ਏਸ਼ੀਅਨ ਗੇਮਜ਼ 2026: ਆਖਰੀ ਸਮੇਂ ’ਤੇ ਬਦਲਿਆ ਭਾਰਤ ਦਾ ਝੰਡਾ-ਬਰਦਾਰ, ਕਿੱਟ ਮਿਲਣ ’ਚ ਦੇਰੀ ਕਾਰਨ ਤੇਜਿੰਦਰਪਾਲ ਸਿੰਘ ਤੂਰ ਦਾ ਨਾਂ ਹਟਾਇਆ ਗਿਆ ਏਸ਼ੀਅਨ ਗੇਮਜ਼ 2026 ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੇ ਝੰਡਾਬਰਦਾਰ ਵਿੱਚ ਆਖਰੀ ਸਮੇਂ ’ਤੇ ਬਦਲਾਅ ਕੀਤਾ ਗਿਆ ਹੈ। ਤੇਜਿੰਦਰਪਾਲ ਸਿੰਘ ਤੂਰ ਦੀ ਥਾਂ ਹੁਣ ਕਬੱਡੀ ਖਿਡਾਰੀ ਪਵਨ ਸਹਿਰਾਵਤ ਮਨੂ ਭਾਕਰ ਦੇ ਨਾਲ ਭਾਰਤੀ ਦਲ ਦੀ ਅਗਵਾਈ ਕਰਨਗੇ, ਕਿਉਂਕਿ ਤੂਰ ਨੂੰ ਕਿੱਟ ਨਹੀਂ ਮਿਲ ਸਕੀ ਸੀ।
Publish Date: Sat, 19 Sep 2026 10:45 AM (IST)
Updated Date: Sat, 19 Sep 2026 12:15 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਜਾਪਾਨ ਦੇ ਆਇਚੀ-ਨਾਗੋਯਾ ’ਚ ਅੱਜ ਤੋਂ ਸ਼ੁਰੂ ਹੋ ਰਹੀਆਂ ਏਸ਼ੀਅਨ ਗੇਮਜ਼-2026 ਦੀ ਉਦਘਾਟਨੀ ਸਮਾਰੋਹ ’ਚ ਸਾਰੇ ਦੇਸ਼ਾਂ ਦੇ ਖਿਡਾਰੀ ਤੇ ਪ੍ਰਤੀਨਿਧੀ ਸ਼ਾਮਲ ਹੋਣਗੇ। ਇਸ ਸਮਾਰੋਹ ’ਚ ਭਾਰਤੀ ਦਲ ਦੀ ਅਗਵਾਈ ਮਨੂ ਭਾਕਰ ਤੇ ਤੇਜਿੰਦਰਪਾਲ ਸਿੰਘ ਤੂਰ ਨੇ ਕਰਨੀ ਸੀ, ਪਰ ਆਖਰੀ ਸਮੇਂ ’ਤੇ ਤੇਜਿੰਦਰਪਾਲ ਦਾ ਨਾਂ ਹਟਾ ਦਿੱਤਾ ਗਿਆ ਹੈ। ਹੁਣ ਉਹ ਮਨੂ ਭਾਕਰ ਦੇ ਨਾਲ ਭਾਰਤ ਦੇ ਝੰਡਾਬਰਦਾਰ ਨਹੀਂ ਹੋਣਗੇ। ਉਨ੍ਹਾਂ ਦੀ ਥਾਂ ਕਬੱਡੀ ਖਿਡਾਰੀ ਪਵਨ ਸਹਿਰਾਵਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਦਘਾਟਨੀ ਸਮਾਰੋਹ ’ਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਦੇ ਖਿਡਾਰੀ ਇਕੱਠੇ ਹੁੰਦੇ ਹਨ। ਇਨ੍ਹਾਂ ’ਚੋਂ ਚੁਣੇ ਗਏ ਦੋ ਖਿਡਾਰੀਆਂ ਨੂੰ ਆਪਣੇ ਦੇਸ਼ ਦਾ ਝੰਡਾ ਚੁੱਕ ਕੇ ਦਲ ਦੀ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ। ਇਹ ਜ਼ਿੰਮੇਵਾਰੀ ਦੋ ਓਲੰਪਿਕ ਤਮਗਾ ਜੇਤੂਆਂ ਮਨੂ ਭਾਕਰ ਤੇ ਤੇਜਿੰਦਰਪਾਲ ਸਿੰਘ ਤੂਰ ਨੂੰ ਸੌਂਪੀ ਗਈ ਸੀ।
ਇਸ ਕਾਰਨ ਹਟਾਇਆ ਗਿਆ ਤੇਜਿੰਦਰਪਾਲ ਦਾ ਨਾਂ ਹਾਲਾਂਕਿ, ਕੁਝ ਕਾਰਨਾਂ ਕਰਕੇ ਤੇਜਿੰਦਰਪਾਲ ਇਹ ਜ਼ਿੰਮੇਵਾਰੀ ਨਹੀਂ ਨਿਭਾ ਸਕਣਗੇ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਤੂਰ ਇਸ ਸਮੇਂ ਵੀ ਭਾਰਤ ਦੇ ਐਥਲੈਟਿਕਸ ਬੇਸ ਸੁਕੂਬਾ ’ਚ ਹੀ ਹਨ। ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਉਹ ਸ਼ਨੀਵਾਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਤੱਕ ਜਾਪਾਨ ਨਹੀਂ ਪਹੁੰਚ ਸਕਣਗੇ। ਦੋ ਵਾਰ ਦੇ ਏਸ਼ੀਅਨ ਗੇਮਜ਼ ਚੈਂਪੀਅਨ ਤੇਜਿੰਦਰਪਾਲ ਸਿੰਘ ਤੂਰ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਅਧਿਕਾਰਤ ਕਿੱਟ ਨਹੀਂ ਮਿਲੀ ਹੈ, ਜਿਸ ਕਾਰਨ ਉਹ ਖੇਡਾਂ ਲਈ ਰਵਾਨਾ ਨਹੀਂ ਹੋ ਸਕੇ ਹਨ।
ਇਹ ਮਾਮਲਾ ਉਦਘਾਟਨੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਸਾਹਮਣੇ ਆਇਆ ਹੈ। ਹੁਣ ਉਨ੍ਹਾਂ ਦੀ ਥਾਂ ਪਵਨ ਸਹਿਰਾਵਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਭਾਰਤੀ ਕਬੱਡੀ ਟੀਮ ਦਾ ਹਿੱਸਾ ਹਨ ਤੇ ਪਿਛਲੀਆਂ ਏਸ਼ੀਅਨ ਗੇਮਜ਼ ’ਚ ਆਪਣੀ ਟੀਮ ਨੂੰ ਸੋਨ ਤਮਗਾ ਦਿਵਾਉਣ ’ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ।
ਕਦੋਂ ਹੋਵੇਗਾ ਉਦਘਾਟਨੀ ਸਮਾਰੋਹ?
ਉਦਘਾਟਨੀ ਸਮਾਰੋਹ ਅੱਜ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ ਤੇ ਦੋ ਘੰਟਿਆਂ ਤੱਕ ਚੱਲੇਗਾ। ਇਸ ਨੂੰ ਸੋਨੀ ਸਪੋਰਟਸ ਨੈੱਟਵਰਕ ’ਤੇ ਦੇਖਿਆ ਜਾ ਸਕਦਾ ਹੈ। ਭਾਰਤ ਦੇ ਲਗਭਗ 500 ਖਿਡਾਰੀ 35 ਖੇਡਾਂ ’ਚ ਹਿੱਸਾ ਲੈਣਗੇ। ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਰਹਿਣ ਤੇ ਆਵਾਜਾਈ ਦੀਆਂ ਵਿਵਸਥਾਵਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦੇ ਵਿਚਕਾਰ ਖੇਡਾਂ ਸ਼ੁਰੂ ਹੋਣਗੀਆਂ।