੱਤਣੇ ਸ਼ੁਰੂ ਕਰ ਦਿੱਤੇ ਸਨ ਪਰ ਬਦਕਿਸਮਤੀ ਨਾਲ ਉਸ ਨੂੰ ਇਕ ਹੋਰ ਸੱਟ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਤਾਕਤ ਹੁਣ ਸਿਰਫ ਜੈਵਲਿਨ ਥ੍ਰੋਅਰ ਤੱਕ ਸੀਮਤ ਨਹੀਂ ਹੈ।
Publish Date: Sat, 19 Sep 2026 10:43 AM (IST)
Updated Date: Sat, 19 Sep 2026 10:51 AM (IST)
ਖੇਡ ਸੰਵਾਦਦਾਤਾ, ਨਵੀਂ ਦਿੱਲੀ : ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇ ਅੰਨੂ ਰਾਣੀ ਦੇ ਏਸ਼ੀਆਈ ਖੇਡਾਂ ਤੋਂ ਬਾਹਰ ਹੋਣ ਦੇ ਬਾਵਜੂਦ ਭਾਰਤ ਨੂੰ ਟਰੈਕ ਤੇ ਫੀਲਡ ’ਚ ਤਮਗੇ ਲਈ ਕਿਸੇ ਇੱਕ ਈਵੈਂਟ ’ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ। ਐਥਲੈਟਿਕਸ ਫੈੱਡਰੇਸ਼ਨ ਆਫ ਇੰਡੀਆ (ਏਐੱਫਆਈ) ਦੀ ਸੀਨੀਅਰ ਮੀਤ ਪ੍ਰਧਾਨ ਤੇ ਲੰਬੀ ਛਾਲ ਦੀ ਮਹਾਨ ਖਿਡਾਰੀ ਅੰਜੂ ਬਾਬੀ ਜਾਰਜ ਦਾ ਮੰਨਣਾ ਹੈ ਕਿ ਇਸ ਵਾਰ ਭਾਰਤ ਐਥਲੈਟਿਕਸ ਦੇ ਲਗਭਗ ਹਰ ਈਵੈਂਟ ’ਚ ਤਮਗੇ ਦਾ ਦਾਅਵਾ ਕਰ ਸਕਦਾ ਹੈ। ਇਸ ਵਾਰ ਭਾਰਤੀ ਟੀਮ ਐਥਲੈਟਿਕਸ ’ਚ 30 ਤੋਂ 32 ਤਮਗੇ ਜਿੱਤ ਸਕਦੀ ਹੈ।
ਅੰਜੂ ਨੇ ਦੈਨਿਕ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੈਵਲਿਨ ਥਰੋਅ ਈਵੈਂਟ ’ਚ ਨੀਰਜ ਤੇ ਅੰਨੂ ਦੋਵਾਂ ਦਾ ਨਾ ਹੋਣਾ ਯਕੀਨੀ ਤੌਰ ’ਤੇ ਵੱਡਾ ਝਟਕਾ ਹੈ। ਖਾਸ ਤੌਰ ’ਤੇ ਨੀਰਜ ਦੇ ਮਾਮਲੇ ’ਚ ਸੱਟ ਕਾਰਨ ਉਸ ਦਾ ਏਸ਼ੀਆਈ ਖੇਡਾਂ ਤੋਂ ਹਟਣਾ ਮੰਦਭਾਗਾ ਹੈ। ਉਸ ਨੇ ਕਿਹਾ ਕਿ ਨੀਰਜ ਨੇ ਸੱਟ ਤੋਂ ਵਾਪਸੀ ਤੋਂ ਬਾਅਦ ਤਮਗੇ ਜਿੱਤਣੇ ਸ਼ੁਰੂ ਕਰ ਦਿੱਤੇ ਸਨ ਪਰ ਬਦਕਿਸਮਤੀ ਨਾਲ ਉਸ ਨੂੰ ਇਕ ਹੋਰ ਸੱਟ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਤਾਕਤ ਹੁਣ ਸਿਰਫ ਜੈਵਲਿਨ ਥ੍ਰੋਅਰ ਤੱਕ ਸੀਮਤ ਨਹੀਂ ਹੈ। ਲੰਬੀ ਛਾਲ, ਉੱਚੀ ਛਾਲ, ਮੱਧ ਤੇ ਲੰਬੀ ਦੂਰੀ ਦੀ ਦੌੜ, ਸਟੀਪਲਚੇਜ਼ ਤੇ ਰਿਲੇਅ ’ਚ ਭਾਰਤੀ ਖਿਡਾਰੀਆਂ ਤੋਂ ਤਮਗੇ ਦੀ ਉਮੀਦ ਕੀਤੀ ਜਾਂਦੀ ਹੈ। ਜੇਕਰ ਭਾਰਤ ਨੂੰ ਐਥਲੈਟਿਕਸ ਦੇ 30 ਤੋਂ ਵੱਧ ਤਮਗੇ ਜਿੱਤਣ ਦੀ ਉਮੀਦ ਹੈ ਤਾਂ ਇਸ ਦਾ ਮਤਲਬ ਹੈ ਕਿ ਭਾਰਤੀ ਖਿਡਾਰੀ ਲਗਪਗ ਹਰ ਈਵੈਂਟ ’ਚ ਮਜ਼ਬੂਤ ਦਾਅਵੇਦਾਰ ਹਨ ਤੇ ਕੁਝ ਈਵੈਂਟਾਂ ’ਚ ਇਕ ਤੋਂ ਵੱਧ ਤਮਗੇ ਜਿੱਤਣ ਦੀ ਸੰਭਾਵਨਾ ਹੈ।
ਉੱਚੀ ਤੇ ਲੰਬੀ ਛਾਲ ’ਚ ਵੀ ਭਾਰਤੀ ਐਥਲੀਟ ਤਮਗੇ ਦੀ ਦੌੜ ਵਿੱਚ ਹਨ। ਮੱਧ ਤੇ ਲੰਬੀ ਦੂਰੀ ਦੇ ਮੁਕਾਬਲਿਆਂ ’ਚ ਗੁਲਵੀਰ ਸਿੰਘ, ਸਾਵਨ ਬਰਵਾਲ ਤੇ ਉਨ੍ਹਾਂ ਦੀ ਟੀਮ ਤੋਂ ਉਮੀਦਾਂ ਹਨ। ਅਵਿਨਾਸ਼ ਸਾਬਲ ਨੇ ਸਟੀਪਲਚੇਜ਼ ’ਚ ਵਾਪਸੀ ਕੀਤੀ ਹੈ। ਜੈਵਲਿਨ ਥਰੋਅ ’ਚ ਨੀਰਜ ਦੀ ਗੈਰ-ਮੌਜੂਦਗੀ ਦੇ ਬਾਵਜੂਦ ਯਸ਼ਵੀਰ ਤੇ ਰੋਹਿਤ ਭਾਰਤੀ ਚੁਣੌਤੀ ਪੇਸ਼ ਕਰਨਗੇ। ਅੰਜੂ ਨੇ ਵੀ ਰਿਲੇਅ ਟੀਮਾਂ ਨੂੰ ਤਮਗੇ ਲਈ ਅਹਿਮ ਉਮੀਦਾਂ ਦੱਸਿਆ।
ਅੰਜੂ ਨੇ ਕਿਹਾ ਕਿ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਸਾਲ ਦੀ ਸ਼ੁਰੂਆਤ ਵਿੱ’ ਵਿਸਤ੍ਰਿਤ ਯੋਜਨਾਬੰਦੀ ਕੀਤੀ ਗਈ ਸੀ। ਜਨਵਰੀ ’ਚ ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੇ ਸਬੰਧ ’ਚ ਇੱਕ ਮੀਟਿੰਗ ਹੋਈ ਸੀ, ਜਿਸ ’ਚ ਟੀਚਿਆਂ ਦੇ ਆਧਾਰ ’ਤੇ ਖਿਡਾਰੀਆਂ ਦੀ ਪਛਾਣ ਕਰਨ, ਉਨ੍ਹਾਂ ਦਾ ਸਮਰਥਨ ਕਰਨ ਤੇ ਉਨ੍ਹਾਂ ਦੀ ਤਿਆਰੀ ਨੂੰ ਯੋਜਨਾਬੱਧ ਢੰਗ ਨਾਲ ਅੱਗੇ ਵਧਾਉਣ ਦਾ ਕੰਮ ਕੀਤਾ ਗਿਆ ਸੀ। - ਏਸ਼ੀਅਨ ਖੇਡਾਂ ਦਾ ਪ੍ਰਸਾਰਣ ਸੋਨੀ ਸਪੋਰਟਸ ਨੈੱਟਵਰਕ ਤੇ ਸੋਨੀ ਲਿਵ ’ਤੇ ਹੋਵੇਗਾ।