Asian Games 2026 : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਜ਼ਰ ਗੋਲਡ ਮੈਡਲ 'ਤੇ, ਫਾਈਨਲ 'ਚ ਸ੍ਰੀਲੰਕਾ ਨਾਲ ਹੋਵੇਗੀ ਟੱਕਰ
ਸ੍ਰੀਲੰਕਾ ਅਤੀਤ ’ਚ ਭਾਰਤ ਨੂੰ ਹਰਾ ਚੁੱਕਾ ਹੈ ਪਰ ਹਾਲ ਹੀ ਦੇ ਸਾਲਾਂ ’ਚ ਭਾਰਤ ਤੇ ਹੋਰਨਾਂ ਏਸ਼ਿਆਈ ਟੀਮਾਂ ਵਿਚਾਲੇ ਅੰਤਰ ਵਧਿਆ ਹੈ। ਕਪਤਾਨ ਚਮਾਰੀ ਅੱਟਾਪੱਟੂ ਦੀ 50 ਗੇਂਦਾਂ ’ਚ 82 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸ੍ਰੀਲੰਕਾ ਨੇ ਪਾਕਿਸਤਾਨ ਵਿਰੁੱਧ ਚੁਣੌਤੀਪੂਰਣ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ
Publish Date: Tue, 22 Sep 2026 11:37 AM (IST)
Updated Date: Tue, 22 Sep 2026 11:42 AM (IST)
ਨਿਸ਼ਿਨ (ਜਾਪਾਨ), ਪੀਟੀਆਈ : ਭਾਰਤ ਦਾ ਏਸ਼ਿਆਈ ਖੇਡਾਂ ’ਚ ਮਹਿਲਾ ਕ੍ਰਿਕਟ ’ਚ ਦਬਦਬਾ ਕਾਇਮ ਰਹਿਣ ਦੀ ਉਮੀਦ ਹੈ ਪਰ ਮੰਗਲਵਾਰ ਨੂੰ ਹੋਣ ਵਾਲੇ ਫਾਈਨਲ ’ਚ ਸ੍ਰੀਲੰਕਾ ਦੀ ਟੀਮ ਸਾਬਕਾ ਚੈਂਪੀਅਨ ਨੂੰ ਸਖ਼ਤ ਚੁਣੌਤੀ ਦੇਣ ਦੇ ਇਰਾਦੇ ਨਾਲ ਉਤਰੇਗੀ। ਭਾਰਤੀ ਮਹਿਲਾ ਤੇ ਮਰਦ ਦੋਵਾਂ ਟੀਮਾਂ ਦੇ ਇਕ ਵਾਰ ਫਿਰ ਪੋਡੀਅਮ ਦੇ ਸਿਖਰ ’ਤੇ ਪੁੱਜਣ ਦੀ ਉਮੀਦ ਹੈ ਤੇ ਬੇਹੱਦ ਖ਼ਰਾਬ ਪ੍ਰਦਰਸ਼ਨ ਹੀ ਉਸ ਨੂੰ ਗੋਲਡ ਮੈਡਲ ਤੋਂ ਰੋਕ ਸਕਦਾ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਜਾਪਾਨ ਤੇ ਬੰਗਲਾਦੇਸ਼ ਵਿਰੁੱਧ ਸ਼ਾਨਦਾਰ ਜਿੱਤ ਦਰਜ ਕਰ ਕੇ ਫਾਈਨਲ ’ਚ ਥਾਂ ਬਣਾਈ ਹੈ। ਮੰਗਲਵਾਰ ਨੂੰ ਗੋਲਡ ਮੈਡਲ ਜਿੱਤਣ ’ਤੇ ਭਾਰਤ ਖੇਤਰ ’ਚ ਆਪਣੀ ਬਾਦਸ਼ਾਹਤ ਹੋਰ ਮਜ਼ਬੂਤ ਕਰੇਗੀ। ਭਾਰਤ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਏਸ਼ੀਆ ਕੱਪ ਦੇ ਫਾਈਨਲ ’ਚ ਵੀ ਸ੍ਰੀਲੰਕਾ ਨੂੰ ਹਰਾਇਆ ਸੀ। ਸ੍ਰੀਲੰਕਾ ਅਤੀਤ ’ਚ ਭਾਰਤ ਨੂੰ ਹਰਾ ਚੁੱਕਾ ਹੈ ਪਰ ਹਾਲ ਹੀ ਦੇ ਸਾਲਾਂ ’ਚ ਭਾਰਤ ਤੇ ਹੋਰਨਾਂ ਏਸ਼ਿਆਈ ਟੀਮਾਂ ਵਿਚਾਲੇ ਅੰਤਰ ਵਧਿਆ ਹੈ। ਕਪਤਾਨ ਚਮਾਰੀ ਅੱਟਾਪੱਟੂ ਦੀ 50 ਗੇਂਦਾਂ ’ਚ 82 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਸ੍ਰੀਲੰਕਾ ਨੇ ਪਾਕਿਸਤਾਨ ਵਿਰੁੱਧ ਚੁਣੌਤੀਪੂਰਣ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ।
ਭਾਰਤੀ ਟੀਮ ਸ਼ਾਨਦਾਰ ਫਾਰਮ ’ਚ ਭਾਰਤ ਵਰਗੀ ਮਜ਼ਬੂਤ ਟੀਮ ਨੂੰ ਹਰਾਉਣ ਲਈ ਸ੍ਰੀਲੰਕਾ ਨੂੰ ਅਜਿਹੇ ਹੀ ਕੁਝ ਬਿਹਤਰੀਨ ਪ੍ਰਦਰਸ਼ਨਾਂ ਦੀ ਲੋੜ ਹੈ। ਭਾਰਤੀ ਟੀਮ ਸਾਰੇ ਵਿਭਾਗਾਂ ’ਚ ਸ਼ਾਨਦਾਰ ਫਾਰਮ ’ਚ ਹੈ। ਸ਼ੁਰੂਆਤੀ ਬੱਲੇਬਾਜ਼, ਖਾਸ ਕਰਕੇ ਸ਼ੈਫਾਲੀ ਵਰਮਾ ਸ਼ਾਨਦਾਰ ਫਾਰਮ ’ਚ ਹੈ, ਜਦਕਿ ਟੀਮ ਮੈਨੇਜਮੈਂਟ ਤੀਜੇ ਨੰਬਰ ਦੇ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਲਗਾਤਾਰ ਐਕਸਪੈਰੀਮੈਂਟ ਕਰ ਰਹੀ ਹੈ। ਬੰਗਲਾਦੇਸ਼ ਵਿਰੁੱਧ ਸੈਮੀਫਾਈਨਲ ’ਚ ਜੀ ਕਮਾਲਿਨੀ ਨੂੰ ਤੀਜੇ ਨੰਬਰ ’ਤੇ ਉਤਾਰਇਆ ਗਿਆ ਸੀ, ਜਦਕਿ ਜਾਪਾਨ ਵਿਰੁੱਧ ਇਸੇ ਸਥਾਨ ’ਤੇ ਭਾਰਤੀ ਫੁਲਮਾਲੀ ਨੂੰ ਅਜ਼ਮਾਇਆ ਗਿਆ ਸੀ। ਟੂਰਨਾਮੈਂਟ ’ਚ ਹੁਣ ਤੱਕ ਵੱਡੀ ਪਾਰੀ ਖੇਡਣ ’ਚ ਨਾਕਾਮ ਰਹੀ ਕਮਾਲਿਨੀ ਨੇ ਕੁਆਰਟਰ ਫਾਈਨਲ ’ਚ ਸ਼ੈਫਾਲੀ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਸੀ। ਕਪਤਾਨ ਹਰਮਨਪ੍ਰੀਤ ਕੌਰ ਏਸ਼ੀਆ ਕੱਪ ’ਚ ਆਪਣੀ ਸਰਬੋਤਮ ਫਾਰਮ ’ਚ ਨਹੀਂ ਸੀ ਤੇ ਉਸਦੇ ਪ੍ਰਸ਼ੰਸਕਾਂ ਨੂੰ ਉਮੀਦ ਹੋਵੇਗੀ ਕਿ ਅਹਿਮ ਫਾਈਨਲ ’ਚ ਉਹ ਆਪਣੀ ਪੁਰਾਣੀ ਲੈਅ ਹਾਸਲ ਕਰੇਗੀ।
ਸਪਿਨ ਗੇਂਦਬਾਜ਼ੀ ਦਾ ਦਬਦਬਾ ਪਹਿਲੇ ਦੋ ਮੁਕਾਬਲਿਆਂ ਨੂੰ ਦੇਖਦੇ ਹੋਏ ਭਾਰਤ ਲਈ ਜ਼ਿਆਦਾਤਰ ਵਿਕਟਾਂ ਸਪਿਨ ਗੇਂਦਬਾਜ਼ਾਂ ਨੇ ਲਈਆਂ ਹਨ ਤੇ ਫਾਈਨਲ ’ਚ ਵੀ ਇਹ ਸਿਲਸਿਲਾ ਜਾਰੀ ਰਹਿਣ ਦੀ ਉਮੀਦ ਹੈ। ਦੀਪਤੀ ਸ਼ਰਮਾ ਸ਼ਾਨਦਾਰ ਫਾਰਮ ’ਚ ਹੈ ਤੇ ਉਸ ਨੂੰ ਸ਼੍ਰੀਚਰਨੀ ਦਾ ਚੰਗਾ ਸਾਥ ਮਿਲ ਰਿਹਾ ਹੈ। ਤੇਜ਼ ਗੇਂਦਬਾਜ਼ੀ ਵਿਭਾਗ ’ਚ ਨੰਦਨੀ ਸ਼ਰਮਾ ਨੇ ਪ੍ਰਭਾਵਿਤ ਕੀਤਾ ਹੈ।
ਇਸ ਤਰ੍ਹਾਂ ਹਨ ਟੀਮਾਂ ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੀ ਕਮਾਲਿਨੀ, ਰਿਚਾ ਘੋਸ਼, ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਸ਼੍ਰੀਚਰਨੀ, ਨੰਦਿਨੀ ਸ਼ਰਮਾ, ਕ੍ਰਾਂਤੀ ਗੌੜ, ਰੇਣੁਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ ਤੇ ਰਾਧਾ ਯਾਦਵ।
ਸ੍ਰੀਲੰਕਾ : ਚਮਾਰੀ ਅੱਟਾਪੱਟੂ (ਕਪਤਾਨ), ਇਮੇਸ਼ਾ ਦੁਲਾਨੀ, ਹਸਿਨੀ ਪਰੇਰਾ, ਹਰਸ਼ਿਤਾ ਸਮਰਵਿਕ੍ਰਮਾ, ਕਵਿਸ਼ਾ ਦਿਲਹਾਰੀ, ਹੰਸਿਮਾ ਕਰੁਣਾਰਤਨੇ, ਕੌਸ਼ਾਨੀ ਨੁਥਿਆਂਗਨਾ, ਮਿਤਾਲੀ ਅਯੋਧਿਆ, ਕਾਵਿਆ ਕਵਿੰਦੀ, ਚਾਮੁਡੀ ਪ੍ਰਬੋਦਾ, ਸੁਗੰਧਿਕਾ ਕੁਮਾਰੀ, ਰਸ਼ਮਿਕਾ ਸੇਵਾਂਡੀ, ਨਿਮਾਸ਼ਾ ਮੀਪਾਗੇ, ਸੰਜਨਾ ਕਾਵਿੰਦੀ ਤੇ ਅਨੁਸ਼ਕਾ ਸੰਜੀਵਨੀ।
ਭਾਰਤ ਬਨਾਮ ਸ੍ਰੀਲੰਕਾ ਸਥਾਨ : ਨਿਸ਼ਿਨ
ਸਮਾਂ : ਸਵੇਰੇ 10:30 ਵਜੇ ਤੋਂ
ਪ੍ਰਸਾਰਣ : ਸੋਨੀ ਸਪੋਰਟਸ ਨੈੱਟਵਰਕ/ਸੋਨੀ ਲਿਵ