ਏਸ਼ਿਆਈ ਖੇਡਾਂ 'ਚ ਗੋਲਡ 'ਤੇ ਨਿਸ਼ਾਨਾ, ਹਾਕੀ ਟੀਮ ਨੂੰ ਮਾਨਸਿਕ ਰੂਪ ਨਾਲ ਖ਼ੁਦ ਨੂੰ ਰੀਸੈੱਟ ਕਰਨਾ ਹੋਵੇਗਾ- PR ਸ਼੍ਰੀਜੇਸ਼
ਭਾਰਤੀ ਮਰਦ ਹਾਕੀ ਟੀਮ ਦੀ 2026 ਵਿਸ਼ਵ ਕੱਪ ਮੁਹਿੰਮ ਉਮੀਦਾਂ ਮੁਤਾਬਕ ਨਹੀਂ ਰਹੀ। ਟੀਮ ਸੈਮੀਫਾਈਨਲ ਤੱਕ ਨਹੀਂ ਪਹੁੰਚ ਸਕੀ ਤੇ ਅੱਠਵੇਂ ਸਥਾਨ ’ਤੇ ਰਹੀ। ਹੁਣ ਉਸਦੇ ਸਾਹਮਣੇ 19 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ’ਚ ਇਸ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਚੁਣੌਤੀ ਹੈ।
Publish Date: Wed, 16 Sep 2026 12:04 PM (IST)
Updated Date: Wed, 16 Sep 2026 12:07 PM (IST)
ਨਿਤਿਨ ਨਾਗਰ, ਜਾਗਰਣ, ਨਵੀਂ ਦਿੱਲੀ : ਭਾਰਤੀ ਮਰਦ ਹਾਕੀ ਟੀਮ ਦੀ 2026 ਵਿਸ਼ਵ ਕੱਪ ਮੁਹਿੰਮ ਉਮੀਦਾਂ ਮੁਤਾਬਕ ਨਹੀਂ ਰਹੀ। ਟੀਮ ਸੈਮੀਫਾਈਨਲ ਤੱਕ ਨਹੀਂ ਪਹੁੰਚ ਸਕੀ ਤੇ ਅੱਠਵੇਂ ਸਥਾਨ ’ਤੇ ਰਹੀ। ਹੁਣ ਉਸਦੇ ਸਾਹਮਣੇ 19 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ’ਚ ਇਸ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਚੁਣੌਤੀ ਹੈ। ਭਾਰਤ 20 ਸਤੰਬਰ ਤੋਂ ਜਾਪਾਨ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ ਤੇ ਇਥੇ ਦਾਅ ਸਿਰਫ ਗੋਲਡ ਮੈਡਲ ਦਾ ਨਹੀਂ, ਬਲਕਿ ਲਾਸ ਏਂਜਲਸ 2028 ਓਲੰਪਿਕ ਦੀ ਸਿੱਧੀ ਟਿਕਟ ਹਾਸਲ ਕਰਨ ਦਾ ਮੌਕਾ ਵੀ ਹੋਵੇਗਾ।
ਭਾਰਤੀ ਟੀਮ ਦੇ ਸਾਬਕਾ ਗੋਲਕੀਪਰ ਤੇ ਜੂਨੀਅਰ ਟੀਮ ਦੇ ਕੋਚ ਰਹਿ ਚੁੱਕੇ ਪੀਆਰ ਸ਼੍ਰੀਜੇਸ਼ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਦੀ ਨਿਰਾਸ਼ਾ ਤੋਂ ਬਾਅਦ ਟੀਮ ਨੂੰ ਮਾਨਸਿਕ ਤੌਰ ’ਤੇ ਖ਼ੁਦ ਨੂੰ ਰੀਸੈੱਟ ਕਰਨਾ ਹੋਵੇਗਾ। ‘ਦੈਨਿਕ ਜਾਗਰਣ’ ਨਾਲ ਖ਼ਾਸ ਗੱਲਬਾਤ ’ਚ ਸ਼੍ਰੀਜੇਸ਼• ਨੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਭਾਰਤ ਦੇ ਵਿਸ਼ਵ ਕੱਪ ’ਚ ਸੈਮੀਫਾਈਨਲ ਤੱਕ ਪਹੁੰਚਣ ਦੀ ਉਮੀਦ ਕਰ ਰਿਹਾ ਸੀ। ਉਸ ਮੁਤਾਬਕ ਭਾਰਤ ਨੂੰ ਇੰਗਲੈਂਡ ਤੇ ਅਰਜਨਟੀਨਾ ਵਿਰੁੱਧ ਜਿੱਤ ਦਰਜ ਕਰਨੀ ਚਾਹੀਦੀ ਸੀ ਪਰ ਦੋਵਾਂ ਟੀਮਾਂ ਨੇ ਪੂਰੇ ਟੂਰਨਾਮੈਂਟ ’ਚ ਸ਼ਾਨਦਾਰ ਹਾਕੀ ਖੇਡੀ। ਸ਼੍ਰੀਜੇਸ਼ ਨੇ ਕਿਹਾ ਕਿ ਏਸ਼ਿਆਈ ਖੇਡਾਂ ’ਚ ਭਾਰਤ ਦੀ ਹਾਲਤ ਕਾਫੀ ਵੱਖਰੀ ਹੋਵੇਗੀ। ਏਸ਼ਿਆਈ ਪੱਧਰ ’ਤੇ ਭਾਰਤ ਨੂੰ ਪਾਕਿਸਤਾਨ, ਮਲੇਸ਼ੀਆ, ਚੀਨ ਤੇ ਦੱਖਣੀ ਕੋਰੀਆ ਨਾਲ ਚੁਣੌਤੀ ਮਿਲ ਸਕਦੀ ਹੈ ਪਰ ਅੰਤਰਰਾਸ਼ਟਰੀ ਪੱਧਰ ’ਤੇ ਇਨ੍ਹਾਂ ਟੀਮਾਂ ਦੇ ਤਜਰਬੇ ’ਚ ਭਾਰਤ ਨਾਲੋਂ ਫਰਕ ਹੈ। ਹਾਲ ਹੀ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰਤ ਨੂੰ ਮਜ਼ਬੂਤ ਦਾਅਵੇਦਾਰ ਦੇ ਤੌਰ ’ਤੇ ਉਤਰਣਾ ਚਾਹੀਦਾ ਹੈ। ਸ਼੍ਰੀਜੇਸ਼ ਨੇ ਇਹ ਵੀ ਸਾਫ਼ ਕੀਤਾ ਕਿ ਆਸਾਨ ਹਾਲਤ ਹੋਣ ਦੇ ਬਾਵਜੂਦ ਭਾਰਤੀ ਟੀਮ ਕਿਸੇ ਵੀ ਮੁਕਾਬਲੇਬਾਦਜ਼ ਨੂੰ ਹਲਕੇ ’ਚ ਨਹੀਂ ਲੈ ਸਕਦੀ। ਏਸ਼ਿਆਈ ਖੇਡਾਂ ਦੀ ਅਹਿਮੀਅਤ ਇਸ ਲਈ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਮਰਦ ਹਾਕੀ ’ਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਨੂੰ 2028 ਓਲੰਪਿਕ ਦੀ ਸਿੱਧੀ ਟਿਕਟ ਮਿਲੇਗੀ।
ਮਾਨਸਿਕ ਮਜ਼ਬੂਤੀ ਬਹੁਤ ਜ਼ਰੂਰੀ : ਸ਼੍ਰੀਜੇਸ਼ ਨੇ ਗੋਲਕੀਪਰ ਤੇ ਡਿਫੈਂਸ ਦੀ ਮਾਨਸਿਕ ਮਜ਼ਬੂਤੀ ’ਤੇ ਵੀ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਾਕੀ ’ਚ ਪ੍ਰਦਰਸ਼ਨ ਇਕ ਤਰ੍ਹਾਂ ਨਾਲ ਦੇਣ ਤੇ ਲੈਣ ਦੀ ਖੇਡ ਹੈ। ਕਈ ਵਾਰ ਗੋਲਕੀਪਰ ਗ਼ਲਤੀ ਕਰਦਾ ਹੈ ਤਾਂ ਫਾਰਵਰਡ ਉਸ ਗ਼ਲਤੀ ਦੀ ਭਰਪਾਈ ਕਰਦਾ ਹੋਇਆ ਜ਼ਿਆਦਾ ਕਰ ਦਿੰਦਾ ਹੈ। ਉਥੇ ਹੀ ਕਈ ਮੌਕਿਆਂ ’ਤੇ ਫਾਰਵਰਡ 10-15 ਮੌਕੇ ਗੁਆ ਸਕਦੇ ਹਨ ਪਰ ਉਦੋਂ ਗੋਲਕੀਪਰ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ ਕਿ ਉਹ ਵਿਰੋਧੀ ਦੇ ਹਰ ਹਮਲੇ ਨੂੰ ਰੋਕੇ। ਉਸਨੇ ਕਿਹਾ ਕਿ ਗ਼ਲਤੀ ਹੋਣ ’ਤੇ ਇਕ-ਦੂਜੇ ਨੂੰ ਦੋਸ਼ ਦੇਣਾ ਹੱਲ ਨਹੀਂ ਹੈ। ਟੀਮ ਨੂੰ ਇਕੱਠੇ ਬੈਠ ਕੇ ਸਮੱਸਿਆ ’ਤੇ ਚਰਚਾ ਕਰਨੀ ਚਾਹੀਦੀ ਹੈ, ਵੀਡੀਓ ਦੇਖਣੀ ਚਾਹੀਦੀ ਹੈ ਤੇ ਇਹ ਸਮਝਣਾ ਚਾਹੀਦਾ ਹੈ ਕਿ ਗ਼ਲਤੀ ਕਿੱਥੇ ਹੋਈ ਤੇ ਉਸ ਨੂੰ ਦੁਬਾਰਾ ਕਿਵੇਂ ਰੋਕਿਆ ਜਾ ਸਕਦਾ ਹੈ। ਵਿਰੋਧੀ ਟੀਮਾਂ ਵੀ ਤੁਹਾਡੀ ਵੀਡੀਓ ਰਿਕਾਰਡਿੰਗ ਦੇਖ ਕੇ ਕਮਜ਼ੋਰੀਆਂ ਭਾਲਦੀਆਂ ਹਨ ਤੇ ਉਸੇ ਥਾਂ ਹਮਲਾ ਕਰਦੀਆਂ ਹਨ। ਇਸ ਲਈ ਇਕ ਹੀ ਗ਼ਲਤੀ ਵਾਰ-ਵਾਰ ਦੁਹਰਾਉਣਾ ਖ਼ਤਰਨਾਕ ਹੋ ਸਕਦਾ ਹੈ।
ਤਕਨੀਕ ਦੇ ਨਾਲ ਹੀ ਗੱਲਬਾਤ ਵੀ ਬੇਹੱਦ ਜ਼ਰੂਰੀ : ਸ਼੍ਰੀਜੇਸ਼ ਨੇ ਕਿਹਾ ਕਿ ਤਕਨੀਕੀ ਤਿਆਰੀ ਨਾਲ ਬਿਹਤਰ ਗੱਲਬਾਤ ਵੀ ਬੇਹੱਦ ਜ਼ਰੂਰੀ ਹੈ। ਟੀਮ ਮੀਟਿੰਗ, ਵੀਡੀਓ ਵਿਸ਼ਲੇਸ਼ਣ ਤੇ ਖਿਡਾਰੀਆਂ ਵਿਚਾਲੇ ਖੁੱਲ੍ਹੀ ਗੱਲਬਾਤ ਨਾਲ ਦਬਾਅ ਘੱਟ ਹੁੰਦਾ ਹੈ। ਸਭ ਤੋਂ ਅਹਿਮ ਹੈ ਆਪਣੀ ਗ਼ਲਤੀ ਸਵੀਕਾਰ ਕਰਨਾ। ਜੇ ਗੋਲਕੀਪਰ ਕਹਿੰਦਾ ਹੈ ਕਿ ਗੋਲ ਉਸਦੀ ਗ਼ਲਤੀ ਸੀ ਤੇ ਡਿਫੈਂਡਰ ਵੀ ਆਪਣੀ ਗ਼ਲਤੀ ਸਵੀਕਾਰ ਕਰਦਾ ਹੈ ਤਾਂ ਇਸ ਨਾਲ ਟੀਮ ਅੰਦਰ ਭਰੋਸਾ ਵਧਦਾ ਹੈ। ਮੈਦਾਨ ’ਤੇ ਹਰ ਖਿਡਾਰੀ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਗ਼ਲਤੀ ਹੋਣ ’ਤੇ ਉਸਦਾ ਸਾਥੀ ਉਸਦੇ ਪਿੱਛੇ ਖੜ੍ਹਾ ਹੈ। ਬੈਕਅਪ ਤੇ ਸੁਪੋਰਟ ਹੀ ਮੁਸ਼ਕਲ ਹਾਲਾਤ ’ਚ ਟੀਮ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੇ ਹਨ।