ਏਸ਼ੀਅਨ ਗੇਮਜ਼ 'ਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਮਹਿਲਾ ਖਿਡਾਰਨ ਨਾਲ ਹੋਈ 69.10 ਲੱਖ ਰੁਪਏ ਦੀ ਧੋਖਾਧੜੀ, ਫ਼ਰਜ਼ੀ ਚੈੱਕ ਭੇਜ ਕੇ ਬੰਦ ਕੀਤਾ ਫੋਨ
ਰਿਪੋਰਟਾਂ ਮੁਤਾਬਕ, ਸਾਲ 2024 ’ਚ ਸਰਿਤਾ ਦੀ ਪਛਾਣ ਵਿਆਰਾ ਦੇ ਰਹਿਣ ਵਾਲੇ ਨਿਤਿਨਭਾਈ ਭਾਰਤੀ ਨਾਲ ਹੋਈ ਸੀ। ਨਿਤਿਨ ਵਿਆਰਾ ਤਾਲੁਕਾ ਦੇ ਬੋਰਖਾੜੀ ਪਿੰਡ ਦਾ ਰਹਿਣ ਵਾਲਾ ਸੀ। ਸਰਿਤਾ ਦੇ ਦੋਸਤ ਜਿਤੇਂਦਰ ਅਤੇ ਡਾਂਗ ਜ਼ਿਲ੍ਹੇ ਦੀ ਅਹਵਾ ਤਾਲੁਕਾ ਦੇ ਗਾੜ੍ਹਵੀ ਗਰੁੱਪ ਗ੍ਰਾਮ ਪੰਚਾਇਤ ਦੇ ਸਰਪੰਚ ਰਾਹੀਂ ਸਰਿਤਾ ਦੀ ਮੁਲਾਕਾਤ ਨਿਤਿਨ ਨਾਲ ਹੋਈ ਸੀ। ਸਰਿਤਾ ਨੇ ਦੋਸ਼ ਲਗਾਇਆ ਹੈ ਕਿ ਨਿਤਿਨ ਰੇਤ ਦੇ ਵਪਾਰ ’ਚ ਸ਼ਾਮਲ ਸੀ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਉਸ ਦੇ ਕਾਰੋਬਾਰ ’ਚ ਨਿਵੇਸ਼ ਕਰਦੀ ਹੈ ਤਾਂ ਬਦਲੇ ਵਿੱਚ ਚਾਰ ਫ਼ੀਸਦੀ ਦਾ ਮੁਨਾਫ਼ਾ ਉਹ ਉਨ੍ਹਾਂ ਨੂੰ ਦੇਵੇਗਾ।
Publish Date: Tue, 03 Nov 2026 04:48 PM (IST)
Updated Date: Tue, 03 Nov 2026 04:51 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਏਸ਼ੀਅਨ ਗੇਮਜ਼-2018 ਵਿੱਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਮਹਿਲਾ ਐਥਲੀਟ ਸਰਿਤਾ ਗਾਇਕਵਾੜ ਨਾਲ 69.10 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਨੇ ਰੇਤ ਦੇ ਕਾਰੋਬਾਰ ਵਿੱਚ ਹਰ ਮਹੀਨੇ ਚਾਰ ਫ਼ੀਸਦੀ ਮੁਨਾਫ਼ੇ ਦਾ ਲਾਲਚ ਦੇ ਕੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਠੱਗ ਲਏ।
ਵਿਆਰਾ ਦੇ ਇੱਕ ਵਿਅਕਤੀ ਨੇ ਸਰਿਤਾ ਨੂੰ ਨਿਵੇਸ਼ ਦਾ ਵਾਅਦਾ ਕਰਕੇ ਲਾਲਚ ਦਿੱਤਾ ਅਤੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ। ਸਰਿਤਾ ਨੇ ਇਸ ਮਾਮਲੇ ਵਿੱਚ ਆਹਵਾ ਪੁਲਿਸ ਸਟੇਸ਼ਨ ਵਿੱਚ ਐੱਫ.ਆਈ.ਆਰ. ਦਰਜ ਕਰਵਾਈ ਹੈ।
ਇਹ ਹੈ ਮਾਮਲਾ
ਰਿਪੋਰਟਾਂ ਮੁਤਾਬਕ, ਸਾਲ 2024 ’ਚ ਸਰਿਤਾ ਦੀ ਪਛਾਣ ਵਿਆਰਾ ਦੇ ਰਹਿਣ ਵਾਲੇ ਨਿਤਿਨਭਾਈ ਭਾਰਤੀ ਨਾਲ ਹੋਈ ਸੀ। ਨਿਤਿਨ ਵਿਆਰਾ ਤਾਲੁਕਾ ਦੇ ਬੋਰਖਾੜੀ ਪਿੰਡ ਦਾ ਰਹਿਣ ਵਾਲਾ ਸੀ। ਸਰਿਤਾ ਦੇ ਦੋਸਤ ਜਿਤੇਂਦਰ ਅਤੇ ਡਾਂਗ ਜ਼ਿਲ੍ਹੇ ਦੀ ਅਹਵਾ ਤਾਲੁਕਾ ਦੇ ਗਾੜ੍ਹਵੀ ਗਰੁੱਪ ਗ੍ਰਾਮ ਪੰਚਾਇਤ ਦੇ ਸਰਪੰਚ ਰਾਹੀਂ ਸਰਿਤਾ ਦੀ ਮੁਲਾਕਾਤ ਨਿਤਿਨ ਨਾਲ ਹੋਈ ਸੀ। ਸਰਿਤਾ ਨੇ ਦੋਸ਼ ਲਗਾਇਆ ਹੈ ਕਿ ਨਿਤਿਨ ਰੇਤ ਦੇ ਵਪਾਰ ’ਚ ਸ਼ਾਮਲ ਸੀ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਉਸ ਦੇ ਕਾਰੋਬਾਰ ’ਚ ਨਿਵੇਸ਼ ਕਰਦੀ ਹੈ ਤਾਂ ਬਦਲੇ ਵਿੱਚ ਚਾਰ ਫ਼ੀਸਦੀ ਦਾ ਮੁਨਾਫ਼ਾ ਉਹ ਉਨ੍ਹਾਂ ਨੂੰ ਦੇਵੇਗਾ।
ਸਰਿਤਾ ਨੇ ਉਸ ਦੀ ਗੱਲ ਮੰਨ ਲਈ ਅਤੇ ਨਿਤਿਨ ਦੇ ਖਾਤੇ ਵਿੱਚ 69.10 ਲੱਖ ਰੁਪਏ ਕਿਸ਼ਤਾਂ ਵਿੱਚ ਟ੍ਰਾਂਸਫਰ ਕਰ ਦਿੱਤੇ ਪਰ ਨਿਤਿਨ ਨੇ ਕਈ ਦਿਨਾਂ ਤੱਕ ਸਰਿਤਾ ਨੂੰ ਮੁਨਾਫ਼ੇ ਦਾ ਪੈਸਾ ਨਹੀਂ ਦਿੱਤਾ ਅਤੇ ਅਸਲ ਰਕਮ ਵੀ ਨਹੀਂ ਮੋੜੀ। ਕਈ ਵਾਰ ਕਹਿਣ ਤੋਂ ਬਾਅਦ ਉਸ ਨੇ ਕੁੱਲ 1.80 ਲੱਖ ਰੁਪਏ ਵਾਪਸ ਕੀਤੇ। ਉੱਥੇ ਹੀ ਬਾਕੀ ਪੈਸਿਆਂ ਲਈ ਉਹ ਲਗਾਤਾਰ ਬਹਾਨੇ ਬਣਾਉਣ ਲੱਗਾ। ਅਜਿਹੇ ਵਿੱਚ ਸਰਿਤਾ ਦੇ ਉਸ ਕੋਲੋਂ 67.30 ਲੱਖ ਰੁਪਏ ਲੈਣੇ ਬਾਕੀ ਹਨ।
ਦਿਖਾਇਆ ਫ਼ਰਜ਼ੀ ਚੈੱਕ
ਨਿਤਿਨ ਨੇ ਇਸ ਦੌਰਾਨ ਸਰਿਤਾ ਨਾਲ ਝੂਠੇ ਵਾਅਦੇ ਕੀਤੇ ਅਤੇ ਗੱਲਾਂ ਵਿੱਚ ਉਲਝਾਈ ਰੱਖਿਆ। ਉਸ ਨੇ ਸਰਿਤਾ ਨੂੰ 30 ਲੱਖ ਰੁਪਏ ਦੇ ਚੈੱਕ ਦੀ ਇੱਕ ਫੋਟੋ ਵੀ ਵਟਸਐਪ 'ਤੇ ਭੇਜੀ ਪਰ ਹਕੀਕਤ ਵਿੱਚ ਉਸ ਨੇ ਕੋਈ ਵੀ ਚੈੱਕ ਨਹੀਂ ਦਿੱਤਾ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਸਰਿਤਾ ਦੇ ਪੈਸੇ ਨਹੀਂ ਆਏ ਅਤੇ ਅੰਤ ਵਿੱਚ ਨਿਤਿਨ ਨੇ ਆਪਣਾ ਫੋਨ ਬੰਦ ਕਰ ਲਿਆ। ਪਿਛਲੇ ਦੋ ਮਹੀਨਿਆਂ ਤੋਂ ਉਸ ਦਾ ਫੋਨ ਬੰਦ ਆ ਰਿਹਾ ਹੈ। ਸਰਿਤਾ ਨੂੰ ਆਪਣੇ ਨਾਲ ਹੋਏ ਧੋਖੇ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਅਹਵਾ SOG ਬ੍ਰਾਂਚ ਵਿੱਚ ਐੱਫ.ਆਈ.ਆਰ. ਦਰਜ ਕਰਵਾਈ। SOG ਨੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।