ਅਮਰੀਕੀ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, ਯੂਐੱਸ ਓਪਨ ਮਹਿਲਾ ਫਾਈਨਲ 'ਚ ਸਬਾਲੇਂਕਾ ਤੇ ਰਿਬਾਕਿਨਾ ਦੀ ਟੱਕਰ
ਟੂਰਨਾਮੈਂਟ ’ਚ ਸਿਖਰਲਾ ਦਰਜਾ ਹਾਸਲ ਸਬਾਲੇਂਕਾ ਨੇ ਇਸ ਮੈਚ ਦੀ ਸ਼ੁਰੂਆਤ ਥੋੜ੍ਹੇ ਸੰਘਰਸ਼ ਨਾਲ ਕੀਤੀ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਿਆ, ਉਹ ਲੈਅ ’ਚ ਆਉਂਦੀ ਗਈ ਤੇ 29 ਵਿਨਰ ਤੇ ਸੱਤ ਏਸ ਨਾਲ ਮੈਚ ਨੂੰ ਆਪਣੇ ਨਾਂ ਕਰ ਲਿਆ
Publish Date: Sat, 12 Sep 2026 11:13 AM (IST)
Updated Date: Sat, 12 Sep 2026 11:17 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਕੁਝ ਘੰਟੇ ਪਹਿਲਾਂ ਐਰਿਨਾ ਸਬਾਲੇਂਕਾ ਨੇ ਕੋਰਟ ਦੇ ਬਾਹਰ ਖੜ੍ਹੇ ਹੋ ਕੇ ਵਿਸ਼ਵ ਨੰਬਰ ਇਕ ਦੀ ਆਪਣੀ ਰੈਂਕ ਚੁੱਪਚਾਪ ਐਲੇਨਾ ਰਿਬਾਕਿਨਾ ਕੋਲ ਜਾਂਦੀ ਦੇਖ ਲਈ ਪਰ ਯੂਐੱਸ ਓਪਨ ਦੇ ਫਾਈਨਲ ’ਚ ਜੇ ਰਿਬਾਕਿਨਾ ਨੂੰ ਟਰਾਫੀ ਚਾਹੀਦੀ ਹੈ ਤਾਂ ਉਸ ਨੂੰ ਸਬਾਲੇਂਕਾ ਨੂੰ ਕੋਰਟ ’ਚ ਹਰਾਉਣਾ ਹੋਵੇਗਾ। ਸੈਮੀਫਾਈਨਲ ਮੈਚ ’ਚ ਸਬਾਲੇਂਕ ਨੇ ਸਿਖਰਲੀ ਅਮਰੀਕੀ ਖਿਡਾਰਨ ਜੈਸਿਕਾ ਪੇਗੁਲਾ ਨੂੰ 7-5, 6-1 ਨਾਲ ਹਰਾਇਆ, ਜਦਕਿ ਦੂਜੇ ਪਾਸੇ ਇਕ ਹੋਰ ਸੈਮੀਫਾਈਨਲ ’ਚ ਰਿਬਾਕਿਨਾ ਨੇ ਕੋਕੋ ਗਫ ਨੂੰ 3-6, 6-4, 6-4 ਨਾਲ ਮਾਤ ਦਿੱਤੀ। ਲਗਾਤਾਰ ਦੋ ਵਾਰ ਦੀ ਚੈਂਪੀਅਨ ਸਬਾਲੇਂਕਾ ਜਿੱਤਦਿਆਂ ਹੀ ਮਹਾਨ ਸੇਰੇਨਾ ਵਿਲੀਅਮਸ ਦੀ ਬਰਾਬਰੀ ਕਰ ਲਵੇਗੀ, ਜਿਸਨੇ 2012 ਤੋਂ 2014 ਤੱਕ ਲਗਾਤਾਰ ਤਿੰਨ ਵਾਰ ਯੂਐੱਸ ਓਪਨ ਜਿੱਤਿਆ ਸੀ।
ਟੂਰਨਾਮੈਂਟ ’ਚ ਸਿਖਰਲਾ ਦਰਜਾ ਹਾਸਲ ਸਬਾਲੇਂਕਾ ਨੇ ਇਸ ਮੈਚ ਦੀ ਸ਼ੁਰੂਆਤ ਥੋੜ੍ਹੇ ਸੰਘਰਸ਼ ਨਾਲ ਕੀਤੀ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਿਆ, ਉਹ ਲੈਅ ’ਚ ਆਉਂਦੀ ਗਈ ਤੇ 29 ਵਿਨਰ ਤੇ ਸੱਤ ਏਸ ਨਾਲ ਮੈਚ ਨੂੰ ਆਪਣੇ ਨਾਂ ਕਰ ਲਿਆ। ਟੂਰਨਾਮੈਂਟ ਦੀ ਤੀਜਾ ਦਰਜਾ ਤੇ ਸਾਲ 2024 ਦਾ ਫਾਈਨਲ ਖੇਡ ਚੁੱਕੀ ਪੇਗੁਲਾ ਕੋਲ ਸਬਾਲੇਂਕਾ ਦੇ ਤਾਕਤਵਰ ਖੇਡ ਦਾ ਕੋਈ ਜਵਾਬ ਨਹੀਂ ਸੀ। ਸਬਾਲੇਂਕਾ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਜਿੱਤ ਲਈ ਬਹੁਤ ਬੇਤਾਬ ਸੀ, ਮੈਨੂੰ ਇਸਦੀ ਬਹੁਤ ਜ਼ਿਆਦਾ ਲੋੜ ਸੀ।
ਦੂਜੇ ਸੈਮੀਫਾਈਨਲ ’ਚ ਰਿਬਾਕਿਨਾ ਨੇ ਕੋਕੋ ਗਫ ਵਿਰੁੱਧ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਮੁਕਾਬਲਾ 3-6, 6-4, 6-4 ਨਾਲ ਜਿੱਤਿਆ। ਰਿਬਾਕਿਨਾ ਨੇ ਸਾਲ ਦੀ ਸ਼ੁਰੂਆਤ ਆਸਟ੍ਰੇਲੀਅਨ ਓਪਨ ਜਿੱਤਣ ਨਾਲ ਕੀਤੀ ਸੀ। ਉਥੇ ਉਸਨੇ ਸਬਾਲੇਂਕਾ ਨੂੰ ਹਰਾਇਆ ਸੀ। ਰਿਬਾਕਿਨਾ ਨੇ ਇਸ ਸਾਲ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਕੇ ਰੈਂਕਿੰਗ ’ਚ ਸਿਖਰਲੇ ਸਥਾਨ ਵੱਲ ਮਜ਼ਬੂਤ ਕਦਮ ਵਧਾਏ ਸਨ ਤੇ ਉਸ ਨੂੰ ਇਹ ਉਪਲੱਬਧੀ ਹਾਸਲ ਕਰਨ ਲਈ ਯੂਐੱਸ ਓਪਨ ਦੇ ਸੈਮੀਫਾਈਨਲ ਤੱਕ ਹੀ ਪਹੁੰਚਣਾ ਸੀ।
ਸੈਮੀਫਾਈਨਲ ’ਚ ਗਫ ਨੇ ਰਿਬਾਕਿਨਾ ਨੂੰ ਸਖ਼ਤ ਟੱਕਰ ਦਿੱਤੀ, ਪਹਿਲੇ ਸੈੱਟ ’ਚ ਉਸਨੇ 6-3 ਨਾਲ ਜਿੱਤ ਦਰਜ ਕਰਨ ਤੋਂ ਬਾਅਦ ਬਾਕੀ ਦੋਵਾਂ ਸੈੱਟਾਂ ’ਚ ਵਾਪਸੀ ਲਈ ਜੀਅ-ਜਾਨ ਲਗਾ ਦਿੱਤੀ। ਪਹਿਲੇ ਸੈੱਟ ’ਚ ਉਸਨੇ ਚਾਰ ਏਸ ਲਗਾਉਂਦੇ ਹੋਏ ਸਿਰਫ 38 ਮਿੰਟਾਂ ’ਚ ਇਸ ਨੂੰ ਆਪਣੇ ਨਾਂ ਕਰ ਲਿਆ। ਦੂਜੇ ਸੈੱਟ ’ਚ 4-1 ਨਾਲ ਪੱਛੜਣ ਤੋਂ ਬਾਅਦ ਗਫ ਨੇ 4-4 ਨਾਲ ਬਰਾਬਰੀ ਕੀਤੀ ਪਰ ਰਿਬਾਕਿਨਾ ਨੇ ਅਗਲੀਆਂ ਦੋ ਗੇਮਜ਼ ਆਪਣੇ ਨਾਂ ਕਰਦੇ ਹੋਏ ਸੈੱਟ ਜਿੱਤ ਲਿਆ। ਤੀਜੇ ਸੈੱਟ ’ਚ ਰਿਬਾਕਿਨਾ 5-3 ਨਾਲ ਅੱਗੇ ਹੋ ਚੁੱਕੀ ਸੀ ਪਰ ਜਦੋਂ ਉਸਨੇ ਮੈਚ ਜਿੱਤਣ ਲਈ ਸਰਵ ਕੀਤਾ ਤਾਂ ਗਫ ਨੇ ਇਕ ਵਾਰ ਫਿਰ ਤੋਂ ਵਾਪਸੀ ਕਰਦੇ ਹੋਏ ਇਸ ਨੂੰ ਤੋੜ ਦਿੱਤਾ। ਗਫ ਦੇ ਸਮਰਥਨ ’ਚ ਤਮਾਮ ਪ੍ਰਸ਼ੰਸਕਾਂ ਵਿਚਾਲੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਵੀ ਬੈਠੀ ਸੀ ਤੇ ਲਗਾਤਾਰ ਉਸਦੇ ਪੱਖ ’ਚ ਰੌਲਾ ਪੈ ਰਿਹਾ ਸੀ, ਹਾਲਾਂਕਿ ਰਿਬਾਕਿਨਾ ਨੇ ਘਰੇਲੂ ਦਰਸ਼ਕਾਂ ਦੇ ਰੌਲੇ ਨੂੰ ਆਪਣੀ ਜਿੱਤ ਵਿਚਾਲੇ ਨਹੀਂ ਆਉਣ ਦਿੱਤਾ।