ਸੜਕ ਹਾਦਸੇ ਨੇ ਬਦਲੀ ਜ਼ਿੰਦਗੀ, ਪਰ ਆਤਮਵਿਸ਼ਵਾਸ ਨਾ ਹੋਇਆ ਕਮਜ਼ੋਰ; ਜਾਣੋ ਪੈਰਾ ਐਥਲੀਟ ਸਚਿਨ ਚਮਰੀਆ ਦੇ ਸੰਘਰਸ਼ ਤੇ ਜਜ਼ਬੇ ਦੀ ਦਾਸਤਾਨ
ਸਾਲ 2008 ’ਚ ਇਕ ਸੜਕ ਹਾਦਸੇ ’ਚ ਸਚਿਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਹਾਦਸੇ ਤੋਂ ਪਹਿਲਾਂ ਉਹ ਮਾਰਸ਼ਲ ਆਰਟਸ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਸੀ ਤੇ ਰਾਸ਼ਟਰੀ ਪੱਧਰ ’ਤੇ ਤਾਇਕਵਾਂਡੋ ਚੈਂਪੀਅਨ ਸੀ। ਉਹ ਰੈਗੂਲਰ ਤੌਰ ’ਤੇ ਫੁੱਟਬਾਲ ਤੇ ਕ੍ਰਿਕਟ ਵੀ ਖੇਡਦਾ ਸੀ।
Publish Date: Wed, 23 Sep 2026 12:05 PM (IST)
Updated Date: Wed, 23 Sep 2026 12:16 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸਚਿਨ ਚਮਰੀਆ ਦਾ ਸਫ਼ਰ ਦ੍ਰਿੜ੍ਹ ਸੰਕਲਪ, ਸੰਘਰਸ਼ ਤੇ ਕਦੀ ਹਾਰ ਨਾ ਮੰਨਣ ਦੇ ਜਜ਼ਬੇ ਦੀ ਪ੍ਰੇਰਕ ਕਹਾਣੀ ਹੈ। ਪੈਰਾ ਸਪੋਰਟਸ ਦੀ ਦੁਨੀਆ ’ਚ ਬੋਚੀਆ ਵਰਗੀ ਖੇਡ ਨੂੰ ਭਾਰਤ ’ਚ ਪਛਾਣ ਦਿਵਾਉਣ ਦੀ ਉਸਦੀ ਕੋਸ਼ਿਸ਼ ਦੱਸਦੀ ਹੈ ਕਿ ਸਫਲਤਾ ਦਾ ਰਾਹ ਹਮੇਸ਼ਾ ਰਵਾਇਤੀ ਨਹੀਂ ਹੁੰਦਾ। ਲਾਅਨ ਬਾਲਜ਼ ਨਾਲ ਮਿਲਦੀ-ਜੁਲਦੀ ਇਸ ਖੇਡ ਦੇ ਨਿਯਮ ਭਾਵੇਂ ਆਸਾਨ ਨਜ਼ਰ ਆਉਣ ਪਰ ਇਸ ਵਿਚ ਰਣਨੀਤੀ, ਸਟੀਕਤਾ ਤੇ ਸਬਰ ਦੀ ਅਹਿਮ ਭੂਮਿਕਾ ਹੁੰਦੀ ਹੈ। ਸਚਿਨ ਦੀ ਕਹਾਣੀ ਨਾ ਸਿਰਫ ਬੋਚੀਆ ਵਰਗੀ ਖੇਡ ਨੂੰ ਸਮਝਣ ਦਾ ਮੌਕਾ ਦਿੰਦੀ ਹੈ, ਬਲਕਿ ਇਹ ਵੀ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਇਹ ਖੇਡ ਪੈਰਾਲੰਪਿਕ ’ਚ ਭਾਰਤ ਲਈ ਸਫਲਤਾ ਦੀਆਂ ਨਵੀਆਂ ਸੰਭਾਵਨਾਵਾਂ ਖੋਲ੍ਹ ਸਕਦੀ ਹੈ।
ਸਾਲ 2008 ’ਚ ਇਕ ਸੜਕ ਹਾਦਸੇ ’ਚ ਸਚਿਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਹਾਦਸੇ ਤੋਂ ਪਹਿਲਾਂ ਉਹ ਮਾਰਸ਼ਲ ਆਰਟਸ ’ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਸੀ ਤੇ ਰਾਸ਼ਟਰੀ ਪੱਧਰ ’ਤੇ ਤਾਇਕਵਾਂਡੋ ਚੈਂਪੀਅਨ ਸੀ। ਉਹ ਰੈਗੂਲਰ ਤੌਰ ’ਤੇ ਫੁੱਟਬਾਲ ਤੇ ਕ੍ਰਿਕਟ ਵੀ ਖੇਡਦਾ ਸੀ। ਹਾਦਸੇ ਤੋਂ ਬਾਅਦ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਪਰ ਉਸਨੇ ਆਪਣਾ ਆਤਮਵਿਸ਼ਵਾਸ ਕਮਜ਼ੋਰ ਨਹੀਂ ਹੋਣ ਦਿੱਤਾ। ਸਚਿਨ ਨੇ ਕਿਹਾ ਕਿ ਮੈਂ ਅਤੀਤ ’ਚ ਜਾ ਕੇ ਆਪਣੀ ਸੱਟ ਨੂੰ ਮਿਟਾ ਨਹੀਂ ਸਕਦਾ। ਜੋ ਹੋਣਾ ਸੀ, ਉਹ ਹੋ ਗਿਆ। ਮੇਰੇ ਸਾਹਮਣੇ ਦੋ ਰਾਹ ਸਨ। ਪਹਿਲਾ ਇਹ ਕਿ ਮੈਂ ਹਾਦਸੇ ਦੇ ਸਬੰਧ ’ਚ ਸੋਚ ਕੇ ਰੋਂਦਾ ਰਹਾਂ ਤੇ ਪਰੇਸ਼ਾਨ ਹੁੰਦਾ ਰਹਾਂ ਤੇ ਦੂਜਾ ਰਾਹ ਇਹ ਸੀ ਕਿ ਮੈਂ ਸੋਚਾਂ ਕਿ ਹੁਣ ਆਪਣੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰ ਸਕਦਾ ਹਾਂ। ਮੈਂ ਦੂਜਾ ਰਾਹ ਚੁਣਿਆ। ਉਸਨੇ ਕਿਹਾ ਕਿ ਮੈਂ ਅਤੀਤ ਨੂੰ ਨਹੀਂ ਬਦਲ ਸਕਦਾ ਪਰ ਅੱਜ ਕਿਵੇਂ ਜਿਊਣਾ ਹੈ, ਇਹ ਮੇਰੇ ਹੱਥ ’ਚ ਹੈ। ਸਚਿਨ ਨੇ ਦੱਸਿਆ ਕਿ ਇਸ ਮੁਸ਼ਕਲ ਦੌਰ ’ਚ ਉਸਦੇ ਪਰਿਵਾਰ ਨੇ ਉਸਦਾ ਪੂਰਾ ਸਾਥ ਦਿੱਤਾ।
ਪਰਿਵਾਰ ਦੇ ਸਮਰਥਨ ਨੇ ਉਸ ਨੂੰ ਦੁਬਾਰਾ ਅੱਗੇ ਵਧਣ ਤੇ ਖੇਡ ਨਾਲ ਜੁੜਨ ਦੀ ਤਾਕਤ ਦਿੱਤੀ। ਬੋਚੀਆ ਦੇ ਸਬੰਧ ’ਚ ਸਚਿਨ ਨੇ ਕਿਹਾ ਕਿ ਇਸ ਖੇਡ ’ਚ ਸਰੀਰਕ ਤਾਕਤ ਤੋਂ ਵੱਧ ਦਿਮਾਗ਼ ਦੀ ਵਰਤੋਂ ਕਰਨੀ ਪੈਂਦੀ ਹੈ। ਉਸਨੇ ਕਿਹਾ ਕਿ ਜੇ ਤੁਸੀਂ ਰਣਨੀਤੀ ਨਹੀਂ ਬਣਾ ਸਕਦੇ ਤਾਂ ਇਸ ਖੇਡ ’ਚ ਸਫਲ ਹੋਣਾ ਮੁਸ਼ਕਲ ਹੈ। ਇਸ ਵਿਚ ਜ਼ਿਆਦਾ ਸਰੀਰਕ ਤਾਕਤ ਦੀ ਲੋੜ ਨਹੀਂ ਹੁੰਦੀ, ਬਲਕਿ ਤੁਹਾਨੂੰ ਲਗਾਤਾਰ ਆਪਣੇ ਦਿਮਾਗ਼ ਦੀ ਵਰਤੋਂ ਕਰਨੀ ਪੈਂਦੀ ਹੈ। ਸਚਿਨ ਨੇ ਕਿਹਾ ਕਿ ਰਣਨੀਤੀ ਬਣਾਉਣਾ ਤੇ ਹਰ ਸਮੇਂ ਕੁਝ ਨਵਾਂ ਸੋਚਦੇ ਰਹਿਣਾ ਉਸ ਨੂੰ ਸ਼ੁਰੂ ਤੋਂ ਹੀ ਪਸੰਦ ਹੈ। ਉਸਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ’ਚੋਂ ਹਾਂ, ਜੋ ਖਾਲੀ ਨਹੀਂ ਬੈਠ ਸਕਦੇ। ਮੇਰਾ ਦਿਮਾਗ਼ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ’ਚ ਲੱਗਾ ਰਹਿੰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਬੋਚੀਆ ਦਾ ਇਹ ਪੱਖ ਮੈਨੂੰ ਹਮੇਸ਼ਾ ਤੋਂ ਆਕਰਸ਼ਿਤ ਕਰਦਾ ਰਿਹਾ ਹੈ।