ਏਸ਼ਿਆਈ ਖੇਡਾਂ ਵਿੱਚ ਦੋ ਤਮਗ਼ੇ ਜਿੱਤਣ ਦੇ ਬਾਵਜੂਦ ਨਿਰਾਸ਼ ਹੈ ਅਭੈ ਸਿੰਘ, ਕਿਹਾ- 'ਸੋਨਾ ਜਿੱਤਣ ਤੱਕ ਕੰਮ ਅਧੂਰਾ ਹੈ'
ਪੁਰਸ਼ ਸਿੰਗਲਜ਼ ’ਚ ਚਾਂਦੀ ਦਾ ਤਮਗਾ ਜਿੱਤਣ ਦੇ ਬਾਵਜੂਦ ਉਸ ਦੇ ਚਿਹਰੇ ’ਤੇ ਨਿਰਾਸ਼ਾ ਸਾਫ਼ ਨਜ਼ਰ ਆ ਰਹੀ ਸੀ। ਅਭੈ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰੋਧੀ ਖਿਡਾਰੀਆਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਵਿਅਕਤੀਗਤ ਮੁਕਾਬਲੇ ਦਾ ਨਤੀਜਾ ਸਮਝ ਆਉਂਦਾ ਹੈ ਪਰ ਮੈਂ ਟੀਮ ਈਵੈਂਟ ਦੇ ਨਤੀਜੇ ਤੋਂ ਬਹੁਤ ਨਿਰਾਸ਼ ਹਾਂ।
Publish Date: Mon, 05 Oct 2026 11:19 AM (IST)
Updated Date: Mon, 05 Oct 2026 11:25 AM (IST)
ਨਵੀਂ ਦਿੱਲੀ, ਪੀਟੀਆਈ : ਅਭੈ ਸਿੰਘ ਏਸ਼ਿਆਈ ਖੇਡਾਂ ’ਚ ਦੋ ਤਮਗੇ ਜਿੱਤਣ ਦੇ ਬਾਵਜੂਦ ਬਹੁਤੇ ਸੰਤੁਸ਼ਟ ਨਹੀਂ ਹਨ। ਭਾਰਤੀ ਸਕੁਐਸ਼ ਖਿਡਾਰੀ ਪੁਰਸ਼ ਟੀਮ ਦੇ ਕਾਂਸੀ ਦੇ ਤਮਗੇ ਤੋਂ ਨਿਰਾਸ਼ ਹੈ, ਕਿਉਂਕਿ ਉਸ ਦਾ ਮੰਨਣਾ ਹੈ ਕਿ ਪਿਛਲੀਆਂ ਏਸ਼ਿਆਈ ਖੇਡਾਂ ਤੋਂ ਭਾਰਤ ਕੋਲ ਆਪਣੇ ਸੋਨ ਤਮਗੇ ਦਾ ਬਚਾਅ ਕਰਨ ਦਾ ਪੂਰਾ ਮੌਕਾ ਸੀ। ਅਭੈ ਬਿਨਾਂ ਕਿਸੇ ਮਾਲਾ, ਬੈਂਡ ਜਾਂ ਰੌਲੇ-ਰੱਪੇ ਦੇ ਏਅਰਪੋਰਟ ਤੋਂ ਚੁੱਪ-ਚਾਪ ਘਰ ਪਰਤਿਆ। ਪੁਰਸ਼ ਸਿੰਗਲਜ਼ ’ਚ ਚਾਂਦੀ ਦਾ ਤਮਗਾ ਜਿੱਤਣ ਦੇ ਬਾਵਜੂਦ ਉਸ ਦੇ ਚਿਹਰੇ ’ਤੇ ਨਿਰਾਸ਼ਾ ਸਾਫ਼ ਨਜ਼ਰ ਆ ਰਹੀ ਸੀ। ਅਭੈ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਿਰੋਧੀ ਖਿਡਾਰੀਆਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਵਿਅਕਤੀਗਤ ਮੁਕਾਬਲੇ ਦਾ ਨਤੀਜਾ ਸਮਝ ਆਉਂਦਾ ਹੈ ਪਰ ਮੈਂ ਟੀਮ ਈਵੈਂਟ ਦੇ ਨਤੀਜੇ ਤੋਂ ਬਹੁਤ ਨਿਰਾਸ਼ ਹਾਂ।
“ਮੈਂ ਸੱਚਮੁੱਚ ਸੋਚਦਾ ਹਾਂ ਕਿ ਸਾਡੇ ਕੋਲ ਸੋਨ ਤਮਗਾ ਜਿੱਤਣ ਲਈ ਡੂੰਘਾਈ ਅਤੇ ਗੁਣਵੱਤਾ ਸੀ ਪਰ ਖੇਡ ਇਸ ਤਰ੍ਹਾਂ ਕੰਮ ਨਹੀਂ ਕਰਦੀ,” ਉਸ ਨੇ ਕਿਹਾ। ਉਮੀਦ ਹੈ ਕਿ ਅਸੀਂ ਅਗਲੀ ਵਾਰ ਮਜ਼ਬੂਤ ਵਾਪਸੀ ਕਰਾਂਗੇ ਤੇ ਬਿਹਤਰ ਪ੍ਰਦਰਸ਼ਨ ਕਰਾਂਗੇ। ਅਭੈ ਏਸ਼ਿਆਈ ਖੇਡਾਂ ’ਚ ਪੁਰਸ਼ ਸਿੰਗਲ ਸਕੁਐਸ਼ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਪੁਰਸ਼ ਖਿਡਾਰੀ ਬਣਿਆ। ਉਨ੍ਹਾਂ ਤੋਂ ਪਹਿਲਾਂ ਸੌਰਵ ਘੋਸ਼ਾਲ ਨੇ ਇਹ ਉਪਲਬਧੀ ਹਾਸਲ ਕੀਤੀ ਸੀ। ਉਸ ਨੇ ਕਿਹਾ ਕਿ ਇਹ ਉਪਲਬਧੀ ਹਾਸਲ ਕਰਨ ਵਾਲਾ ਸਿਰਫ ਦੂਜਾ ਭਾਰਤੀ ਹੋਣਾ ਮੇਰੇ ਲਈ ਇਸ ਸਮੇਂ ਜ਼ਿਆਦਾ ਮਾਅਨੇ ਨਹੀਂ ਰੱਖਦਾ ਕਿਉਂਕਿ ਇਹ ਅਜੇ ਵੀ ਚਾਂਦੀ ਦਾ ਤਮਗਾ ਹੈ। ਸੋਨਾ ਜਿੱਤਣ ਤੱਕ ਕੰਮ ਅਧੂਰਾ ਹੈ। ਭਾਰਤ ਨੇ ਹੁਣ ਤੱਕ ਇਸ ਈਵੈਂਟ 'ਚ ਸੋਨ ਤਮਗਾ ਨਹੀਂ ਜਿੱਤਿਆ ਹੈ ਤੇ ਉਮੀਦ ਹੈ ਕਿ ਅਗਲੀ ਵਾਰ ਇਸ 'ਚ ਬਦਲਾਅ ਹੋਵੇਗਾ। ਭਾਰਤੀ ਸਕੁਐਸ਼ ਖਿਡਾਰੀਆਂ ਦਾ ਧਿਆਨ ਹੁਣ 2028 ਲਾਸ ਏਂਜਲਸ ਉਲੰਪਿਕ ਲਈ ਕੁਆਲੀਫਾਈ ਕਰਨਾ ਹੋਵੇਗਾ, ਜਿੱਥੇ ਸਕੁਐਸ਼ ਪਹਿਲੀ ਵਾਰ ਉਲੰਪਿਕ ਖੇਡਾਂ ਦਾ ਹਿੱਸਾ ਹੋਵੇਗਾ।