- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਤਵਿਕਸਾਈਰਾਜ ਰੰਕੀਰੇੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਹੀ ਚੀਨ ਖ਼ਿਲਾਫ਼ ਜਿੱਤ ਦਰਜ ਕਰਨ ’ਚ ਕਾਮਯਾਬ ਰਹੀ। ਆਖ਼ਰ ’ਚ ਹਰਿਹਰਨ ਤੇ ਅਰਜੁਨ ਦੀ ਜੋੜੀ ਵੀ ਮੁਕਾਬਲਾ ਹਾਰ ਗਈ, ਜਿਸ ਕਾਰਨ ਏਸ਼ੀਅਨ ਗੇਮਜ਼ 2026 ’ਚ ਭਾਰਤ ਦਾ ਸਫ਼ਰ ਸਮਾਪਤ ਹੋ ਗਿਆ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ ਬੁੱਧਵਾਰ ਨੂੰ ਏਸ਼ੀਅਨ ਗੇਮਜ਼ 2026 ਦੇ ਸੈਮੀਫਾਈਨਲ ’ਚ ਚੀਨ ਹੱਥੋਂ 1-3 ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੂੰ ਕਾਂਸੀ ਦੇ ਤਮਗੇ ਨਾਲ ਸੰਤੋਖ ਕਰਨਾ ਪਿਆ। ਹਾਲਾਂਕਿ, ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਏਸ਼ੀਅਨ ਗੇਮਜ਼ ’ਚ ਲਗਾਤਾਰ ਦੂਜੀ ਵਾਰ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਵੱਲੋਂ ਲਕਸ਼ਯ ਸੇਨ ਤੇ ਆਯੁਸ਼ ਸ਼ੈੱਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਿਰਫ਼ ਸਾਤਵਿਕਸਾਈਰਾਜ ਰੰਕੀਰੇੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਹੀ ਚੀਨ ਖ਼ਿਲਾਫ਼ ਜਿੱਤ ਦਰਜ ਕਰਨ ’ਚ ਕਾਮਯਾਬ ਰਹੀ। ਆਖ਼ਰ ’ਚ ਹਰਿਹਰਨ ਤੇ ਅਰਜੁਨ ਦੀ ਜੋੜੀ ਵੀ ਮੁਕਾਬਲਾ ਹਾਰ ਗਈ, ਜਿਸ ਕਾਰਨ ਏਸ਼ੀਅਨ ਗੇਮਜ਼ 2026 ’ਚ ਭਾਰਤ ਦਾ ਸਫ਼ਰ ਸਮਾਪਤ ਹੋ ਗਿਆ।
ਭਾਰਤ ਨੇ ਰਚਿਆ ਇਤਿਹਾਸ
ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ 40 ਸਾਲਾਂ ’ਚ ਪਹਿਲੀ ਵਾਰ ਏਸ਼ੀਅਨ ਗੇਮਜ਼ ’ਚ ਲਗਾਤਾਰ ਦੋ ਵਾਰ ਤਮਗੇ ਜਿੱਤੇ ਹਨ। ਭਾਰਤ ਨੇ 2023 ਦੀਆਂ ਹਾਂਗਝੋਊ ਏਸ਼ੀਅਨ ਗੇਮਜ਼ ’ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਉਸ ਸਮੇਂ ਫਾਈਨਲ ’ਚ ਭਾਰਤ ਨੂੰ ਚੀਨ ਹੱਥੋਂ ਹਾਰ ਮਿਲੀ ਸੀ। ਮੌਜੂਦਾ ਏਸ਼ੀਅਨ ਗੇਮਜ਼ ’ਚ ਵੀ ਭਾਰਤੀ ਟੀਮ ਚੀਨ ਦੀ ਰੁਕਾਵਟ ਪਾਰ ਕਰਨ ’ਚ ਨਾਕਾਮ ਰਹੀ ਤੇ ਉਸ ਨੂੰ ਕਾਂਸੀ ਦੇ ਤਮਗੇ ਨਾਲ ਸੰਤੋਖ ਕਰਨਾ ਪਿਆ।
ਲਕਸ਼ਯ ਨਾਕਾਮ, ਚਿਰਾਗ-ਰੰਕੀਰੇੱਡੀ ਦੀ ਸ਼ਾਨਦਾਰ ਜਿੱਤ
ਵਿਸ਼ਵ ਨੰਬਰ-14 ਲਕਸ਼ਯ ਸੇਨ ਦਾ ਸੈਮੀਫਾਈਨਲ ’ਚ ਸਾਹਮਣਾ ਵਿਸ਼ਵ ਨੰਬਰ-6 ਸ਼ੀ ਯੂ ਨਾਲ ਹੋਇਆ। ਭਾਰਤੀ ਸ਼ਟਲਰ ਨੇ ਸਖ਼ਤ ਮੁਕਾਬਲਾ ਕੀਤਾ, ਪਰ ਉਹ ਚੀਨੀ ਖਿਡਾਰੀ ਨੂੰ ਹਰਾਉਣ ’ਚ ਕਾਮਯਾਬ ਨਹੀਂ ਹੋ ਸਕੇ। ਲਕਸ਼ਯ ਨੇ ਇਹ ਮੁਕਾਬਲਾ 16-21, 18-21 ਨਾਲ ਗੁਆ ਦਿੱਤਾ, ਜਿਸ ਨਾਲ ਭਾਰਤ 0-1 ਨਾਲ ਪਿੱਛੇ ਹੋ ਗਿਆ। ਇਸ ਤੋਂ ਬਾਅਦ ਸਾਤਵਿਕਸਾਈਰਾਜ ਰੰਕੀਰੇੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਪੈਰਿਸ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਤੇ ਮੌਜੂਦਾ ਵਿਸ਼ਵ ਚੈਂਪੀਅਨ ਲਿਆਂਗ ਵੇਈ ਕੇਂਗ ਤੇ ਵਾਂਗ ਚਾਂਗ ਦੀ ਜੋੜੀ ਨੂੰ ਸਖ਼ਤ ਮੁਕਾਬਲੇ ’ਚ 21-11, 21-20 ਨਾਲ ਹਰਾ ਦਿੱਤਾ। ਭਾਰਤ ਨੇ ਆਈਚੀ-ਨਾਗੋਯਾ ਸਿਟੀ ਮਿਊਂਸਿਪਲ ਜਿਮਨੇਜ਼ੀਅਮ ’ਚ ਚੀਨ ਖ਼ਿਲਾਫ਼ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਸ਼ੈੱਟੀ ਨਹੀਂ ਦਿਖਾ ਸਕੇ ਆਪਣਾ ਜਲਵਾ
ਨੌਜਵਾਨ ਆਯੁਸ਼ ਸ਼ੈੱਟੀ ਤੋਂ ਭਾਰਤੀ ਪ੍ਰਸ਼ੰਸਕਾਂ ਨੂੰ ਕਾਫ਼ੀ ਉਮੀਦਾਂ ਸਨ। ਪਰ ਵਿਸ਼ਵ ਨੰਬਰ-20 ਆਯੁਸ਼ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ ਤੇ ਵਿਸ਼ਵ ਨੰਬਰ-12 ਲੀ ਸ਼ੀ ਫੇਂਗ ਹੱਥੋਂ 19-21, 13-21 ਨਾਲ ਮੈਚ ਹਾਰ ਗਏ। ਇਸ ਤਰ੍ਹਾਂ ਭਾਰਤ ਸੈਮੀਫਾਈਨਲ ’ਚ 1-2 ਨਾਲ ਪਿੱਛੇ ਹੋ ਗਿਆ। ਭਾਰਤ ਕੋਲ ਸਕੋਰ ਬਰਾਬਰ ਕਰਨ ਦਾ ਮੌਕਾ ਸੀ। ਅਜਿਹੇ ’ਚ ਸਾਰੀਆਂ ਉਮੀਦਾਂ ਹਰਿਹਰਨ ਅਮਸਕਰੁਣਨ ਤੇ ਐੱਮਆਰ ਅਰਜੁਨ ’ਤੇ ਟਿਕੀਆਂ ਸਨ, ਜਿਨ੍ਹਾਂ ਦਾ ਸਾਹਮਣਾ ਹੀ ਟਿੰਗ ਤੇ ਲਿਊ ਯੀ ਦੀ ਜੋੜੀ ਨਾਲ ਹੋਣਾ ਸੀ। ਭਾਰਤੀ ਜੋੜੀ ਨੇ ਸਖ਼ਤ ਮੁਕਾਬਲਾ ਕੀਤਾ, ਪਰ 16-21, 21-17, 9-21 ਨਾਲ ਮੁਕਾਬਲਾ ਗੁਆ ਬੈਠੀ। ਇਸ ਤਰ੍ਹਾਂ ਭਾਰਤ ਚੀਨ ਖ਼ਿਲਾਫ਼ 1-3 ਨਾਲ ਪਿੱਛੇ ਰਹਿ ਗਿਆ ਤੇ ਉਸ ਦਾ ਸਫ਼ਰ ਸਮਾਪਤ ਹੋ ਗਿਆ। ਚੀਨ ਨੇ ਜਿੱਤ ਦੇ ਨਾਲ ਫਾਈਨਲ ’ਚ ਜਗ੍ਹਾ ਬਣਾ ਲਈ।
40 ਸਾਲਾਂ ’ਚ ਪਹਿਲੀ ਵਾਰ
ਬਹਿਰਹਾਲ, ਭਾਰਤੀ ਪੁਰਸ਼ ਬੈਡਮਿੰਟਨ ਟੀਮ ਦੀ ਸ਼ਲਾਘਾ ਕਰਨੀ ਬਣਦੀ ਹੈ। ਟੀਮ ਨੇ 40 ਸਾਲਾਂ ’ਚ ਪਹਿਲੀ ਵਾਰ ਏਸ਼ੀਅਨ ਗੇਮਜ਼ ’ਚ ਲਗਾਤਾਰ ਦੋ ਵਾਰ ਤਮਗੇ ਜਿੱਤੇ ਹਨ। ਇਸ ਤੋਂ ਪਹਿਲਾਂ 1982 ਤੇ 1986 ਦੀਆਂ ਏਸ਼ੀਅਨ ਗੇਮਜ਼ ’ਚ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਕਾਂਸੀ ਦੇ ਤਮਗੇ ਜਿੱਤੇ ਸਨ।