Asian Games 2026 : ਅੰਕੁਸ਼ ਤੇ ਪਰਵੀਨ ਫਾਈਨਲ 'ਚ ਪੁੱਜੇ, ਨਰਿੰਦਰ ਨੂੰ ਮਿਲਿਆ ਕਾਂਸੀ ਦਾ ਤਮਗਾ
ਅੰਕੁਸ਼ ਨੇ 80 ਕਿੱਲੋ ਭਾਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੌਜੂਦਾ 75 ਕਿੱਲੋ ਵਰਗ ਦੇ ਵਿਸ਼ਵ ਚੈਂਪੀਅਨ ਉਜ਼ਬੇਕਿਸਤਾਨ ਦੇ ਫਜ਼ਲਿਦਿਨ ਇਰਕਿਨਬੋਵ ਨੂੰ 4-1 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਅੰਕੁਸ਼ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ
Publish Date: Wed, 30 Sep 2026 11:29 AM (IST)
Updated Date: Wed, 30 Sep 2026 11:33 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅੰਕੁਸ਼ ਪੰਘਾਲ ਨੇ ਏਸ਼ਿਆਈ ਖੇਡਾਂ 2026 ਦੀ ਮਰਦ ਮੁੱਕੇਬਾਜ਼ੀ ਮੁਕਾਬਲੇਬਾਜ਼ੀ ਦੇ ਫਾਈਨਲ ’ਚ ਐਂਟਰੀ ਕਰ ਕੇ ਅੱਠ ਸਾਲਾਂ ਦੀ ਉਡੀਕ ਖ਼ਤਮ ਕਰ ਦਿੱਤੀ। ਉਹ ਇਸ ਦੌਰਾਨ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਹੈ। ਉਥੇ ਹੀ, ਪਰਵੀਨ ਹੁੱਡਾ ਨੇ ਮਹਿਲਾਵਾਂ ਦੀ 65 ਕਿੱਲੋ ਦੇ ਫਾਈਨਲ ’ਚ ਥਾਂ ਬਣਾਈ ਹੈ। ਹਾਲਾਂਕਿ, ਨਰਿੰਦਰ ਬਰਵਾਲ ਨੂੰ 90+ ਕਿੱਲੋ ਦੇ ਸੈਮੀਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਕਾਂਸੀ ਤਮਗੇ ਨਾਲ ਪਰਤੇਗਾ।
ਅੰਕੁਸ਼ ਨੇ 80 ਕਿੱਲੋ ਭਾਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੌਜੂਦਾ 75 ਕਿੱਲੋ ਵਰਗ ਦੇ ਵਿਸ਼ਵ ਚੈਂਪੀਅਨ ਉਜ਼ਬੇਕਿਸਤਾਨ ਦੇ ਫਜ਼ਲਿਦਿਨ ਇਰਕਿਨਬੋਵ ਨੂੰ 4-1 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ ਦੇ ਗੋਲਡ ਮੈਡਲ ਜੇਤੂ ਅੰਕੁਸ਼ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਇਹ ਜਿੱਤ ਹਾਸਲ ਕੀਤੀ। ਫਾਈਨਲ ’ਚ ਉਸਦਾ ਸਾਹਮਣਾ ਦੱਖਣੀ ਕੋਰੀਆ ਦੇ ਕਿਮ ਮਿਨਸਿਓਂਗ ਨਾਲ ਹੋਵੇਗਾ। ਇਸ ਤੋਂ ਪਹਿਲਾਂ 2018 ’ਚ ਅਮਿਤ ਪੰਘਾਲ ਨੇ 49 ਕਿੱਲੋ ਵਰਗ ਦਾ ਗੋਲਡ ਮੈਡਲ ਜਿੱਤਿਆ ਸੀ। ਨਰਿੰਦਰ ਨੂੰ ਕਜ਼ਾਕਿਸਤਾਨ ਦੇ ਅਈਬੇਕ ਓਰਲਬੇ ਨੇ 5-0 ਨਾਲ ਹਰਾ ਕੇ ਕਾਂਸੀ ਤਮਗੇ ਨਾਲ ਸਬਰ ਕਰਨ ’ਤੇ ਮਜਬੂਰ ਕਰ ਦਿੱਤਾ। ਇਹ ਨਰਿੰਦਰ ਦਾ ਏਸ਼ਿਆਈ ਖੇਡਾਂ ’ਚ ਦੂਜਾ ਮੈਡਲ ਹੈ, ਉਸਨੇ 2023 ਹਾਂਗਝੂ ਖੇਡਾਂ ’ਚ ਵੀ ਪੋਡੀਅਮ ਤੱਕ ਪੁੱਜਣ ਦਾ ਮਾਣ ਹਾਸਲ ਕੀਤਾ ਸੀ। ਮਹਿਲਾਵਾਂ ਦੇ ਮੁਕਾਬਲੇ ’ਚ ਪਰਵੀਨ ਏਸ਼ਿਆਈ ਖੇਡਾਂ ਦੀ ਮੁੱਕੇਬਾਜ਼ੀ ਦੇ ਫਾਈਨਲ ’ਚ ਪਹੁੰਚਣ ਵਾਲੀ ਤੀਜੀ ਭਾਰਤੀ ਮਹਿਲਾ ਬਣੀ। 2014 ’ਚ ਐੱਮਸੀ ਮੈਰੀਕਾਮ ਨੇ ਗੋਲਡ ਮੈਡਲ ਜਿੱਤਿਆ ਸੀ, ਜਦਕਿ ਲਵਲੀਨਾ ਬੋਰਗੋਹਾਈਨ ਨੇ ਪਿਛਲੇ ਐਡੀਸ਼ਨ ’ਚ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ। ਪਰਵੀਨ ਨੇ ਪਿਛਲੇ ਐਡੀਸ਼ਨ ’ਚ ਕਾਂਸੀ ਤਮਗਾ ਜਿੱਤਿਆ ਸੀ ਪਰ ਡੋਪ ਟੈਸਟ ’ਚ ਅਸਫਲ ਹੋਣ ਕਾਰਨ ਉਸ ’ਤੇ 22 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ।
ਸਾਇਕਲਿੰਗ ਟੀਮ ਬਾਹਰ ਭਾਰਤੀ ਟਰੈਕ ਸਾਈਕਲਿੰਗ ਟੀਮਾਂ ਏਸ਼ਿਆਈ ਖੇਡਾਂ ਦੀ ਮੈਡਲ ਦੌੜ ਤੋਂ ਬਾਹਰ ਹੋ ਗਈਆਂ ਹਨ। ਮਰਦ ਤੇ ਮਹਿਲਾਵਾਂ ਦੇ ਟੀਮ ਸਪ੍ਰਿੰਟ ਇਵੈਂਟ ’ਚ ਭਾਰਤੀ ਟੀਮਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾਵਾਂ ਦੀ ਟੀਮ ਸਪ੍ਰਿੰਟ ’ਚ ਭਾਰਤੀ ਚੌਕੜੀ ਨੇ 50.431 ਸਕਿੰਟਾਂ ਦਾ ਸਮਾਂ ਕੱਢਿਆ, ਜਦਕਿ ਚਾਈਨੀਜ਼ ਤਾਈਪੇ ਦੀ ਟੀਮ ਨੇ 49.504 ਸਕਿੰਟਾਂ ਦਾ ਸਮਾਂ ਕੱਢ ਕੇ ਕਾਂਸੀ ਤਮਗੇ ਦੀ ਰੇਸ ’ਚ ਥਾਂ ਬਣਾਈ।
ਕਯਾਕ ਟੀਮ ਸੈਮੀਫਾਈਨਲ ’ਚ ਭਾਰਤੀ ਕਨੋਈ ਸਲਾਲੋਮ ਪੈਡਲਰਜ਼ ਨੇ ਮਰਦਾਂ ਦੀ ਕਯਾਕ ਸਿੰਗਲ, ਮਹਿਲਾਵਾਂ ਦੀ ਕਯਾਕ ਸਿੰਗਲ ਤੇ ਮਹਿਲਾਵਾਂ ਦੀ ਕਨੋਈ ਸਿੰਗਲ ਦੇ ਸੈਮੀਫਾਈਨਲ ’ਚ ਥਾਂ ਬਣਾਈ। ਹਿਤੇਸ਼ ਕੇਵਟ ਤੇ ਪ੍ਰਦਿਊਮਨ ਸਿੰਘ ਰਾਠੌੜ ਨੇ ਲੜੀਵਾਰ ਅੱਠਵੇਂ ਤੇ ਦਸਵੇਂ ਸਥਾਨ ’ਤੇ ਰਹਿੰਦੇ ਹੋਏ ਸੈਮੀਫਾਈਨਲ ’ਚ ਐਂਟਰੀ ਕੀਤੀ। ਮਹਿਲਾਵਾਂ ਦੀ ਕਯਾਕ ਸਿੰਗਲ ’ਚ ਸ਼ਿਖਾ ਚੌਹਾਨ ਨੇ ਵੀ ਸੈਮੀਫਾਈਨਲ ’ਚ ਥਾਂ ਬਣਾਈ।