- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੁਸ਼ੂ ਟੀਮ ’ਚ ਆਖਰੀ ਸਮੇਂ ’ਚ ਸ਼ਾਮਲ ਕੀਤਾ ਗਿਆ, ਤਿਆਰੀ ਲਈ ਵੀ ਕਾਫੀ ਸਮਾਂ ਨਹੀਂ ਸੀ ਪਰ ਮਨੀਪੁਰ ਦੀ ਨਾਓਰੇਮ ਰੋਸ਼ੀਬਿਨਾ ਦੇਵੀ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਵੱਡੇ ਮੰਚ 'ਤੇ ਤਜਰਬਾ ਤੇ ਜਜ਼ਬਾ ਕਿੰਨਾ ਮਹੱਤਵਪੂਰਨ ਹੁੰਦਾ ਹੈ। 25 ਸਾਲਾ ਵੁਸ਼ੂ ਖਿਡਾਰੀ ਨੇ ਵੀਰਵਾਰ ਨੂੰ ਏਸ਼ਿਆਈ ਖੇਡਾਂ ’ਚ ਲਗਾਤਾਰ ਤੀਜਾ ਮੈਡਲ ਜਿੱਤ ਕੇ ਇਤਿਹਾਸ ਰਚਿਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਵੁਸ਼ੂ ਟੀਮ ’ਚ ਆਖਰੀ ਸਮੇਂ ’ਚ ਸ਼ਾਮਲ ਕੀਤਾ ਗਿਆ, ਤਿਆਰੀ ਲਈ ਵੀ ਕਾਫੀ ਸਮਾਂ ਨਹੀਂ ਸੀ ਪਰ ਮਨੀਪੁਰ ਦੀ ਨਾਓਰੇਮ ਰੋਸ਼ੀਬਿਨਾ ਦੇਵੀ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਵੱਡੇ ਮੰਚ 'ਤੇ ਤਜਰਬਾ ਤੇ ਜਜ਼ਬਾ ਕਿੰਨਾ ਮਹੱਤਵਪੂਰਨ ਹੁੰਦਾ ਹੈ। 25 ਸਾਲਾ ਵੁਸ਼ੂ ਖਿਡਾਰੀ ਨੇ ਵੀਰਵਾਰ ਨੂੰ ਏਸ਼ਿਆਈ ਖੇਡਾਂ ’ਚ ਲਗਾਤਾਰ ਤੀਜਾ ਮੈਡਲ ਜਿੱਤ ਕੇ ਇਤਿਹਾਸ ਰਚਿਆ। ਹਾਲਾਂਕਿ, ਮਹਿਲਾਵਾਂ ਦੇ 60 ਕਿੱਲੋ ਵਰਗ ਦੇ ਫਾਈਨਲ ’ਚ ਚੀਨ ਦੀ ਸ਼ਿਆਓਯੂ ਝਾਂਗ ਤੋਂ 0-2 ਨਾਲ ਹਾਰ ਕਾਰਨ ਉਸਨੇ ਸਿਲਵਰ ਮੈਡਲ ਹਾਸਲ ਕੀਤਾ।
ਨਿਸ਼ਿਨ ਦੇ ਏਚੀ ਪ੍ਰੀਫੈਕਚਰਲ ਮਾਰਸ਼ਲ ਆਰਟਸ ਹਾਲ ’ਚ ਹੋਏ ਫਾਈਨਲ ’ਚ ਪੰਜਾਂ ਜੱਜਾਂ ਨੇ ਦੋਵੇਂ ਰਾਊਂਡਾਂ ’ਚ ਚੀਨੀ ਖਿਡਾਰੀ ਦੇ ਹੱਕ ’ਚ ਸਰਬਸੰਮਤੀ ਨਾਲ 5-0 ਦਾ ਫ਼ੈਸਲਾ ਦਿੱਤਾ। ਦੋ-ਦੋ ਮਿੰਟਾਂ ਦੇ ਦੋਵੇਂ ਰਾਊਂਡਾਂ ’ਚ ਝਾਂਗ ਨੇ ਸ਼ੁਰੂ ਤੋਂ ਹੀ ਆਕਰਸ਼ਕ ਰੁਖ਼ ਅਪਣਾਇਆ ਤੇ ਰੋਸ਼ੀਬਿਨਾ ਨੂੰ ਦਬਾਅ ’ਚ ਰੱਖਿਆ। ਪਹਿਲੇ ਰਾਊਂਡ ’ਚ ਪੰਜਾਂ ਜੱਜਾਂ ਦੇ ਸਕੋਰ ਝਾਂਗ ਦੇ ਹੱਕ ’ਚ 6-2, 6-3, 6-2, 6-2 ਤੇ 8-2 ਰਹੇ। ਦੂਜੇ ਰਾਊਂਡ ’ਚ ਚੀਨੀ ਖਿਡਾਰੀ ਨੇ ਹੋਰ ਵੀ ਵਧੀਆ ਪ੍ਰਦਰਸ਼ਨ ਕੀਤਾ। ਪੰਜਾਂ ਜੱਜਾਂ ਨੇ ਉਸ ਨੂੰ 10-2, 8-3, 7-3, 7-3 ਤੇ 6-1 ਨਾਲ ਅਗੇ ਵਧਾਇਆ। ਝਾਂਗ ਦੀ ਤੇਜ਼ ਸਾਈਡ-ਕਿਕ ਸਾਹਮਣੇ ਰੋਸ਼ੀਬਿਨਾ ਆਪਣੀ ਰਣਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕਰ ਸਕੀ।
ਰੋਸ਼ੀਬਿਨਾ ਦੀ ਇਸ ਪ੍ਰਾਪਤੀ ਦੀ ਕਹਾਣੀ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਹ ਮੂਲ ਰੂਪ ’ਤੇ ਭਾਰਤੀ ਟੀਮ ਦਾ ਹਿੱਸਾ ਨਹੀਂ ਸੀ। ਜੂਨ ’ਚ ਸ੍ਰੀਨਗਰ ’ਚ ਹੋਏ ਟ੍ਰਾਇਲ ’ਚ ਉਹ ਦਿਵਿਆਂਸ਼ੀ ਚੌਧਰੀ ਤੋਂ ਹਾਰ ਗਈ ਸੀ। ਇਸ ਤੋਂ ਬਾਅਦ ਦਿਵਿਆਂਸ਼ੀ ਨੂੰ ਏਸੀਐੱਲ ਸੱਟ ਕਾਰਨ ਟੀਮ ਤੋਂ ਹਟਣਾ ਪਿਆ ਤੇ 10 ਸਤੰਬਰ ਨੂੰ ਰੋਸ਼ੀਬਿਨਾ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ। ਰੋਸ਼ੀਬਿਨਾ ਨੇ ਦੱਸਿਆ ਕਿ ਉਸ ਨੂੰ ਏਸ਼ਿਆਈ ਖੇਡਾਂ ’ਚ ਸ਼ਾਮਲ ਹੋਣ ਦੀ ਜਾਣਕਾਰੀ ਮਿਲਣ 'ਤੇ ਸਿੱਧਾ ਮਨੀਪੁਰ ਤੋਂ ਜਾਪਾਨ ਆਉਣਾ ਪਿਆ ਤੇ ਤਿਆਰੀ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ। ਉਸਨੇ ਕਿਹਾ ਕਿ ਉਸਦੇ ਕੋਚ ਅਮਿਤ ਪਾਲ ਨੇ ਇਸ ਮੁਸ਼ਕਲ ਸਮੇਂ ’ਚ ਉਸਦਾ ਕਾਫੀ ਸਾਥ ਦਿੱਤਾ। ਫਾਈਨਲ ਤੋਂ ਬਾਅਦ ਰੋਸ਼ੀਬਿਨਾ ਨੇ ਕਿਹਾ ਕਿ ਉਹ ਫਿਰ ਸਿਲਵਰ ਹੀ ਜਿੱਤ ਸਕੀ ਤੇ ਦੇਸ਼ ਲਈ ਸੋਨੇ ਦਾ ਮੈਡਲ ਨਹੀਂ ਲਿਆ ਸਕਣ ’ਤੇ ਉਸ ਨੂੰ ਅਫ਼ਸੋਸ ਹੈ। ਉਸਨੇ ਕਿਹਾ ਕਿ ਉਹ ਆਪਣੀਆਂ ਗ਼ਲਤੀਆਂ ਤੋਂ ਸਿੱਖ ਕੇ ਆਉਣ ਵਾਲੇ ਮੁਕਾਬਲਿਆਂ ’ਚ ਭਾਰਤ ਲਈ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ।
ਪਿਤਾ ਨੇ ਤਿਆਰੀ ਲਈ ਵੇਚੀ ਜ਼ਮੀਨ : ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਕਵਾਸੀਫਾਈ ਮਾਯਾਈ ਲੀਕਾਈ ਦੀ ਰਹਿਣ ਵਾਲੀ ਰੋਸ਼ੀਬਿਨਾ ਲਈ ਇਹ ਸਫ਼ਰ ਆਸਾਨ ਨਹੀਂ ਰਿਹਾ। ਕਿਸਾਨ ਪਿਤਾ ਨਾਓਰੇਮ ਦਾਮੂ ਸਿੰਘ ਸ਼ੁਰੂ ’ਚ ਧੀ ਦੇ ਵੁਸ਼ੂ ਖੇਡਣ ਦੇ ਹੱਕ ’ਚ ਨਹੀਂ ਸਨ ਪਰ ਉਸਦੇ ਜਜ਼ਬੇ ਨੂੰ ਦੇਖ ਕੇ ਉਨ੍ਹਾਂ ਨੇ ਉਸਦਾ ਸਾਥ ਦਿੱਤਾ। ਸੀਮਤ ਵਿੱਤੀ ਸਾਧਨਾਂ ਦੇ ਬਾਵਜੂਦ ਉਨ੍ਹਾਂ ਰੋਸ਼ੀਬਿਨਾ ਦੀ ਤਿਆਰੀ ਤੇ ਯਾਤਰਾ ਦੇ ਖ਼ਰਚੇ ਲਈ ਆਪਣੀ ਜ਼ਮੀਨ ਦਾ ਇਕ ਹਿੱਸਾ ਵੀ ਵੇਚ ਦਿੱਤਾ।
ਕੋਚ ਨੇ ਵੀ ਤਿਆਰੀ ਦੀ ਕਮੀ ਮੰਨੀ : ਰੋਸ਼ੀਬਿਨਾ ਦੇ ਕੋਚ ਅਮਿਤ ਪਾਲ ਨੇ ਵੀ ਮੰਨਿਆ ਕਿ ਖਿਡਾਰੀ ਨੂੰ ਤਿਆਰੀ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਜੂਨ ਦੇ ਟ੍ਰਾਇਲ ’ਚ ਹਾਰਨ ਤੋਂ ਬਾਅਦ ਰੋਸ਼ੀਬਿਨਾ ਲਗਪਗ ਡੇਢ ਮਹੀਨੇ ਤੱਕ ਰਾਸ਼ਟਰੀ ਕੈਂਪ ਤੋਂ ਬਾਹਰ ਰਹੀ। ਦਿਵਿਆਂਸ਼ੀ ਦੀ ਸੱਟ ਤੋਂ ਬਾਅਦ 10 ਸਤੰਬਰ ਨੂੰ ਉਸ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਤੇ ਇਸ ਤੋਂ ਬਾਅਦ ਤਿਆਰੀ ਲਈ ਬਹੁਤ ਘੱਟ ਸਮਾਂ ਮਿਲਿਆ।
ਚੋਣ ਵਿਵਾਦ ’ਤੇ ਰੋਸ਼ੀਬਿਨਾ ਨੇ ਦਿੱਤੀ ਸਫ਼ਾਈ : ਵਿਵਾਦਾਂ ’ਚ ਘਿਰੀ ਆਪਣੀ ਚੋਣ ਨੂੰ ਸਹੀ ਸਾਬਤ ਕਰਨ ਵਾਲੀ ਭਾਰਤੀ ਵੁਸ਼ੂ ਖਿਡਾਰਨ ਰੋਸ਼ੀਬਿਨਾ ਦੇਵੀ ਨੇ ਸੱਟ ਕਾਰਨ ਬਾਹਰ ਕੀਤੀ ਗਈ ਖਿਡਾਰਨ ਦਿਵਿਆਂਸ਼ੀ ਚੌਧਰੀ ਦੀ ਗ਼ਲਤ ਚੋਣ ਦੇ ਦੋਸ਼ਾਂ ’ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਸਨੇ ਇਹ ਜ਼ਰੂਰ ਕਿਹਾ ਕਿ ਜੋ ਹੋਇਆ ਉਹ ਮੇਰੀ ਵਜ੍ਹਾ ਨਾਲ ਨਹੀਂ ਹੋਇਆ। ਇਹ ਐਸੋਸੀਏਸ਼ਨ ਦਾ ਫ਼ੈਸਲਾ ਸੀ। ਭਾਰਤੀ ਵੁਸ਼ੂ ਐਸੋਸੀਏਸ਼ਨ ਨੇ ਜੋ ਵੀ ਫ਼ੈਸਲਾ ਲਿਆ, ਮੈਨੂੰ ਲੱਗਦਾ ਹੈ ਕਿ ਉਹ ਸਹੀ ਸੀ। ਮੈਂ ਦੋਸ਼ ਨੂੰ ਨਜ਼ਰਅੰਦਾਜ਼ ਕਰਾਂਗੀ। ਮੈਂ ਸਿਰਫ਼ ਆਪਣੇ ਟੀਚੇ ’ਤੇ ਧਿਆਨ ਦੇਣਾ ਚਾਹੁੰਦੀ ਹਾਂ।