ਏਸ਼ਿਆਈ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਪਹਿਲਵਾਨਾਂ ਦਾ ਟੀਚਾ ਸਪੱਸ਼ਟ, ਹੁਣ ਲਾਸ ਏਂਜਲਸ ਓਲੰਪਿਕ 'ਚ ਵੱਜੇਗਾ ਰਾਸ਼ਟਰੀ ਗਾਨ
ਏਸ਼ੀਅਨ ਖੇਡਾਂ 'ਚ ਅਮਨ ਸਹਿਰਾਵਤ ਤੇ ਸੁਜੀਤ ਕਲੇਸ਼ਵਰ ਨੇ ਸੋਨ ਤਮਗੇ ਜਿੱਤੇ ਸਨ। ਪੰਘਾਲ ਨੇ ਚਾਂਦੀ ਦੇ ਤਮਗੇ ਤੇ ਦੀਪਕ ਪੁਨੀਆ ਤੇ ਸੁਨੀਲ ਕੁਮਾਰ ਨੇ ਕਾਂਸੀ ਦੇ ਤਮਗੇ ਜਿੱਤੇ ਸਨ।
Publish Date: Tue, 06 Oct 2026 12:38 PM (IST)
Updated Date: Tue, 06 Oct 2026 12:44 PM (IST)
ਨਵੀਂ ਦਿੱਲੀ, ਪੀਟੀਆਈ : ਏਸ਼ਿਆਈ ਖੇਡਾਂ ਤੋਂ ਪਹਿਲਾਂ ਸੱਟਾਂ ਤੋਂ ਲੈ ਕੇ ਫਾਰਮ ’ਚ ਗਿਰਾਵਟ ਵਰਗੀਆਂ ਕਈ ਸਮੱਸਿਆਵਾਂ ਨਾਲ ਜੂਝ ਰਹੇ ਭਾਰਤੀ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਸੋਨ ਤਮਗਿਆਂ ਸਮੇਤ 6 ਤਮਗੇ ਜਿੱਤੇ ਤੇ ਹੁਣ ਉਨ੍ਹਾਂ ਦੀਆਂ ਨਜ਼ਰਾਂ ਲਾਸ ਏਂਜਲਸ ਓਲੰਪਿਕ 2028 'ਚ ਇਸੇ ਤਰ੍ਹਾਂ ਦੇ ਪ੍ਰਦਰਸ਼ਨ 'ਤੇ ਟਿਕੀਆਂ ਹੋਈਆਂ ਹਨ। ਏਸ਼ੀਅਨ ਖੇਡਾਂ 'ਚ ਅਮਨ ਸਹਿਰਾਵਤ ਤੇ ਸੁਜੀਤ ਕਲੇਸ਼ਵਰ ਨੇ ਸੋਨ ਤਮਗੇ ਜਿੱਤੇ ਸਨ। ਪੰਘਾਲ ਨੇ ਚਾਂਦੀ ਦੇ ਤਮਗੇ ਤੇ ਦੀਪਕ ਪੁਨੀਆ ਤੇ ਸੁਨੀਲ ਕੁਮਾਰ ਨੇ ਕਾਂਸੀ ਦੇ ਤਮਗੇ ਜਿੱਤੇ ਸਨ।
ਸੋਮਵਾਰ ਨੂੰ ਘਰ ਪਰਤਣ ’ਤੇ 23 ਸਾਲਾ ਅਮਨ ਸਹਿਰਾਵਤ ਨੇ ਕਿਹਾ ਕਿ ਜ਼ਿੰਦਗੀ ਉਤਰਾਅ-ਚੜ੍ਹਾਅ ਤੇ ਸੱਟਾਂ ਨਾਲ ਭਰੀ ਹੋਈ ਹੈ ਪਰ ਮੈਨੂੰ ਆਪਣੇ ਆਪ 'ਤੇ ਪੂਰਾ ਭਰੋਸਾ ਸੀ। ਸਾਨੂੰ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਤੇ ਮੈਂ ਵੀ ਅਜਿਹਾ ਹੀ ਕੀਤਾ। ਮੇਰਾ ਅਗਲਾ ਨਿਸ਼ਾਨਾ ਓਲੰਪਿਕ ਹੈ। ਹੁਣ ਲਾਸ ਏਂਜਲਸ ਓਲੰਪਿਕ ’ਚ ਸਾਡਾ ਰਾਸ਼ਟਰੀ ਗਾਨ ਵਜਾਇਆ ਜਾਵੇਗਾ। ਫ੍ਰੀਸਟਾਈਲ 'ਚ ਭਾਰਤ ਦੇ ਦੂਜੇ ਸੋਨ ਤਮਗਾ ਜੇਤੂ ਸੁਜੀਤ ਨੇ ਕਿਹਾ ਕਿ ਇਹ ਮੌਕਾ ਉਮੀਦਾਂ 'ਤੇ ਖਰਾ ਉਤਰਨ ਦਾ ਸੀ। ਪੁਰਸ਼ਾਂ ਦੇ 97 ਕਿਲੋਗ੍ਰਾਮ ਗ੍ਰੀਕੋ ਰੋਮਨ ਵਰਗ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਨਿਤੀਸ਼ ਸਿਵਾਚ ਨੇ ਵੀ ਕਿਹਾ ਕਿ ਮੇਰਾ ਉਦੇਸ਼ ਸੋਨ ਤਮਗਾ ਜਿੱਤਣਾ ਸੀ। ਅਸੀਂ ਆਪਣਾ ਸਰਬੋਤਮ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਉਮੀਦ ਹੈ ਕਿ ਓਲੰਪਿਕ 'ਚ ਵੀ ਮੈਡਲ ਲੈ ਕੇ ਵਾਪਸੀ ਕਰਾਂਗੇ। ਦੇਸ਼ ਪਰਤੇ ਪਹਿਲਵਾਨ ਦੀਪਕ ਪੂਨੀਆ ਤੇ ਅੰਤਿਮ ਪੰਘਾਲ ਦਾ ਤਾਂ ਨਵੀਂ ਦਿੱਲੀ ਹਵਾਈ ਅੱਡੇ 'ਤੇ ਹਰਿਆਣਾ ਦੇ ਖੇਡ ਮੰਤਰੀ ਗੌਰਵ ਗੌਤਮ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਸੁਨਹਿਰੀ ਪ੍ਰਦਰਸ਼ਨ ਤੋਂ ਬਾਅਦ ਦਬਾਅ ਦੂਰ ਹੋਇਆ: ਤੀਰਅੰਦਾਜ਼ ਨਵੀਂ ਦਿੱਲੀ : ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਤਿਹਾਸ ਰਚਣ ਵਾਲੇ ਭਾਰਤੀ ਕੰਪਾਊਂਡ ਤੇ ਰਿਕਰਵ ਤੀਰਅੰਦਾਜ਼ਾਂ ਨੇ ਕਿਹਾ ਕਿ ਉਨ੍ਹਾਂ ਤੋਂ ਬਹੁਤ ਵੱਡਾ ਦਬਾਅ ਦੂਰ ਹੋ ਗਿਆ ਹੈ ਤੇ ਉਹ ਰਾਹਤ ਮਹਿਸੂਸ ਕਰ ਰਹੇ ਹਨ। ਭਾਰਤੀ ਤੀਰਅੰਦਾਜ਼ਾਂ ਨੇ ਏਸ਼ਿਆਈ ਖੇਡਾਂ ’ਚ ਪੰਜ ਸੋਨ ਤਮਗੇ ਜਿੱਤੇ ਤੇ ਦੋ ਓਲੰਪਿਕ ਕੋਟਾ ਵੀ ਹਾਸਲ ਕੀਤੇ। ਇਸ ਨੇ ਤੀਰਅੰਦਾਜ਼ੀ ’ਚ ਸਭ ਤੋਂ ਸ਼ਕਤੀਸ਼ਾਲੀ ਟੀਮ ਦੱਖਣੀ ਕੋਰੀਆ ਨੂੰ ਵੀ ਹਰਾਇਆ। ਭਾਰਤ ਦੇ ਕੰਪਾਊਂਡ ਤੀਰਅੰਦਾਜ਼ੀ ਕੋਚ ਡੇਵ ਕਜ਼ਨਸ ਨੇ ਕਿਹਾ ਕਿ 5 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਮਗਿਆਂ ਦੀ ਇਸ ਪ੍ਰਾਪਤੀ ਨੇ ਆਲੋਚਕਾਂ ਨੂੰ ਹਮੇਸ਼ਾ ਲਈ ਚੁੱਪ ਕਰ ਦੇਣਾ ਚਾਹੀਦਾ ਹੈ। ਰਿਕਰਵ ਤੀਰਅੰਦਾਜ਼ੀ ਟੀਮ ਨੇ ਪੰਜ ਤਮਗੇ ਜਿੱਤੇ ਤੇ ਕੰਪਾਊਂਡ ਤੀਰਅੰਦਾਜ਼ਾਂ ਨੇ 4 ਤਮਗੇ ਜਿੱਤੇ।
ਪੈਰਿਸ ਓਲੰਪਿਕ ਦਾ ਕਾਂਸੀ ਸਭ ਤੋਂ ਸੰਤੋਸ਼ਜਨਕ : ਫੁਲਟਨ ਲਖਨਊ : ਭਾਰਤੀ ਪੁਰਸ਼ ਹਾਕੀ ਟੀਮ ਨੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਲਈ ਏਸ਼ਿਆਈ ਖੇਡਾਂ ’ਚ ਆਪਣੇ ਸੋਨ ਤਮਗੇ ਦਾ ਸ਼ਾਨਦਾਰ ਬਚਾਅ ਕੀਤਾ ਪਰ ਮੁੱਖ ਕੋਚ ਕਰੇਗ ਫੁਲਟਨ ਲਈ ਉਸ ਦੇ ਮੌਜੂਦਾ ਕਾਰਜਕਾਲ ਦਾ ਸਭ ਤੋਂ ਸੰਤੋਸ਼ਜਨਕ ਪਲ ਪੈਰਿਸ ਓਲੰਪਿਕ ’ਚ ਜਿੱਤਿਆ ਕਾਂਸੀ ਦਾ ਤਮਗਾ ਹੈ। ਭਾਰਤ ਨੇ ਫਾਈਨਲ ’ਚ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਏਸ਼ਿਆਈ ਖੇਡਾਂ ਦਾ ਸੋਨ ਤਮਗਾ ਜਿੱਤਿਆ। ਹਾਲਾਂਕਿ ਇਸ ਪ੍ਰਾਪਤੀ ਦੇ ਬਾਵਜੂਦ ਫੁਲਟਨ ਨੇ ਇੱਕ ਇੰਟਰਵਿਊ ’ਚ ਕਿਹਾ ਕਿ ਸਭ ਤੋਂ ਸੰਤੁਸ਼ਟੀਜਨਕ ਪਲ ਸ਼ਾਇਦ ਪੈਰਿਸ ਓਲੰਪਿਕ ਸੀ। ਪੈਰਿਸ ਤੋਂ ਪਹਿਲਾਂ ਅਸੀਂ ਐੱਫਆਈਐੱਚ ਪ੍ਰੋ ਲੀਗ ਤੇ ਆਸਟਰੇਲੀਆ ਖਿਲਾਫ ਹਾਰਾਂ ਦਾ ਸਾਹਮਣਾ ਕਰ ਰਹੇ ਸੀ ਪਰ ਅਸੀਂ ਆਪਣੀਆਂ ਯੋਜਨਾਵਾਂ ਨਾਲ ਸਮਝੌਤਾ ਨਹੀਂ ਕੀਤਾ।