- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸਦੀ ਮਾਂ ਤਾਨੀ ਵਢੇਰਾ ਸਿੰਘ ਨੇ ਧੀ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਅਨਾਹਤ ਨੂੰ ਬਚਪਨ ਤੋਂ ਹੀ ਖੇਡਾਂ ’ਚ ਕਾਫੀ ਦਿਲਚਸਪੀ ਸੀ। ਉਹ ਸਕੂਲ ’ਚ ਲਗਪਗ ਹਰ ਖੇਡ ’ਚ ਹਿੱਸਾ ਲੈਂਦੀ ਸੀ। ਸ਼ੁਰੂਆਤ ’ਚ ਅਨਾਹਤ ਦਾ ਝੁਕਾਅ ਬੈਡਮਿੰਟਨ ਵੱਲ ਸੀ।

ਸ਼ੇਖਰ ਝਾਅ, ਪੰਜਾਬੀ ਜਾਗਰਣ, ਨਵੀਂ ਦਿੱਲੀ : ਆਇਚੀ-ਨਾਗੋਯਾ ’ਚ ਕਰਵਾਈਆਂ ਜਾ ਰਹੀਆਂ ਏਸ਼ਿਆਈ ਖੇਡਾਂ ’ਚ ਭਾਰਤੀ ਨੌਜਵਾਨ ਸਕੁਐਸ਼ ਖਿਡਾਰੀ ਅਨਾਹਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾ ਸਿੰਗਲਜ਼ ’ਚ ਸਿਲਵਰ ਮੈਡਲ ਆਪਣੇ ਨਾਂ ਕੀਤਾ। 18 ਸਾਲ ਦੀ ਅਨਾਹਤ ਨੂੰ ਐਤਵਾਰ ਨੂੰ ਫਾਈਨਲ ਮੁਕਾਬਲੇ ’ਚ ਮਲੇਸ਼ੀਆ ਦੀ ਸ਼ਿਵਾਸਾਂਗਰੀ ਸੁਬਰਾਮਣੀਅਮ ਖ਼ਿਲਾਫ਼ 4-11, 4-11, 7-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਨਾਹਤ ਦੀ ਇਸ ਸਫਲਤਾ ਦੇ ਪਿੱਛੇ ਉਸਦੇ ਪਰਿਵਾਰ ਦੇ ਲੰਬੇ ਸੰਘਰਸ਼ ਤੇ ਤਿਆਗ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਉਸਦੀ ਮਾਂ ਤਾਨੀ ਵਢੇਰਾ ਸਿੰਘ ਨੇ ਧੀ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਅਨਾਹਤ ਨੂੰ ਬਚਪਨ ਤੋਂ ਹੀ ਖੇਡਾਂ ’ਚ ਕਾਫੀ ਦਿਲਚਸਪੀ ਸੀ। ਉਹ ਸਕੂਲ ’ਚ ਲਗਪਗ ਹਰ ਖੇਡ ’ਚ ਹਿੱਸਾ ਲੈਂਦੀ ਸੀ। ਸ਼ੁਰੂਆਤ ’ਚ ਅਨਾਹਤ ਦਾ ਝੁਕਾਅ ਬੈਡਮਿੰਟਨ ਵੱਲ ਸੀ। ਉਹ ਛੋਟੀ ਉਮਰ ’ਚ ਪੀਵੀ ਸਿੰਧੂ ਤੇ ਹੋਰ ਖਿਡਾਰਨਾਂ ਨੂੰ ਖੇਡਦੇ ਹੋਏ ਦੇਖਦੀ ਸੀ ਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਸਨ। ਅਨਾਹਤ ਦੇ ਸਕੁਐਸ਼ ਖੇਡਣ ਦੀ ਸ਼ੁਰੂਆਤ ਵੀ ਕਾਫੀ ਦਿਲਚਸਪ ਰਹੀ। ਉਸਦੀ ਭੈਣ ਅਮੀਰਾ ਪਹਿਲਾਂ ਤੋਂ ਹੀ ਸਕੁਐਸ਼ ਖੇਡਦੀ ਸੀ। ਜਦੋਂ ਪਰਿਵਾਰ ਅਮੀਰਾ ਨਾਲ ਟੂਰਨਾਮੈਂਟ ਲਈ ਯਾਤਰਾ ਕਰਦਾ ਸੀ ਤਾਂ ਅਨਾਹਤ ਵੀ ਉਨ੍ਹਾਂ ਨਾਲ ਜਾਣਾ ਚਾਹੁੰਦੀ ਸੀ। ਇਸ ਦੌਰਾਨ ਉਸਨੇ ਸਕੁਐਸ਼ ਖੇਡਣਾ ਸ਼ੁਰੂ ਕੀਤਾ। ਜਲਦੀ ਹੀ ਉਸ ਨੂੰ ਇਹ ਖੇਡ ਪਸੰਦ ਆਉਣ ਲੱਗੀ। ਕੁਝ ਸਮੇਂ ਤੱਕ ਅਨਾਹਤ ਬੈਡਮਿੰਟਨ ਤੇ ਸਕੁਐਸ਼ ਦੋਵੇਂ ਖੇਡਦੀ ਰਹੀ ਪਰ ਹੌਲੀ-ਹੌਲੀ ਉਸਦਾ ਪੂਰਾ ਧਿਆਨ ਸਕੁਐਸ਼ 'ਤੇ ਕੇਂਦਰਿਤ ਹੋ ਗਿਆ। ਉਸਦੀ ਮਾਂ ਅਨੁਸਾਰ, ਬੈਡਮਿੰਟਨ ਕੋਚ ਵਿਕਾਸ ਸ਼ਰਮਾ ਨੇ ਵੀ ਅਨਾਹਤ ਨੂੰ ਕਾਫੀ ਉਤਸ਼ਾਹਿਤ ਕੀਤਾ। ਉਹ ਉਸ ਨੂੰ ਲਗਾਤਾਰ ਭਾਰਤ ਲਈ ਖੇਡਣ ਤੇ ਖੇਡ ਨੂੰ ਗੰਭੀਰਤਾ ਨਾਲ ਲੈਣ ਲਈ ਪ੍ਰੇਰਿਤ ਕਰਦੇ ਰਹੇ। ਛੋਟੀ ਉਮਰ ’ਚ ਹੀ ਅਨਾਹਤ ਦੇ ਮਨ ’ਚ ਦੇਸ਼ ਲਈ ਖੇਡਣ ਤੇ ਮੈਡਲ ਜਿੱਤਣ ਦਾ ਸੁਪਨਾ ਵਸ ਗਿਆ ਸੀ।
ਓਲੰਪਿਕ ਕੁਆਲੀਫਿਕੇਸ਼ਨ ’ਤੇ ਨਜ਼ਰ
ਸਿਲਵਰ ਮੈਡਲ ਜਿੱਤਣ ਦੇ ਬਾਅਦ ਹੁਣ ਅਨਾਹਤ ਦਾ ਅਗਲਾ ਟੀਚਾ ਆਪਣੇ ਵਿਸ਼ਵ ਰੈਂਕਿੰਗ ’ਚ ਸੁਧਾਰ ਕਰਨਾ ਹੈ। ਉਸਦੀ ਮਾਂ ਨੇ ਦੱਸਿਆ ਕਿ ਪਰਿਵਾਰ ਦਾ ਧਿਆਨ ਹੁਣ ਉਸਦੀ ਰੈਂਕਿੰਗ ਨੂੰ ਬਿਹਤਰ ਕਰਨ 'ਤੇ ਹੈ ਤਾਂ ਜੋ ਉਹ ਓਲੰਪਿਕ ਲਈ ਕੁਆਲੀਫਾਈ ਕਰ ਸਕੇ। ਇਸ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ’ਚ ਵੀ ਉਸ ਤੋਂ ਮੈਡਲ ਦੀ ਉਮੀਦ ਹੈ। ਤਾਨੀ ਨੇ ਕਿਹਾ ਕਿ ਅਨਾਹਤ ਹਾਲੇ ਵੀ ਕਾਫੀ ਨੌਜਵਾਨ ਹੈ ਤੇ ਉਸਦੇ ਖੇਡ ’ਚ ਸੁਧਾਰ ਕਰਨ ਦੀ ਬਹੁਤ ਗੁੰਜਾਇਸ਼ ਹੈ। ਉਸ ਨੂੰ ਕਈ ਪੱਖਾਂ 'ਤੇ ਹੁਣ ਵੀ ਕੰਮ ਕਰਨਾ ਹੈ। ਪਰਿਵਾਰ ਦਾ ਟੀਚਾ ਜਲਦਬਾਜ਼ੀ ਕਰਨ ਦੀ ਬਜਾਏ ਹੌਲੀ-ਹੌਲੀ ਉਸ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਤੇ ਉਸਦੀ ਖੇਡ ਨੂੰ ਮਜ਼ਬੂਤ ਬਣਾਉਣਾ ਹੈ।
ਧੀ ਲਈ ਪਿਤਾ ਨੇ ਘਟਾਈ ਵਕਾਲਤ ਦੀ ਪ੍ਰੈਕਟਿਸ
ਅਨਾਹਤ ਦੀ ਸਫਲਤਾ ਪਿੱਛੇ ਉਸਦੇ ਮਾਤਾ-ਪਿਤਾ ਦਾ ਤਿਆਗ ਵੀ ਘੱਟ ਨਹੀਂ। ਉਸਦੇ ਪਿਤਾ ਪੇਸ਼ੇ ਤੋਂ ਵਕੀਲ ਹਨ ਤੇ ਸਾਬਕਾ ਹਾਕੀ ਖਿਡਾਰੀ ਵੀ ਰਹੇ ਹਨ। ਧੀ ਦੀ ਟ੍ਰੇਨਿੰਗ ਤੇ ਟੂਰਨਾਮੈਂਟ ਲਈ ਉਨ੍ਹਾਂ ਨੂੰ ਆਪਣੀ ਵਕਾਲਤ ਦੀ ਪ੍ਰੈਕਟਿਸ ਕਾਫੀ ਘਟਾਉਣੀ ਪਈ। ਤਾਨੀ ਨੇ ਦੱਸਿਆ ਕਿ ਅਨਾਹਤ ਛੋਟੀ ਉਮਰ ਤੋਂ ਹੀ ਖੇਡ ਰਹੀ ਹੈ ਤੇ ਸਾਲ ’ਚ ਲਗਪਗ 10 ਤੋਂ 15 ਜੂਨੀਅਰ ਤੇ ਸੀਨੀਅਰ ਟੂਰਨਾਮੈਂਟ ਖੇਡਦੀ ਹੈ। ਇਸ ਦੌਰਾਨ ਉਨ੍ਹਾਂ ਨੂੰ ਲਗਾਤਾਰ ਯਾਤਰਾ ਕਰਨੀ ਪੈਂਦੀ ਹੈ। ਅਨਾਹਤ ਇਕੱਲੀ ਯਾਤਰਾ ਨਹੀਂ ਕਰ ਸਕਦੀ, ਇਸ ਲਈ ਉਸਦੇ ਪਿਤਾ ਜ਼ਿਆਦਾਤਰ ਟੂਰਨਾਮੈਂਟ ’ਚ ਉਸਦੇ ਨਾਲ ਜਾਂਦੇ ਸਨ। ਕਈ ਵਾਰ ਕੰਮ ਤੋਂ ਸਮਾਂ ਕੱਢ ਕੇ ਤਾਨੀ ਵੀ ਧੀ ਨਾਲ ਯਾਤਰਾ ਕਰਦੀ ਸੀ। ਤਾਨੀ ਨੇ ਦੱਸਿਆ ਕਿ ਕਿਸੇ ਵੀ ਖਿਡਾਰੀ ਦੇ ਕਰੀਅਰ ਦੇ ਸ਼ੁਰੂਆਤੀ ਸਾਲ ਪਰਿਵਾਰ ਲਈ ਕਾਫੀ ਚੁਣੌਤੀਪੂਰਨ ਹੁੰਦੇ ਹਨ। ਜਦੋਂ ਤੱਕ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਕੇ ਪਛਾਣ ਨਹੀਂ ਬਣਾਉਂਦਾ, ਉਦੋਂ ਤੱਕ ਸਾਰਾ ਖ਼ਰਚਾ ਪਰਿਵਾਰ ਨੂੰ ਹੀ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅਨਾਹਤ ਦੇ ਸ਼ੁਰੂਆਤੀ ਸੱਤ-ਆਠ ਸਾਲ ਕਾਫੀ ਮੁਸ਼ਕਲ ਰਹੇ। ਪਰਿਵਾਰ ਨੇ ਉਸਦੀ ਟ੍ਰੇਨਿੰਗ ਤੇ ਮੁਕਾਬਲਿਆਂ ਨਾਲ ਜੁੜੇ ਸਾਰੇ ਖ਼ਰਚੇ ਖ਼ੁਦ ਕੀਤੇ ਤੇ ਹਰ ਜਗ੍ਹਾ ਉਸ ਨਾਲ ਯਾਤਰਾ ਕੀਤੀ। ਇਸ ਨਾਲ ਕਈ ਵਾਰ ਉਨ੍ਹਾਂ ਦੀ ਪ੍ਰੈਕਟਿਸ ਤੇ ਪਰਿਵਾਰ ਦੇ ਕੰਮਕਾਜ 'ਤੇ ਵੀ ਅਸਰ ਪਿਆ। ਹਾਲਾਂਕਿ, ਅਨਾਹਤ ਦੇ ਪ੍ਰਦਰਸ਼ਨ ’ਚ ਸੁਧਾਰ ਨਾਲ ਹੁਣ ਉਨ੍ਹਾਂ ਨੂੰ ਸਰਕਾਰ, ਜੇਐਸਡਬਲਯੂ ਤੇ ਹੋਰ ਸੰਸਥਾਵਾਂ ਤੋਂ ਸਹਿਯੋਗ ਮਿਲ ਰਿਹਾ ਹੈ। ਤਾਨੀ ਦਾ ਕਹਿਣਾ ਹੈ ਕਿ ਧੀ ਲਈ ਕੀਤੇ ਗਏ ਸਾਰੇ ਤਿਆਗ ਹੁਣ ਸਾਰਥਕ ਲੱਗਦੇ ਹਨ। ਪਰਿਵਾਰ ਦਾ ਪੂਰਾ ਧਿਆਨ ਅਨਾਹਤ ਦੀ ਖੇਡ ਨੂੰ ਹੋਰ ਬਿਹਤਰ ਬਣਾਉਣ ਤੇ ਉਸਦੇ ਵੱਡੇ ਟੀਚਿਆਂ ਵੱਲ ਅੱਗੇ ਵਧਣ 'ਤੇ ਹੈ।