- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਕ੍ਰਿਸ਼ਨਾ ਨਾਗਰ ਤੇ ਸਿਵਰਾਜਨ ਸੋਲਾਈਮਲਾਈ ਨੇ ਪੁਰਸ਼ ਡਬਲਜ਼ ਐੱਸਐੱਚ6 ਬੈਡਮਿੰਟਨ ਮੁਕਾਬਲੇ ’ਚ ਚਾਂਦੀ ਦਾ ਤਮਗ਼ਾ ਜਿੱਤਿਆ, ਜਦਕਿ ਐੱਸਐੱਲ4 ਵਰਗ ’ਚ ਭਾਰਤ ਲਈ ਤਿੰਨ ਤਮਗ਼ੇ ਪੱਕੇ ਹੋਏ।

ਨਾਗੋਯਾ, ਪੀਟੀਆਈ : ਭਾਰਤ ਦੇ ਕ੍ਰਿਸ਼ਨਾ ਨਾਗਰ ਤੇ ਸਿਵਰਾਜਨ ਸੋਲਾਈਮਲਾਈ ਨੇ ਪੁਰਸ਼ ਡਬਲਜ਼ ਐੱਸਐੱਚ6 ਬੈਡਮਿੰਟਨ ਮੁਕਾਬਲੇ ’ਚ ਚਾਂਦੀ ਦਾ ਤਮਗ਼ਾ ਜਿੱਤਿਆ, ਜਦਕਿ ਐੱਸਐੱਲ4 ਵਰਗ ’ਚ ਭਾਰਤ ਲਈ ਤਿੰਨ ਤਮਗ਼ੇ ਪੱਕੇ ਹੋਏ। ਕ੍ਰਿਸ਼ਨਾ ਤੇ ਸਿਵਰਾਜਨ ਨੇ ਤਿੰਨ ਮੈਚਾਂ ’ਚੋਂ ਇੱਕ ਜਿੱਤ ਤੇ ਦੋ ਹਾਰਾਂ ਦਰਜ ਕਰਕੇ ਦੂਜਾ ਸਥਾਨ ਹਾਸਲ ਕੀਤਾ। ਕਿਉਂਕਿ ਕੁੱਲ ਚਾਰ ਟੀਮਾਂ ਹੀ ਸਨ, ਇਸ ਲਈ ਤਮਗ਼ਿਆਂ ਦਾ ਫੈਸਲਾ ਗਰੁੱਪ ’ਚ ਅੰਤਿਮ ਦਰਜਾਬੰਦੀ ਦੇ ਆਧਾਰ ’ਤੇ ਕੀਤਾ ਗਿਆ।
ਪੈਰਾ-ਬੈਡਮਿੰਟਨ ’ਚ ਐੱਸਐੱਚ6 ਵਰਗ ਘੱਟ ਕੱਦ ਵਾਲੇ ਖਿਡਾਰੀਆਂ ਲਈ ਹੁੰਦਾ ਹੈ। ਇਸ ਤੋਂ ਪਹਿਲਾਂ, ਭਾਰਤ ਨੇ ਪੁਰਸ਼ ਸਿੰਗਲਜ਼ ਐੱਸਐੱਲ4 ਬੈਡਮਿੰਟਨ ਮੁਕਾਬਲੇ ’ਚ ਤਿੰਨ ਤਮਗ਼ੇ ਪੱਕੇ ਕਰ ਲਏ ਸਨ, ਕਿਉਂਕਿ ਮੌਜੂਦਾ ਚੈਂਪੀਅਨ ਤੇ ਉੱਤਰ ਪ੍ਰਦੇਸ਼ ਦੇ ਖੇਡ ਸਕੱਤਰ ਸੁਹਾਸ ਐੱਲ.ਵਾਈ. ਸਮੇਤ ਦੋ ਹੋਰ ਭਾਰਤੀ ਖਿਡਾਰੀ ਸੈਮੀਫਾਈਨਲ ’ਚ ਪਹੁੰਚ ਗਏ ਹਨ। ਇੱਕ ਆਈਏਐੱਸ ਅਧਿਕਾਰੀ ਤੇ ਮੌਜੂਦਾ ਸਮੇਂ ’ਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ, ਸੁਹਾਸ ਨੇ ਕੋਰੀਆ ਦੇ ਚੋ ਨਾਦਾਨ ਨੂੰ 21-12, 21-16 ਨਾਲ ਹਰਾ ਕੇ ਸੈਮੀਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ, ਜਿੱਥੇ ਉਨ੍ਹਾਂ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਫਰੈਡੀ ਸੇਤੀਆਵਾਨ ਨਾਲ ਹੋਵੇਗਾ। ਇੱਕ ਹੋਰ ਕੁਆਰਟਰ ਫਾਈਨਲ ਮੈਚ ’ਚ ਸੇਤੀਆਵਾਨ ਨੇ ਭਾਰਤ ਦੇ ਸੁਕਾਂਤ ਕਦਮ ਨੂੰ 21-17, 18-21, 21-15 ਨਾਲ ਹਰਾਇਆ।
ਦੂਜਾ ਸੈਮੀਫਾਈਨਲ ਦੋ ਹੋਰ ਭਾਰਤੀਆਂ, ਨਵੀਨ ਸ਼ਿਵਕੁਮਾਰ ਅਤੇ ਅਭਿਜੀਤ ਸਖੂਜਾ ਵਿਚਕਾਰ ਖੇਡਿਆ ਜਾਵੇਗਾ। ਨਵੀਨ ਨੇ ਕੁਆਰਟਰ ਫਾਈਨਲ ਵਿੱਚ ਕੋਰੀਆ ਦੇ ਸ਼ਿਨ ਕਯੁੰਗ-ਹਵਾਨ ਨੂੰ 21-14, 21-4 ਨਾਲ ਹਰਾਇਆ, ਜਦਕਿ ਅਭਿਜੀਤ ਨੇ ਆਪਣੇ ਹੀ ਦੇਸ਼ ਦੇ ਸੂਰਿਆਕਾਂਤ ਯਾਦਵ ਨੂੰ 21-16, 21-12 ਨਾਲ ਚਿਤ ਕੀਤਾ। ਐੱਸਐੱਲ4 ਵਰਗ ’ਚ ਉਹ ਖਿਡਾਰੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੇ ਹੇਠਲੇ ਅੰਗਾਂ (ਲੱਤਾਂ) ’ਚ ਅਪੰਗਤਾ ਹੁੰਦੀ ਹੈ, ਪਰ ਉਹ ਐੱਸਐੱਲ3 ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਦੌੜਨ ਵੇਲੇ ਬਿਹਤਰ ਸੰਤੁਲਨ ਬਣਾ ਕੇ ਰੱਖ ਸਕਦੇ ਹਨ।