ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਦਾ ਉਪਰਾਲਾ, ਕੇਸਧਾਰੀ ਖਿਡਾਰੀਆਂ ਦੀ ਵਿਲੱਖਣ ਪਛਾਣ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਜਾਰੀ
ਜਦੋਂ ਭਾਰਤੀ ਹਾਕੀ ਟੀਮ ਦੇ ਨਾਲ-ਨਾਲ ਵਿਦੇਸ਼ੀ ਟੀਮਾਂ ’ਚ ਵੀ ਜੂੜੇ ਤੇ ਦਸਤਾਰ ਵਾਲੇ ਸਿੱਖ ਖਿਡਾਰੀਆਂ ਦੀ ਪੂਰੀ ਸਰਦਾਰੀ ਤੇ ਧਾਕ ਹੁੰਦੀ ਸੀ ਤੇ ਉਹ ਮੈਦਾਨ ’ਚ ਖਿੱਚ ਦਾ ਮੁੱਖ ਕੇਂਦਰ ਬਣਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਖੇਡਾਂ ’ਚ ਕੇਸਧਾਰੀ ਖਿਡਾਰੀਆਂ ਦੀ ਗਿਣਤੀ ’ਚ ਕਮੀ ਦੇਖਣ ਨੂੰ ਮਿਲ ਰਹੀ ਹੈ
Publish Date: Tue, 03 Nov 2026 10:36 AM (IST)
Updated Date: Tue, 03 Nov 2026 10:50 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਖੇਡਾਂ ਦੀ ਦੁਨੀਆ ’ਚ ਸਿੱਖੀ ਸਰੂਪ ਤੇ ਕੇਸਧਾਰੀ ਖਿਡਾਰੀਆਂ ਦੀ ਵਿਲੱਖਣ ਪਛਾਣ ਨੂੰ ਮੁੜ ਸੁਰਜੀਤ ਕਰਨ ਤੇ ਵਿਰਾਸਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ‘ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ’ ਨਿਰੰਤਰ ਯਤਨਸ਼ੀਲ ਹੈ। 30 ਜੂਨ 2015 ਨੂੰ ਹੋਂਦ ’ਚ ਆਈ ਇਹ ਸੰਸਥਾ ਖੇਡਾਂ ਤੇ ਸਿੱਖੀ ਸਿਧਾਂਤਾਂ ਨੂੰ ਪਿਆਰ ਕਰਨ ਵਾਲੀਆਂ ਉੱਘੀਆਂ ਸ਼ਖਸੀਅਤਾਂ ਵੱਲੋਂ ਸਥਾਪਤ ਕੀਤੀ ਸੀ। ਜਸਬੀਰ ਸਿੰਘ ਮੁਹਾਲੀ ਪਹਿਲੇ ਦਿਨ ਤੋਂ ਇਸ ਦੀ ਅਗਵਾਈ ਕਰ ਰਹੇ ਹਨ। ਸੰਸਥਾ ਦਾ ਮੁੱਖ ਮਕਸਦ ਗਰੀਬ, ਲੋੜਵੰਦ ਤੇ ਹੁਨਰਮੰਦ ਸਿੱਖ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਖੇਡ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਖੇਡ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਹਾਕੀ ਭਾਵੇਂ ਭਾਰਤ ਦੀ ਰਾਸ਼ਟਰੀ ਖੇਡ ਹੈ, ਪਰ ਅਸਲ ’ਚ ਇਹ ਪੰਜਾਬੀਆਂ ਦੀ ਮਾਂ ਖੇਡ ਮੰਨੀ ਜਾਂਦੀ ਹੈ। ਇਸ ਖੇਡ ਦਾ ਇਤਿਹਾਸ ਗੁਰੂ ਕਾਲ ਨਾਲ ਵੀ ਜੁੜਿਆ ਹੋਇਆ ਹੈ। ਛੇਵੇਂ ਪਾਤਸ਼ਾਹਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਾਕੀ ਦੇ ਮੂਲ ਰੂਪ ‘ਖਿੱਦੋ ਖੂੰਡੀ’ ਨੂੰ ਉਤਸ਼ਾਹਿਤ ਕਰਦਿਆਂ ਇਸ ਨੂੰ ਵਿਸ਼ੇਸ਼ ਮਾਣ ਤੇ ਵੰਡਿਆਈ ਬਖ਼ਸ਼ੀ ਸੀ।
ਕੇਸਧਾਰੀ ਖਿਡਾਰੀਆਂ ਦੀ ਗਿਣਤੀ ’ਚ ਦੇਖਣ ਨੂੰ ਮਿਲ ਰਹੀ ਕਮੀ ਇਕ ਸਮਾਂ ਸੀ, ਜਦੋਂ ਭਾਰਤੀ ਹਾਕੀ ਟੀਮ ਦੇ ਨਾਲ-ਨਾਲ ਵਿਦੇਸ਼ੀ ਟੀਮਾਂ ’ਚ ਵੀ ਜੂੜੇ ਤੇ ਦਸਤਾਰ ਵਾਲੇ ਸਿੱਖ ਖਿਡਾਰੀਆਂ ਦੀ ਪੂਰੀ ਸਰਦਾਰੀ ਤੇ ਧਾਕ ਹੁੰਦੀ ਸੀ ਤੇ ਉਹ ਮੈਦਾਨ ’ਚ ਖਿੱਚ ਦਾ ਮੁੱਖ ਕੇਂਦਰ ਬਣਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਖੇਡਾਂ ’ਚ ਕੇਸਧਾਰੀ ਖਿਡਾਰੀਆਂ ਦੀ ਗਿਣਤੀ ’ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਨੇ ਵੱਡੇ ਪੱਧਰ ’ਤੇ ਕੇਸਾਧਾਰੀ ਹਾਕੀ ਟੂਰਨਾਮੈਂਟ ਕਰਵਾਉਣ ਤੇ ਖਿਡਾਰੀਆਂ ਨੂੰ ਸਪਾਂਸਰ ਕਰਨ ਦਾ ਬੀੜਾ ਚੁੱਕਿਆ ਹੈ। ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਮੁਹਾਲੀ ਸਟੇਡੀਅਮ ’ਚ ਹੁਣ ਤੱਕ ਪੰਜ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ ਤੇ ਛੇਵਾਂ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਇਸੇ ਸਾਲ 15 ਦਸੰਬਰ ਤੋਂ 19 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ।
ਸੰਸਥਾ ਦਾ ਸੁਪਨਾ ਕੌਂਸਲ ਵੱਲੋਂ ਖੇਡਾਂ ਦੇ ਨਾਲ-ਨਾਲ ‘ਸਿਕਲੀਗਰ ਸਿੱਖਾਂ’ ਦੇ ਬੱਚਿਆਂ ਨੂੰ ਖੇਡਾਂ ਤੇ ਸਿੱਖਿਆ ਨਾਲ ਜੋੜਨ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਗਰੀਬੀ ਨਾਲ ਜੂਝਦੇ ਹੋਏ ਸਿੱਖੀ ਸਰੂਪ ਨੂੰ ਕਾਇਮ ਰੱਖਣ ਵਾਲੇ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਤੇ ਵਿਸ਼ਵ ਪੱਧਰੀ ਖੇਡ ਸਹੂਲਤਾਂ ਦੇਣ ਲਈ ਸੰਸਥਾ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤੋਂ ਇਲਾਵਾ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਕੌਂਸਲ ਵੱਲੋਂ ਖ਼ੂਨਦਾਨ ਕੈਂਪ ਤੇ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਓ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਕੇਸਾਧਾਰੀ ਹਾਕੀ ਟੂਰਨਾਮੈਂਟ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ ਤੇ ਖਿਡਾਰੀਆਂ ਨੂੰ 2,75,000 ਦੇ ਨਕਦ ਇਨਾਮ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ’ਚ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਸ਼ਾਮਲ ਹੈ। ਜਸਬੀਰ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਸੁਪਨਾ ਇਕ ਅਜਿਹਾ ਖੇਡ ਸਟੇਡੀਅਮ ਤੇ ਸਕੂਲ ਸਥਾਪਤ ਕਰਨਾ ਹੈ, ਜਿੱਥੇ ਸਾਬਤ-ਸੂਰਤ ਸਿੱਖ ਖਿਡਾਰੀਆਂ ਨੂੰ ਮੁਫ਼ਤ ਵਿੱਦਿਆ ਤੇ ਵਿਸ਼ਵ-ਪੱਧਰੀ ਸਿਖਲਾਈ ਮਿਲ ਸਕੇ। ਇਸ ਵੱਡੇ ਤੇ ਕੌਮੀ ਮੰਤਵ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ), ਧਨਾਢ ਸਿੱਖਾਂ, ਉਦਯੋਗਪਤੀਆਂ ਤੇ ਹੋਰ ਅਦਾਰਿਆਂ ਨੂੰ ਅੱਗੇ ਆ ਕੇ ਪ੍ਰਬੰਧਕਾਂ ਦਾ ਬਾਂਹ ਫੜਨੀ ਚਾਹੀਦੀ ਹੈ।
ਸੂਬਾ ਸਰਕਾਰ ਨੂੰ ਨਿਰੰਤਰ ਕਰਨੇ ਚਾਹੀਦੇ ਅਜਿਹੇ ਉਪਰਾਲੇ ਪੰਜਾਬ ’ਚ ਕਰਵਾਈ ਜਾ ਰਹੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ 2026 ਲਈ ਸੂਬਾ ਸਰਕਾਰ ਦੀ ਸ਼ਲਾਘਾ ਕਰਦਿਆਂ ਜਸਬੀਰ ਸਿੰਘ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਪੰਜ ਮੈਚ ਜਲੰਧਰ ’ਚ ਹੋ ਰਹੇ ਹਨ, ਜਦ ਕਿ ਫਾਈਨਲ ਮੁਕਾਬਲੇ ਮੁਹਾਲੀ ਸਟੇਡੀਅਮ ’ਚ ਹੋਣਗੇ। ਹਾਲਾਂਕਿ ਪੀਸੀਏ ਤੇ ਕੌਮਾਂਤਰੀ ਹਵਾਈ ਅੱਡੇ ਕਾਰਨ ਮੁਹਾਲੀ ਦੀ ਵਿਸ਼ਵ ਪੱਧਰੀ ਪਛਾਣ ਹੈ, ਪਰ ਹੁਣ ਹਾਕੀ ਮੈਚਾਂ ਦੀ ਮੇਜ਼ਬਾਨੀ ਕਰਨ ਨਾਲ ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਦਾ ਨਾਂ ਦੁਨੀਆ ਦੇ ਨਕਸ਼ੇ ’ਤੇ ਚਮਕੇਗਾ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੂਬਾ ਸਰਕਾਰ ਨੂੰ ਨਿਰੰਤਰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।