ਏਸ਼ਿਆਈ ਖੇਡਾਂ 2026: ਨਾਗੋਆ 'ਚ ਨਵਾਂ ਇਤਿਹਾਸ ਰਚਣ ਲਈ ਤਿਆਰ ਭਾਰਤ, 100 ਤੋਂ ਵੱਧ ਤਮਗਿਆਂ ਦੀ ਸਫਲਤਾ ਦੋਹਰਾਉਣ 'ਤੇ ਨਜ਼ਰਾਂ
ਬੈਡਮਿੰਟਨ ’ਚ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ ਤੋਂ ਵੱਡੀਆਂ ਉਮੀਦਾਂ ਹਨ। ਹਾਂਗਝੂ 'ਚ ਇਤਿਹਾਸਕ ਸਫਲਤਾ ਤੋਂ ਬਾਅਦ ਹੁਣ ਉਸ ਦੀ ਨਜ਼ਰ ਪੁਰਸ਼ ਡਬਲਜ਼ ’ਚ ਭਾਰਤ ਦੇ ਪਹਿਲੇ ਏਸ਼ੀਆਈ ਖੇਡਾਂ ਦੇ ਸੋਨ ਤਮਗੇ ’ਤੇ ਹੋਵੇਗੀ। ਪੀਵੀ ਸਿੰਧੂ ਤੇ ਉਭਰਦੀ ਖਿਡਾਰਨ ਉਨਤੀ ਹੁੱਡਾ ਦਾ ਤਜਰਬਾ ਵੀ ਟੀਮ ਦੀਆਂ ਉਮੀਦਾਂ ਨੂੰ ਮਜ਼ਬੂਤ ਕਰੇਗਾ। ਹਾਕੀ ’ਚ ਪੁਰਸ਼ ਟੀਮ ਡਿਫੈਂਡਿੰਗ ਚੈਂਪੀਅਨ ਹੈ
Publish Date: Sat, 19 Sep 2026 11:06 AM (IST)
Updated Date: Sat, 19 Sep 2026 11:11 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਤਿੰਨ ਸਾਲ ਪਹਿਲਾਂ ਚੀਨ ਦੇ ਹਾਂਗਝੂ ’ਚ ਭਾਰਤ ਨੇ ਏਸ਼ੀਆਈ ਖੇਡਾਂ ’ਚ 28 ਸੋਨ ਤਮਗਿਆਂ ਸਮੇਤ 106 ਤਮਗੇ ਜਿੱਤ ਕੇ ਇਤਿਹਾਸ ਰਚਿਆ ਸੀ। ਜਾਪਾਨ ਦੇ ਆਇਚੀ-ਨਾਗੋਆ ’ਚ ਅੱਜ ਤੋਂ ਸ਼ੁਰੂ ਹੋ ਰਹੀਆਂ 20ਵੀਆਂ ਏਸ਼ੀਆਈ ਖੇਡਾਂ ’ਚ ਹੁਣ ਸਾਡੇ ਐਥਲੀਟ ਇੱਕ ਨਵਾਂ ਅਧਿਆਏ ਲਿਖਣ ਲਈ ਤਿਆਰ ਹਨ। ਅਗਲੇ 15 ਦਿਨ ਸਿਰਫ਼ ਖੇਡ ਮੈਚਾਂ ਦੇ ਹੀ ਨਹੀਂ, ਸਗੋਂ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ, ਸੁਪਨਿਆਂ ਤੇ ਜਜ਼ਬਾਤਾਂ ਦੇ ਹੋਣਗੇ। ਹਰ ਤਮਗੇ ਨਾਲ ਦੇਸ਼ ਦਾ ਦਿਲ ਤੇਜ਼ ਧੜਕੇਗਾ, ਹਰ ਜਿੱਤ ਨਾਲ ਚਿਹਰੇ ’ਤੇ ਮੁਸਕਰਾਹਟ ਹੋਵੇਗੀ ਤੇ ਜਦੋਂ ਤਿਰੰਗਾ ਮੰਚ ਦੇ ਸਿਖਰ ’ਤੇ ਲਹਿਰਾਏਗਾ ਤਾਂ 140 ਕਰੋੜ ਭਾਰਤੀਆਂ ਦੀ ਛਾਤੀ ਮਾਣ ਨਾਲ ਫੁੱਲ ਜਾਵੇਗੀ। ਹਾਂਗਝੂ ’ਚ ਇਤਿਹਾਸ ਰਚਿਆ ਗਿਆ ਸੀ,… ਹੁਣ ਵਾਰੀ ਹੈ ਉਸ ਇਤਿਹਾਸ ਨੂੰ ਆਇਚੀ-ਨਾਗੋਆ ’ਚ ਹੋਰ ਸੁਨਹਿਰੀ ਬਣਾਉਣ ਦੀ, ਕਿਉਂਕਿ ਇਸ ਵਾਰ ਵੀ ਦਿਲ ਤੋਂ ਆਵੇਗਾ-ਯੇ ਦਿਲ ਮਾਂਗੇ ਮੋਰ!
ਟ੍ਰੈਕ ਤੇ ਫੀਲਡ ਵਿੱਚ ਉਮੀਦਾਂ: ਤਜਿੰਦਰਪਾਲ ਸਿੰਘ ਤੂਰ ਪੁਰਸ਼ਾਂ ਦੇ ਸ਼ਾਟਪੁੱਟ ’ਚ ਲਗਾਤਾਰ ਤੀਜੀ ਵਾਰ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ਲਈ ਉੱਤਰਨਗੇ। ਲੰਬੀ ਛਾਲ ’ਚ ਮੁਰਲੀ ਸ੍ਰੀਸ਼ੰਕਰ, ਲੰਬੀ ਛਾਲ ’ਚ ਗੁਲਵੀਰ ਸਿੰਘ, ਜੈਵਲਿਨ ’ਚ ਰੋਹਿਤ ਯਾਦਵ, ਡੇਕਾਥਲੋਨ ’ਚ ਤੇਜਸਵਿਨ ਸ਼ੰਕਰ, ਔਰਤਾਂ ਦੀ ਲੰਬੀ ਛਾਲ ’ਚ ਅੰਸੀ ਸੋਜਨ, ਉੱਚੀ ਛਾਲ ’ਚ ਸਰਵੇਸ਼ ਕੁਸ਼ਾਰੇ, 100 ਮੀਟਰ ਅੜਿੱਕਾ ਦੌੜ ’ਚ ਜੋਤੀ ਯਾਰਾਜੀ ਤੇ ਤੀਹਰੀ ਛਾਲ ’ਚ ਪ੍ਰਵੀਨ ਚਿਤਰਾਵੇਲ ਤੋਂ ਵੀ ਉਮੀਦਾਂ ਹਨ। ਐਥਲੈਟਿਕਸ ’ਚ ਹਾਂਗਝੂ ’ਚ 6 ਸੋਨੇ ਸਮੇਤ 29 ਤਮਗੇ ਜਿੱਤੇ ਸਨ ਤੇ ਇਸ ਵਾਰ ਵੀ ਇਸ ਤੋਂ ਵੱਡੇ ਯੋਗਦਾਨ ਦੀ ਉਮੀਦ ਹੈ।
ਕ੍ਰਿਕਟ 'ਚ ਖਿਤਾਬ ਬਚਾਉਣ ਦੀ ਚੁਣੌਤੀ ਨਾਗੋਆ ’ਚ ਵੀ ਕ੍ਰਿਕਟ ਖਿੱਚ ਦਾ ਕੇਂਦਰ ਰਹੇਗਾ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਖਿਤਾਬ ਦਾ ਬਚਾਅ ਕਰਨ ਲਈ ਉਤਰੇਗੀ। ਲਾਸ ਏਂਜਲਸ ਉਲੰਪਿਕ 2028 ’ਚ ਕ੍ਰਿਕਟ ਦੀ ਐਂਟਰੀ ਦੇ ਮੱਦੇਨਜ਼ਰ ਇਨ੍ਹਾਂ ਖੇਡਾਂ ਨੂੰ ਮਹਿਲਾ ਕ੍ਰਿਕਟ ਦੀ ਵੱਡੀ ਤਿਆਰੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਪੁਰਸ਼ ਟੀਮ ਵੀ ਪਿਛਲੀ ਵਾਰ ਦਾ ਸੋਨ ਤਮਗਾ ਬਰਕਰਾਰ ਰੱਖਣਾ ਚਾਹੇਗੀ। ਹਾਂਗਝੂ ’ਚ ਅਫਗਾਨਿਸਤਾਨ ਖਿਲਾਫ ਫਾਈਨਲ ਮੀਂਹ ਕਾਰਨ ਧੋਤਾ ਗਿਆ ਤੇ ਭਾਰਤ ਨੂੰ ਬਿਹਤਰ ਰੈਂਕਿੰਗ ਦੇ ਆਧਾਰ ’ਤੇ ਜੇਤੂ ਐਲਾਨ ਦਿੱਤਾ ਗਿਆ।
ਬੈਡਮਿੰਟਨ, ਹਾਕੀ, ਬਾਕਸਿੰਗ ਤੇ ਕਬੱਡੀ ਵੀ ਤਿਆਰ ਬੈਡਮਿੰਟਨ ’ਚ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈਟੀ ਤੋਂ ਵੱਡੀਆਂ ਉਮੀਦਾਂ ਹਨ। ਹਾਂਗਝੂ 'ਚ ਇਤਿਹਾਸਕ ਸਫਲਤਾ ਤੋਂ ਬਾਅਦ ਹੁਣ ਉਸ ਦੀ ਨਜ਼ਰ ਪੁਰਸ਼ ਡਬਲਜ਼ ’ਚ ਭਾਰਤ ਦੇ ਪਹਿਲੇ ਏਸ਼ੀਆਈ ਖੇਡਾਂ ਦੇ ਸੋਨ ਤਮਗੇ ’ਤੇ ਹੋਵੇਗੀ। ਪੀਵੀ ਸਿੰਧੂ ਤੇ ਉਭਰਦੀ ਖਿਡਾਰਨ ਉਨਤੀ ਹੁੱਡਾ ਦਾ ਤਜਰਬਾ ਵੀ ਟੀਮ ਦੀਆਂ ਉਮੀਦਾਂ ਨੂੰ ਮਜ਼ਬੂਤ ਕਰੇਗਾ। ਹਾਕੀ ’ਚ ਪੁਰਸ਼ ਟੀਮ ਡਿਫੈਂਡਿੰਗ ਚੈਂਪੀਅਨ ਹੈ ਤੇ ਸੋਨ ਤਮਗੇ ਦੇ ਨਾਲ ਲਾਸ ਏਂਜਲਸ ਉਲੰਪਿਕ ਦੀ ਸਿੱਧੀ ਟਿਕਟ ਹਾਸਲ ਕਰਨਾ ਚਾਹੇਗੀ। ਮਹਿਲਾ ਟੀਮ ਇਸ ਵਾਰ ਹਾਂਗਝੂ ਦੇ ਚਾਂਦੀ ਦੇ ਤਮਗੇ ਨੂੰ ਸੋਨੇ ’ਚ ਬਦਲਣ ਦੀ ਕੋਸ਼ਿਸ਼ ਕਰੇਗੀ। ਮੁੱਕੇਬਾਜ਼ੀ ’ਚ ਰਾਸ਼ਟਰਮੰਡਲ ਖੇਡਾਂ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਮੁੱਕੇਬਾਜ਼ ਆਤਮ-ਵਿਸ਼ਵਾਸ ਨਾਲ ਭਰੇ ਹੋਏ ਹਨ। ਮਹਿਲਾਵਾਂ ਤੋਂ ਖਾਸ ਉਮੀਦਾਂ ਹਨ, ਉਥੇ ਹੀ ਪੁਰਸ਼ ਵਰਗ ਵੀ ਮੈਡਲ ਸੂਚੀ ’ਚ ਅਹਿਮ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੇਗਾ। ਕਬੱਡੀ 'ਚ ਵੀ ਭਾਰਤ ਦੀਆਂ ਨਜ਼ਰਾਂ ਸੋਨੇ ’ਤੇ ਹੋਣਗੀਆਂ। ਹਾਂਗਝੂ ’ਚ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਟੀਮ ਇਕ ਵਾਰ ਫਿਰ ਮਜ਼ਬੂਤ ਦਾਅਵੇਦਾਰ ਬਣ ਕੇ ਉਭਰੇਗੀ। ਤੀਰਅੰਦਾਜ਼ੀ ਵੀ ਮੈਡਲ ਮੁਹਿੰਮ ’ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।
ਨੰਬਰ ਦੀ ਖੇਡ - 17,000 ਐਥਲੀਟ ਤੇ ਅਧਿਕਾਰੀ ਹਿੱਸਾ ਲੈ ਰਹੇ ਹਨ ਏਸ਼ੀਆਈ ਖੇਡਾਂ-2026 ’ਚ, ਜਾਪਾਨ ਤੀਸਰੀ ਵਾਰ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ 1958 ’ਚ ਟੋਕੀਓ ਤੇ 1994 ’ਚ ਹੀਰੋਸ਼ੀਮਾ ’ਚ ਇਸ ਸਮਾਗਮ ਦਾ ਆਯੋਜਨ ਕੀਤਾ ਸੀ।
- 1951 ’ਚ ਹੋਈਆਂ ਪਹਿਲੀਆਂ ਏਸ਼ੀਆਈ ਖੇਡਾਂ ’ਚ 11 ਦੇਸ਼ਾਂ ਨੇ ਹਿੱਸਾ ਲਿਆ ਸੀ।
- 1982 ਤੋਂ ਏਸ਼ੀਆਈ ਖੇਡਾਂ ਦੇ ਹਰ ਐਡੀਸ਼ਨ ’ਚ ਤਮਗਿਆਂ ਦੀ ਸੂਚੀ ’ਚ ਚੀਨ ਟਾਪ ’ਤੇ ਰਿਹਾ ਹੈ। ਹਾਂਗਝੂ ’ਚ ਮੇਜ਼ਬਾਨ ਦੇਸ਼ ਨੇ ਰਿਕਾਰਡਤੋੜ 201 ਸੋਨ ਤਮਗੇ ਹਾਲ ਕੀਤੇ। ਜਾਪਾਨ 52 ਤਮਗਿਆਂ ਨਾਲ ਦੂਜੇ ਸਥਾਨ ਤੇ ਦੱਖਣੀ ਕੋਰੀਆ 42 ਤਮਗਿਆਂ ਨਾਲ ਤੀਜੇ ਸਥਾਨ ’ਤੇ ਰਿਹਾ।
- 106 ਤਮਗਿਆਂ ਨਾਲ ਪਿਛਲੀਆਂ ਏਸ਼ੀਆਈ ਖੇਡਾਂ ’ਚ ਭਾਰਤ ਤਗ਼ਮਾ ਸੂਚੀ ’ਚ ਚੌਥੇ ਸਥਾਨ ’ਤੇ ਰਿਹਾ ਸੀ। 28 ਸੋਨੇ ਸਮੇਤ 38 ਚਾਂਦੀ ਤੇ 40 ਕਾਂਸੀ ਦੇ ਤਮਗੇ ਜਿੱਤੇ ਸਨ।
ਇਹ ਖੇਡਾਂ ਪਹਿਲੀ ਵਾਰ ਸ਼ਾਮਲ ਕੀਤੀਆਂ - ਮਿਕਸਡ ਮਾਰਸ਼ਲ ਆਰਟਸ, ਪੈਡਲ, ਸਰਫਿੰਗ, ਵਰਚੁਅਲ ਤਾਈਕਵਾਂਡੋ ਤੇ ਟੇਕਬਾਲ ਵਰਗੀਆਂ ਨਵੀਆਂ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ, ਜਦੋਂ ਕਿ ਸ਼ਤਰੰਜ ਤੇ ਡਰੈਗਨ ਬੋਟ ਰੇਸਿੰਗ ਨੂੰ ਹਟਾ ਦਿੱਤਾ ਗਿਆ ਹੈ।
ਅਵਿਵਸਥਾਵਾਂ ਵਿਚਾਲੇ ਝੰਡਾ ਲਹਿਰਾਉਣ ਦੇ ਸਮਾਰੋਹ ’ਚ 1 ਘੰਟੇ ਤੋਂ ਵੱਧ ਦੀ ਦੇਰੀ ਨਾਗੋਆ: ਭਾਰਤ ਸਮੇਤ 6 ਦੇਸ਼ਾਂ ਦੇ ਦਲਾਂ ਦੇ ਝੰਡਾ ਲਹਿਰਾਉਣ ਦੇ ਸਮਾਰੋਹ ’ਚ ਇੱਕ ਘੰਟੇ ਤੋਂ ਵੱਧ ਦੀ ਦੇਰੀ ਨੇ ਸਮਾਗਮ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ੁੱਕਰਵਾਰ ਨੂੰ ਗਾਰਡਨ ਪੀਅਰ ’ਤੇ ਹੋਣ ਵਾਲੇ ਸਮਾਰੋਹ ’ਚ ਸ਼ੁਰੂ ’ਚ ਇਕ ਘੰਟਾ ਦੀ ਦੇਰੀ ਹੋਈ ਪਰ ਬਾਅਦ 'ਚ ਸਾਰੇ 6 ਦਲਾਂ ਨੂੰ ਸਟੇਜ ’ਤੇ ਆਉਣ ਤੋਂ ਰੋਕ ਦਿੱਤਾ ਗਿਆ ਤੇ ਵਾਪਸ ਰੈਸਟ ਏਰੀਆ ’ਚ ਭੇਜ ਦਿੱਤਾ ਗਿਆ। ਆਯੋਜਕਾਂ ਨੇ ਸ਼ੁਰੂ ’ਚ ਕਿਹਾ ਕਿ ਇੱਕ ਟੀਮ ’ਚ "ਸਮੱਸਿਆ" ਸੀ, ਪਰ ਬਾਅਦ ’ਚ ਉਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਤੇ ਸਥਾਨਕ ਪ੍ਰਬੰਧਕੀ ਕਮੇਟੀ ਵਿਚਕਾਰ ਦੇਰੀ ਲਈ ਗਲਤ ਸੰਚਾਰ ਨੂੰ ਜ਼ਿੰਮੇਵਾਰ ਠਹਿਰਾਇਆ। ਭਾਰਤ ਦੇ ਮਿਸ਼ਨ ਚੀਫ਼ ਸਹਿਦੇਵ ਯਾਦਵ ਦੇ ਨਾਲ ਚਾਰ ਡਿਪਟੀ ਮਿਸ਼ਨ ਚੀਫ਼ ਸ਼ਰਤ ਕਮਲ, ਲੀਜੋ ਡੇਵਿਡ ਥੋਟਨ, ਅਲਕਨੰਦਾ ਅਸ਼ੋਕ ਤੇ ਅੰਜਲੀ ਭਾਗਵਤ ਵੀ ਮੌਜੂਦ ਸਨ। ਹਾਲਾਂਕਿ, ਯਮਨ, ਉੱਤਰੀ ਕੋਰੀਆ, ਫਲਸਤੀਨ, ਭਾਰਤ, ਚੀਨੀ ਤਾਈਪੇ ਤੇ ਤਿਮੋਰ-ਲੇਸਟੇ ਦੀਆਂ ਟੀਮਾਂ ਨੂੰ ਸਟੇਜ ਲੈਣ ਤੋਂ ਪਹਿਲਾਂ ਰੋਕ ਦਿੱਤਾ ਗਿਆ ਸੀ।
ਸਮਾਰੋਹ ਸਥਾਨਕ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਣਾ ਸੀ, ਜਦੋਂ ਸਮਾਰੋਹ ਸ਼ੁਰੂ ਹੋਇਆ ਤਾਂ ਭਾਰਤ ਦੀ ਤਰਫੋਂ ਸਾਬਕਾ ਨਿਸ਼ਾਨੇਬਾਜ਼ ਅੰਜਲੀ ਭਾਗਵਤ ਤੇ ਸਾਬਕਾ ਐਥਲੀਟ ਲੀਜੋ ਡੇਵਿਡ ਥੋਟਨ ਸਟੇਜ ’ਤੇ ਪਹੁੰਚੇ। ਖੇਡ ਮੰਤਰੀ ਮਨਸੁਖ ਮਾਂਡਵੀਆ ਤੇ ਆਈਓਏ ਪ੍ਰਧਾਨ ਪੀਟੀ ਊਸ਼ਾ ਵੀ ਕੁਝ ਸਮੇਂ ਲਈ ਉੱਥੇ ਮੌਜੂਦ ਸਨ।