ਏਸ਼ਿਆਈ ਖੇਡਾਂ 'ਚੋਂ 5 ਟੈਨਿਸ ਖਿਡਾਰੀਆਂ ਦਾ ਪੱਤਾ ਸਾਫ਼, ਸਾਈ ਨੇ ਕਿਹਾ- ਨਿਰਧਾਰਿਤ ਮਾਪਦੰਡਾਂ 'ਤੇ ਖਰੇ ਨਹੀਂ ਉੱਤਰੇ ਖਿਡਾਰੀ
ਭਾਰਤ ਦੀਆਂ ਏਸ਼ਿਆਈ ਖੇਡਾਂ ਦੀ ਟੈਨਿਸ ਟੀਮ ਤੋਂ ਬਾਹਰ ਕੀਤੇ ਗਏ ਪੰਜ ਖਿਡਾਰੀਆਂ ਦੇ ਨਾਂ ਅਖਿਲ ਭਾਰਤੀ ਟੈਨਿਸ ਐਸੋਸੀਏਸ਼ਨ (ਏਆਈਟੀਏ) ਵੱਲੋਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੂੰ ਭੇਜੀ ਗਈ ਸੂਚੀ ’ਚ ਸ਼ਾਮਲ ਨਹੀਂ ਸਨ।
Publish Date: Wed, 26 Aug 2026 11:32 AM (IST)
Updated Date: Wed, 26 Aug 2026 11:36 AM (IST)
ਨਵੀਂ ਦਿੱਲੀ (ਪੀਟੀਆਈ) : ਭਾਰਤ ਦੀਆਂ ਏਸ਼ਿਆਈ ਖੇਡਾਂ ਦੀ ਟੈਨਿਸ ਟੀਮ ਤੋਂ ਬਾਹਰ ਕੀਤੇ ਗਏ ਪੰਜ ਖਿਡਾਰੀਆਂ ਦੇ ਨਾਂ ਅਖਿਲ ਭਾਰਤੀ ਟੈਨਿਸ ਐਸੋਸੀਏਸ਼ਨ (ਏਆਈਟੀਏ) ਵੱਲੋਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੂੰ ਭੇਜੀ ਗਈ ਸੂਚੀ ’ਚ ਸ਼ਾਮਲ ਨਹੀਂ ਸਨ। ਭਾਰਤੀ ਖੇਡ ਅਥਾਰਟ (ਸਾਈ) ਦੇ ਇਕ ਸੂਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਤੇ ਕਿਹਾ ਕਿ ਨਿਰਧਾਰਿਤ ਅੰਤਰਰਾਸ਼ਟਰੀ ਰੈਂਕਿੰਗ ਮਾਪਦੰਡ ਪੂਰੇ ਨਾ ਹੋਣ ਕਾਰਨ ਉਨ੍ਹਾਂ ਨੂੰ ਟੀਮ ’ਚ ਥਾਂ ਨਹੀਂ ਮਿਲੀ।
ਮਾਨਸ ਧਾਮਨੇ (ਮਰਦ ਸਿੰਗਲਜ਼), ਵੈਸ਼ਣਵੀ ਅਡਕਰ, ਸਹਿਜਾ ਯਮਲਾਪੱਲੀ (ਮਹਿਲਾ ਸਿੰਗਲਜ਼) ਵੈਦੇਹੀ ਚੌਧਰੀ ਤੇ ਪ੍ਰਾਰਥਨਾ ਥੋਂਬਾਰੇ (ਮਹਿਲਾ ਡਬਲਜ਼) ਸੱਤ ਮੈਂਬਰੀ ਭਾਰਤੀ ਟੈਨਿਸ ਟੀਮ ’ਚ ਥਾਂ ਨਹੀਂ ਬਣਾ ਸਕੇ ਕਿਉਂਕਿ ਉਹ ਮਹਾਦੀਪੀ ਰੈਂਕਿੰਗ ’ਚ ਸਿਖਰਲੇ ਅੱਠ ’ਚ ਹੋਣ ਦੇ ਮਾਪਦੰਡ ਨੂੰ ਪੂਰਾ ਨਹੀਂ ਕਰਦੇ ਸਨ। ਸੂਤਰ ਅਨੁਸਾਰ, ਮੰਤਰਾਲੇ ਨੂੰ ਆਈਓਏ ਵੱਲੋਂ ਸਾਂਝੀ ਕੀਤੀ ਗਈ ਆਖਰੀ ਸੂਚੀ ’ਚ ਉਨ੍ਹਾਂ ਦੇ ਨਾਂ ਨਹੀਂ ਮਿਲੇ ਸਨ। ਇਨ੍ਹਾਂ ਖਿਡਾਰੀਆਂ ਨੂੰ ਬਾਹਰ ਕੀਤਾ ਜਾਣਾ ਠੀਕ ਹੈ ਕਿਉਂਕਿ ਉਨ੍ਹਾਂ ਦੇ ਹਾਲ ਹੀ ਦੇ ਪ੍ਰਦਰਸ਼ਨ ਨਾਲ ਵੀ ਮੈਡਲ ਜਿੱਤਣ ਦੀ ਸੰਭਾਵਨਾ ਜਾਂ ਮੁਕਾਬਲੇਬਾਜ਼ੀ ’ਚ ਪ੍ਰਭਾਵਸ਼ਾਲੀ ਹਿੱਸੇਦਾਰੀ ਦੀ ਸਮਰੱਥਾ ਨਹੀਂ ਝਲਕਦੀ। ਖੇਡ ਮੰਤਰਾਲੇ ਦੇ ਚੋਣ ਮਾਪਦੰਡ ਅਨੁਸਾਰ ਸਿੰਗਲਜ਼ ਮੁਕਾਬਲਿਆਂ ’ਚ ਖਿਡਾਰੀਆਂ ਦਾ ਏਸ਼ੀਆ ’ਚ ਟਾਪ ਛੇ ’ਚ ਤੇ ਡਬਲਜ਼ ’ਚ ਟਾਪ ਅੱਠ ’ਚ ਹੋਣਾ ਜ਼ਰੂਰੀ ਸੀ। ਇਸਦੇ ਲਈ 12 ਮਹੀਨੇ ਦੀ ਮਿਆਦ ’ਚ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਗਿਆ।