Asian Games 2026 : ਭਾਰਤੀ ਮਹਿਲਾ ਹਾਕੀ ਟੀਮ ਦਾ ਧਮਾਕੇਦਾਰ ਪ੍ਰਦਰਸ਼ਨ, ਇੰਡੋਨੇਸ਼ੀਆ ਨੂੰ 17-1 ਨਾਲ ਰੌਂਦ ਕੇ ਦਰਜ ਕੀਤੀ ਦੂਜੀ ਜਿੱਤ
ਉਜ਼ਬੇਕਿਸਤਾਨ ਨੂੰ ਐਤਵਾਰ ਨੂੰ 19-0 ਨਾਲ ਹਰਾਉਣ ਤੋਂ ਬਾਅਦ ਭਾਰਤ ਨੇ ਮਜ਼ਬੂਤ ਸ਼ੁਰੁਆਤ ਕੀਤੀ। ਭਾਰਤ ਨੂੰ ਚੌਥੇ ਹੀ ਮਿੰਟ ’ਚ ਪੈਨਲਟੀ ਸਟ੍ਰੋਕ ਮਿਲਿਆ ਪਰ ਨਵਨੀਤ ਦੀ ਕੋਸ਼ਿਸ਼ ਨੂੰ ਇੰਡੋਨੇਸ਼ਿਆਈ ਗੋਲਕੀਪਰ ਨੇ ਰੋਕ ਦਿੱਤਾ। ਦੀਪਿਕਾ ਨੇ ਅੱਠਵੇਂ ਮਿੰਟ ’ਚ ਭਾਰਤ ਨੂੰ ਬੜ੍ਹਤ ਦਿਵਾਈ।
Publish Date: Tue, 22 Sep 2026 11:43 AM (IST)
Updated Date: Tue, 22 Sep 2026 11:47 AM (IST)
ਕਾਕਾਮਿਗਾਹਾਰਾ (ਪੀਟੀਆਈ) : ਡਰੈਗ ਫਲਿੱਕਰ ਦੀਪਿਕਾ, ਫਾਰਵਰਡ ਰੁਤੂਜਾ ਪਿਸਾਲ ਤੇ ਨਵਨੀਤ ਕੌਰ ਦੀ ਹੈਟ੍ਰਿਕ ਦੇ ਦਮ ’ਤੇ ਭਾਰਤੀ ਮਹਿਲਾ ਟੀਮ ਨੇ ਇੰਡੋਨੇਸ਼ੀਆ ਨੂੰ 17-1 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਪੂਲ-ਬੀ ’ਚ ਸੋਮਵਾਰ ਨੂੰ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਦੀਪਿਕਾ ਨੇ ਅੱਠਵੇਂ, 28ਵੇਂ ਤੇ 40ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਇਸ ਤੋਂ ਪਹਿਲਾਂ ਉਜ਼ਬੇਕਿਸਤਾਨ ਵਿਰੁੱਧ 19-0 ਨਾਲ ਮਿਲੀ ਜਿੱਤ ’ਚ ਦੀਪਿਕਾ ਨੇ ਅੱਠ ਗੋਲ ਕੀਤੇ ਸਨ। ਰੁਤੂਜਾ ਨੇ 15ਵੇਂ, 20ਵੇਂ ਤੇ 38ਵੇਂ ਮਿੰਟ ’ਚ ਗੋਲ ਕੀਤੇ। ਨਵਨੀਤ ਨੇ 35ਵੇਂ, 56ਵੇਂ ਤੇ 57ਵੇਂ ਮਿੰਟ ’ਚ ਗੋਲ ਕੀਤੇ। ਸੁਨੇਲਿਟਾ ਟੋਪੋ (11ਵੇਂ, 30ਵੇਂ), ਲਾਲਰੇਮਸਿਆਮੀ (12ਵੇਂ ਤੇ 16ਵੇਂ) ਤੇ ਸਾਕਸ਼ੀ ਰਾਣਾ (25ਵੇਂ ਤੇ 57ਵੇਂ) ਨੇ ਦੋ-ਦੋ ਗੋਲ ਕੀਤੇ, ਜਦਕਿ ਕਪਤਾਨ ਸਲੀਮਾ ਟੇਟੇ (35ਵੇਂ) ਤੇ ਇਸ਼ੀਕਾ ਚੌਧਰੀ (36ਵੇਂ) ਨੇ ਇਕ-ਇਕ ਗੋਲ ਕੀਤੇ। ਇੰਡੋਨੇਸ਼ੀਆ ਲਈ ਇਕਮਾਤਰ ਗੋਲ ਇਨੇਸ ਆਦਿੱਤਿਆ ਨੇ 32ਵੇਂ ਮਿੰਟ ’ਚ ਕੀਤਾ। ਭਾਰਤ ਦਾ ਸਾਹਮਣਾ ਬੁੱਧਵਾਰ ਨੂੰ ਥਾਈਲੈਂਡ ਨਾਲ ਹੋਵੇਗਾ। ਉਜ਼ਬੇਕਿਸਤਾਨ ਨੂੰ ਐਤਵਾਰ ਨੂੰ 19-0 ਨਾਲ ਹਰਾਉਣ ਤੋਂ ਬਾਅਦ ਭਾਰਤ ਨੇ ਮਜ਼ਬੂਤ ਸ਼ੁਰੁਆਤ ਕੀਤੀ। ਭਾਰਤ ਨੂੰ ਚੌਥੇ ਹੀ ਮਿੰਟ ’ਚ ਪੈਨਲਟੀ ਸਟ੍ਰੋਕ ਮਿਲਿਆ ਪਰ ਨਵਨੀਤ ਦੀ ਕੋਸ਼ਿਸ਼ ਨੂੰ ਇੰਡੋਨੇਸ਼ਿਆਈ ਗੋਲਕੀਪਰ ਨੇ ਰੋਕ ਦਿੱਤਾ। ਦੀਪਿਕਾ ਨੇ ਅੱਠਵੇਂ ਮਿੰਟ ’ਚ ਭਾਰਤ ਨੂੰ ਬੜ੍ਹਤ ਦਿਵਾਈ।
ਇਸਦੇ ਤਿੰਨ ਮਿੰਟਾਂ ਬਾਅਦ ਨੇਹਾ ਦੇ ਪਾਸ ’ਤੇ ਸੁਨੇਲਿਟਾ ਨੇ ਗੋਲ ਕੀਤਾ। ਦੋ ਮਿੰਟਾਂ ਬਾਅਦ ਪੈਨਲਟੀ ਕਾਰਨਰ ’ਤੇ ਦੀਪਿਕਾ ਦੀ ਫਲਿੱਕ ਇੰਡੋਨੇਸ਼ਿਆਈ ਗੋਲਕੀਪਰ ਨੇ ਬਚਾ ਲਈ, ਜਿਸ ਤੋਂ ਬਾਅਦ ਰਿਬਾਊਂਡ ’ਤੇ ਲਾਲਰੇਮਸਿਆਮੀ ਨੇ ਗੋਲ ਕੀਤਾ। ਰੁਤੂਜਾ ਨੇ ਸਾਕਸ਼ੀ ਰਾਣਾ ਦੀ ਕੋਸ਼ਿਸ਼ ਬਚਾ ਲਏ ਜਾਣ ਤੋਂ ਬਾਅਦ ਡਿਫਲੈਕਸ਼ਨ ’ਤੇ ਗੋਲ ਕੀਤਾ। ਇਕ ਮਿੰਟ ਬਾਅਦ ਲਾਲਰੇਮਸਿਆਮੀ ਨੇ ਤੇ ਫਿਰ ਰੁਤੂਜਾ ਨੇ ਗੋਲ ਕੀਤੇ। ਸਾਕਸ਼ੀ ਨੇ 27ਵੇਂ ਮਿੰਟ ’ਚ ਦੀਪਿਕਾ ਦੇ ਪੈਨਲਟੀ ਕਾਰਨਰ ਗੋਲ ਤੋਂ ਬਾਅਦ ਰਿਬਾਊਂਡ ’ਤੇ ਗੋਲ ਕੀਤਾ। ਸੁਨੇਲਿਟਾ ਨੇ ਇਸ ਤੋਂ ਬਾਅਦ ਪੈਨਲਟੀ ਕਾਰਨਰ ’ਤੇ ਨਵਨੀਤ ਦੀ ਹਿੱਟ ’ਤੇ ਗੇਂਦ ਗੋਲ ’ਚ ਪਾਈ। ਦੋ ਮਿੰਟਾਂ ਬਾਅਦ ਇੰਡੋਨੇਸ਼ੀਆ ਲਈ ਇਨੇਸ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ। ਭਾਰਤੀ ਕਪਤਾਨ ਸਲੀਮਾ ਨੇ ਇਸਦੇ ਤਿੰਨ ਮਿੰਟ ਬਾਅਦ ਗੋਲ ਕੀਤਾ। ਭਾਰਤੀ ਖਿਡਾਰੀਆਂ ਨੇ ਇੰਡੋਨੇਸ਼ੀਆ ਦੇ ਗ਼ੈਰ-ਤਜਰਬੇਕਾਰ ਡਿਫੈਂਸ ਦਾ ਪੂਰਾ ਫਾਇਦਾ ਲੈਂਦੇ ਹੋਏ ਲਗਾਤਾਰ ਗੋਲਾਂ ਦਾ ਸਿਲਸਿਲਾ ਜਾਰੀ ਰੱਖਿਆ।
ਵੱਡੀ ਜਿੱਤ ਦੇ ਇਰਾਦੇ ਨਾਲ ਉਤਰੇਗੀ ਮਰਦ ਟੀਮ ਕਾਕਾਮਿਗਾਹਾਰਾ (ਪੀਟੀਆਈ) : ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਸਾਬਕਾ ਚੈਂਪੀਅਨ ਭਾਰਤੀ ਟੀਮ ਮੰਗਲਵਾਰ ਨੂੰ ਏਸ਼ਿਆਈ ਖੇਡਾਂ ਦੀ ਮਰਦ ਹਾਕੀ ਮੁਕਾਬਲੇਬਾਜ਼ੀ ਦੇ ਪੂਲ-ਏ ਦੇ ਆਪਣੇ ਦੂਜੇ ਮੁਕਾਬਲੇ ’ਚ ਹੇਠਲੀ ਰੈਂਕਿੰਗ ਵਾਲੀ ਸ੍ਰੀਲੰਕਾ ਵਿਰੁੱਧ ਇਕ ਹੋਰ ਦਮਦਾਰ ਪ੍ਰਦਰਸ਼ਨ ਨਾਲ ਵੱਡੀ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ। ਸਾਬਕਾ ਚੈਂਪੀਅਨ ਭਾਰਤ ਨੇ ਐਤਵਾਰ ਨੂੰ ਕਮਜ਼ੋਰ ਮੰਨੀ ਜਾ ਰਹੀ ਇੰਡੋਨੇਸ਼ਿਆਈ ਟੀਮ ਨੂੰ 13-1 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਅਜਿਹੇ ’ਚ ਮੰਗਲਵਾਰ ਨੂੰ ਸ੍ਰੀਲੰਕਾ ਵਿਰੁੱਧ ਵੀ ਭਾਰਤੀ ਟੀਮ ਤੋਂ ਇਕਪਾਸੜ ਜਿੱਤ ਦੀ ਉਮੀਦ ਹੈ। ਇੰਡੋਨੇਸ਼ੀਆ ਵਿਰੁੱਧ ਭਾਰਤ ਦੀ ਜਿੱਤ ’ਚ ਅੱਠ ਖਿਡਾਰੀਆਂ ਨੇ ਗੋਲ ਕੀਤੇ ਸਨ। ਇਨ੍ਹਾਂ ’ਚ ਫਾਰਵਰਡ ਦਿਲਪ੍ਰੀਤ ਸਿੰਘ ਚਾਰ ਮੈਦਾਨੀ ਗੋਲਾਂ ਨਾਲ ਸਭ ਤੋਂ ਅੱਗੇ ਰਿਹਾ। ਭਾਰਤ ਦੀ 13-1 ਨਾਲ ਜਿੱਤ ’ਚ ਸਭ ਤੋਂ ਸਕਾਰਾਤਮਕ ਪੱਖ ਇਹ ਰਿਹਾ ਕਿ ਉਸਨੇ 10 ਮੈਦਾਨੀ ਗੋਲ ਕੀਤੇ। ਦਿਲਪ੍ਰੀਤ, ਸੁਖਜੀਤ, ਤਜਰਬੇਕਾਰ ਮਨਦੀਪ ਸਿੰਘ, ਅਭਿਸ਼ੇਕ, ਸ਼ਿਲਾਨੰਦ ਲਾਕੜਾ ਤੇ ਰਾਜਿੰਦਰ ਸਿੰਘ ਨੇ ਤਾਲਮੇਲ ਨਾਲ ਮੌਕੇ ਬਣਾਏ ਤੇ ਉਨ੍ਹਾਂ ਨੂੰ ਗੋਲ ’ਚ ਤਬਦੀਲ ਕਰ ਕੇ ਭਾਰਤੀ ਹਮਲੇ ਨੂੰ ਬੇਹੱਦ ਪ੍ਰਭਾਵਸ਼ਾਲੀ ਸਾਬਿਤ ਕੀਤਾ।