Asian Games 2026 : ਮਹਿਲਾਵਾਂ ਤੋਂ ਬਾਅਦ ਪੁਰਸ਼ ਨਿਸ਼ਾਨੇਬਾਜ਼ਾਂ ਨੇ ਕਰਵਾਈ ਭਾਰਤ ਦੀ ਚਾਂਦੀ, 10 ਮੀਟਰ ਏਅਰ ਰਾਈਫਲ 'ਚ ਜਿੱਤਿਆ ਮੈਡਲ
ਭਾਰਤੀ ਟੀਮ ਨੇ ਕੁੱਲ 1890.1 ਅੰਕ ਹਾਸਲ ਕੀਤੇ। ਚੀਨ ਦੇ ਸ਼ੇਂਗ ਲਿਹਾਓ, ਮਾ ਸਿਹਾਨ ਅਤੇ ਝਾਂਗ ਚਾਂਗਹੋਂਗ ਨੇ ਕੁੱਲ 1899.0 ਅੰਕ ਬਣਾ ਕੇ ਕੁਆਲੀਫਿਕੇਸ਼ਨ ਦੌਰ ਵਿੱਚ ਵਿਸ਼ਵ ਰਿਕਾਰਡ ਕਾਇਮ ਕੀਤਾ। ਕੋਰੀਆ 1841.4 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ।
Publish Date: Mon, 21 Sep 2026 11:42 AM (IST)
Updated Date: Mon, 21 Sep 2026 11:47 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਈਚੀ-ਨਾਗੋਯਾ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ 2026 ਦੇ ਦੂਜੇ ਦਿਨ ਭਾਰਤ ਨੇ ਇੱਕ ਹੋਰ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ ਹੈ। ਇਹ ਤਗਮਾ ਵੀ ਨਿਸ਼ਾਨੇਬਾਜ਼ੀ ਖੇਡ ਵਿੱਚੋਂ ਹੀ ਮਿਲਿਆ ਹੈ। ਜਿੱਥੇ ਪਹਿਲੇ ਦਿਨ ਮਹਿਲਾਵਾਂ ਨੇ ਭਾਰਤ ਲਈ ਤਗਮੇ ਜਿੱਤੇ ਸਨ, ਉੱਥੇ ਦੂਜੇ ਦਿਨ ਪੁਰਸ਼ ਨਿਸ਼ਾਨੇਬਾਜ਼ਾਂ ਨੇ ਇਹ ਕਾਰਨਾਮਾ ਕਰ ਦਿਖਾਇਆ। ਹਿਮਾਂਸ਼ੂ ਢਿੱਲੋਂ, ਪਾਰਥ ਮਾਨੇ ਅਤੇ ਰੁਦ੍ਰਾਂਕਸ਼ ਪਾਟਿਲ ਦੀ ਟੀਮ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਭਾਰਤੀ ਟੀਮ ਨੇ ਕੁੱਲ 1890.1 ਅੰਕ ਹਾਸਲ ਕੀਤੇ। ਚੀਨ ਦੇ ਸ਼ੇਂਗ ਲਿਹਾਓ, ਮਾ ਸਿਹਾਨ ਅਤੇ ਝਾਂਗ ਚਾਂਗਹੋਂਗ ਨੇ ਕੁੱਲ 1899.0 ਅੰਕ ਬਣਾ ਕੇ ਕੁਆਲੀਫਿਕੇਸ਼ਨ ਦੌਰ ਵਿੱਚ ਵਿਸ਼ਵ ਰਿਕਾਰਡ ਕਾਇਮ ਕੀਤਾ। ਕੋਰੀਆ 1841.4 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ।
ਰੁਦ੍ਰਾਂਕਸ਼ ਤੇ ਢਿੱਲੋਂ ਦਾ ਸ਼ਾਨਦਾਰ ਪ੍ਰਦਰਸ਼ਨ
ਰੁਦ੍ਰਾਂਕਸ਼ ਅਤੇ ਢਿੱਲੋਂ ਨੇ ਵਿਅਕਤੀਗਤ ਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ। ਦੋਵੇਂ ਨਿਸ਼ਾਨੇਬਾਜ਼ ਅੱਜ ਬਾਅਦ ਵਿੱਚ ਵਿਅਕਤੀਗਤ ਮੁਕਾਬਲੇ ਵਿੱਚ ਹਿੱਸਾ ਲੈਣਗੇ। ਕੁਆਲੀਫਿਕੇਸ਼ਨ ਦੌਰ ਵਿੱਚ ਰੁਦ੍ਰਾਂਕਸ਼ 631.8 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਇਸ ਦੇ ਨਾਲ ਹੀ ਢਿੱਲੋਂ ਅਤੇ ਮਾਨੇ ਕ੍ਰਮਵਾਰ 630 ਅਤੇ 628.3 ਅੰਕਾਂ ਨਾਲ ਸੱਤਵੇਂ ਅਤੇ ਦਸਵੇਂ ਸਥਾਨ 'ਤੇ ਰਹੇ। ਲਿਹਾਓ 635.4 ਅੰਕਾਂ ਨਾਲ ਸਿਖਰ 'ਤੇ ਰਿਹਾ ਅਤੇ ਉਸਨੇ ਏਸ਼ੀਆਈ ਖੇਡਾਂ ਦੇ ਕੁਆਲੀਫਿਕੇਸ਼ਨ ਦਾ ਰਿਕਾਰਡ ਬਣਾਇਆ। ਸਿਹਾਨ (ਦੂਜਾ) ਅਤੇ ਚਾਂਗਹੋਂਗ (ਪੰਜਵਾਂ) ਨੇ ਵੀ ਚੋਟੀ ਦੇ ਅੱਠ ਵਿੱਚ ਆਪਣੀ ਜਗ੍ਹਾ ਬਣਾਈ। ਹਾਲਾਂਕਿ, ਚਾਂਗਹੋਂਗ ਵਿਅਕਤੀਗਤ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕਿਆ ਕਿਉਂਕਿ ਫਾਈਨਲ ਵਿੱਚ ਇੱਕ ਦੇਸ਼ ਦੇ ਸਿਰਫ਼ ਦੋ ਨਿਸ਼ਾਨੇਬਾਜ਼ਾਂ ਨੂੰ ਹੀ ਹਿੱਸਾ ਲੈਣ ਦੀ ਇਜਾਜ਼ਤ ਹੁੰਦੀ ਹੈ।
ਮਹਿਲਾਵਾਂ ਨੇ ਪਹਿਲਾਂ ਜਿੱਤੇ ਸਨ ਤਗਮੇ ਇਸ ਤੋਂ ਪਹਿਲਾਂ, ਐਤਵਾਰ ਨੂੰ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਦੋ ਚਾਂਦੀ ਦੇ ਤਗਮੇ ਜਿੱਤ ਕੇ ਏਸ਼ੀਆਈ ਖੇਡਾਂ ਵਿੱਚ ਆਪਣੇ ਤਗਮਿਆਂ ਦਾ ਖਾਤਾ ਖੋਲ੍ਹਿਆ ਸੀ। ਏਲਾਵੇਨਿਲ ਵਾਲਾਰੀਵਾਨ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕੁੱਲ 252.4 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ, ਭਾਰਤ ਨੇ ਮਹਿਲਾ ਟੀਮ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ।