- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰੇਕ ਮਨੁੱਖ ਆਪਣੇ ਜੀਵਨ ਵਿਚ ਉੱਨਤੀ ਕਰਨੀ ਚਾਹੁੰਦਾ ਹੈ। ਅੱਗੇ ਵਧਣਾ ਚਾਹੁੰਦਾ ਹੈ ਪਰ ਜਿਨ੍ਹਾਂ ਦਾ ਟੀਚਾ ਮਜ਼ਬੂਤ ਹੈ, ਆਤਮ-ਵਿਸ਼ਵਾਸ ਬਹੁਤ ਹੈ, ਮਨ ਇਕਾਗਰ ਹੈ, ਉਹੀ ਉੱਨਤੀ ਦੇ ਮਾਰਗ ’ਤੇ ਵਧਦੇ ਜਾਂਦੇ ਹਨ।

ਮਸਲਨ ਆਪਣਾ ਦਾਇਰਾ ਵਧਾਓ ਤੇ ਤੰਗਦਿਲੀ ਵਾਲੀ ਮਾਨਸਿਕਤਾ ਤੋਂ ਉੱਪਰ ਉੱਠ ਕੇ ਸਮਾਜਿਕ ਬਣੋ। ਅੱਜ ਦੀਆਂ ਪ੍ਰਾਪਤੀਆਂ ’ਤੇ ਤਸੱਲੀ ਕਰੋ ਅਤੇ ਭਾਵੀ ਤਰੱਕੀ ਦੀ ਉਮੀਦ ਕਰੋ। ਦੂਜਿਆਂ ਦੇ ਔਗੁਣ ਲੱਭਣ ਵਿਚ ਤਾਕਤ ਜ਼ਾਇਆ ਨਾ ਕਰੋ ਅਤੇ ਆਪਣੇ-ਆਪ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਵਿਚ ਲੱਗੇ ਰਹੋ। ਔਕੜਾਂ ਨੂੰ ਦੇਖ ਕੇ ਚਿੰਤਾ ਨਾ ਕਰੋ, ਨਾ ਹੀ ਨਿਰਾਸ਼ ਹੋਵੋ, ਸਗੋਂ ਸਬਰ ਅਤੇ ਸਾਹਸ ਦੇ ਨਾਲ ਉਨ੍ਹਾਂ ਨੂੰ ਹੱਲ ਕਰਨ ਵਿਚ ਰੁੱਝ ਜਾਓ। ਹਰ ਕਿਸੇ ਵਿਚ ਚੰਗੇ ਗੁਣ ਲੱਭੋ ਅਤੇ ਉਸ ਤੋਂ ਕੁਝ ਸਿੱਖ ਕੇ ਆਪਣਾ ਗਿਆਨ ਅਤੇ ਤਜਰਬਾ ਵਧਾਓ।
ਜ਼ਾਹਿਰ ਹੈ ਕਿ ਉੱਨਤੀ ਲਈ ਸਬਰ, ਹੌਸਲਾ, ਮਨੋਬਲ, ਉਮੀਦ, ਆਤਮ-ਵਿਸ਼ਵਾਸ, ਇੱਛਾ ਸ਼ਕਤੀ, ਮਿਹਨਤ ਦੇ ਨਾਲ-ਨਾਲ ਵਿਵੇਕ ਅਤੇ ਬੁੱਧੀ ਦੀ ਵਰਤੋਂ ਕਰਦੇ ਹੋਏ ਆਪਣੇ ਟੀਚੇ ਵੱਲ ਵਧਣਾ ਬਹੁਤ ਜ਼ਰੂਰੀ ਹੈ। ਜੋ ਮਨੁੱਖ ਉਕਤ ਗੱਲਾਂ ਨੂੰ ਧਾਰਨ ਕਰ ਕੇ ਆਪਣਾ ਕਾਰਜ ਕਰਦੇ ਹਨ, ਉਹੀ ਅੱਗੇ ਵਧਦੇ ਜਾਂਦੇ ਹਨ ਅਤੇ ਜੀਵਨ ਵਿਚ ਸਫਲਤਾ ਹਾਸਲ ਕਰਦੇ ਹਨ ਪਰ ਜੋ ਆਉਣ ਵਾਲੀਆਂ ਸਮੱਸਿਆਵਾਂ ਅਤੇ ਕਠਿਨਾਈਆਂ ਤੋਂ ਘਬਰਾ ਕੇ ਸਬਰ ਅਤੇ ਹੌਸਲੇ ਦਾ ਪੱਲਾ ਛੱਡ ਦਿੰਦੇ ਹਨ, ਉਹ ਓਥੇ ਹੀ ਰੁਕ ਕੇ ਟੁੱਟ ਜਾਂਦੇ ਹਨ, ਖਿੰਡ ਜਾਂਦੇ ਹਨ। ਕੁਝ ਮਨੁੱਖ ਅਜਿਹੇ ਵੀ ਹੁੰਦੇ ਹਨ ਜੋ ਕਰਮ ਤੋਂ ਜ਼ਿਆਦਾ ਆਪਣੀ ਕਿਸਮਤ ’ਤੇ ਯਕੀਨ ਕਰਦੇ ਹਨ ਅਤੇ ਅਸਫਲ ਹੋਣ ’ਤੇ ਆਪਣੀ ਤਕਦੀਰ ਨੂੰ ਦੋਸ਼ ਦੇਣ ਲੱਗਦੇ ਹਨ ਪਰ ਇਸ ਨੂੰ ਸੱਚ ਅਤੇ ਵਿਵਹਾਰਕ ਨਹੀਂ ਕਿਹਾ ਜਾ ਸਕਦਾ।
ਸਾਡੇ ਚੰਗੇ ਕਰਮ ਸਾਡੀ ਕਿਸਮਤ ਦਾ ਖ਼ੁਦ ਹੀ ਨਿਰਮਾਣ ਕਰ ਦਿੰਦੇ ਹਨ। ਸੰਸਾਰ ਵਿਚ ਜਿੰਨੇ ਵੀ ਸਫਲ ਮਨੁੱਖ ਅਤੇ ਮਹਾਪੁਰਖ ਹੋਏ ਹਨ, ਚਾਹੇ ਜਿਸ ਵੀ ਖੇਤਰ ਦੇ ਰਹੇ ਹੋਣ, ਉਹ ਸਾਰੀਆਂ ਕਠਿਨਾਈਆਂ ਤੋਂ ਘਬਰਾ ਕੇ ਨਹੀਂ ਸਗੋਂ ਉਨ੍ਹਾਂ ਦਾ ਸਾਹਮਣਾ ਅਤੇ ਹੱਲ ਕਰ ਕੇ ਆਪਣੇ ਟੀਚੇ ਵੱਲ ਵਧਦੇ ਰਹੇ। ਜੇਕਰ ਸਾਨੂੰ ਆਪਣੇ ਜੀਵਨ ਨੂੰ ਸਾਰਥਕ ਬਣਾਉਣਾ ਹੈ ਅਤੇ ਉੱਨਤੀ ਦੇ ਸਿਖਰ ’ਤੇ ਲੈ ਕੇ ਜਾਣਾ ਹੈ ਤਾਂ ਸਾਨੂੰ ਵੀ ਦ੍ਰਿੜ੍ਹ ਸੰਕਲਪ ਦੇ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ।
-ਡਾ. ਰਾਕੇਸ਼ ਚੱਕਰ।