ਭਾਰਤ ਦੇ ਇਨ੍ਹਾਂ ਇਲਾਕਿਆਂ ’ਚ ਦੁਸਹਿਰੇ ’ਤੇ ਨਹੀਂ ਸਾੜਿਆ ਜਾਂਦਾ ਰਾਵਣ ਦਾ ਪੁਤਲਾ, ਜਵਾਈ ਤੇ ਵਿਦਵਾਨ ਮੰਨ ਕੇ ਕੀਤੀ ਜਾਂਦੀ ਹੈ ਪੂਜਾ
ਵਿਜੇਦਸ਼ਮੀ ਦੇ ਮੌਕੇ ’ਤੇ ਜਿੱਥੇ ਦੇਸ਼ ਭਰ ’ਚ ਰਾਵਣ ਦਹਿਨ ਕੀਤਾ ਜਾਂਦਾ ਹੈ, ਉੱਥੇ ਹੀ ਭਾਰਤ ’ਚ ਕੁਝ ਅਜਿਹੇ ਸਥਾਨ ਵੀ ਹਨ, ਜਿੱਥੇ ਰਾਵਣ ਨੂੰ ਸਾੜਨ ਦੀ ਬਜਾਏ ਉਸ ਦੀ ਪੂਜਾ ਕੀਤੀ ਜਾਂਦੀ ਹੈ। ਮੰਦਸੌਰ, ਬਿਸਰਖ ਤੇ ਕਾਨਪੁਰ ਵਰਗੇ ਕਈ ਸਥਾਨਾਂ ’ਤੇ ਰਾਵਣ ਨੂੰ ਵਿਦਵਾਨ ਤੇ ਸ਼ਿਵ ਭਗਤ ਵਜੋਂ ਸਨਮਾਨ ਦਿੱਤਾ ਜਾਂਦਾ ਹੈ। ਇਨ੍ਹਾਂ ਥਾਵਾਂ ’ਤੇ ਦੁਸਹਿਰੇ ਮੌਕੇ ਵਿਸ਼ੇਸ਼ ਧਾਰਮਿਕ ਰਸਮਾਂ ਵੀ ਨਿਭਾਈਆਂ ਜਾਂਦੀਆਂ ਹਨ।
Publish Date: Thu, 15 Oct 2026 03:34 PM (IST)
Updated Date: Thu, 15 Oct 2026 03:45 PM (IST)
ਧਰਮ ਡੈਸਕ, ਨਵੀਂ ਦਿੱਲੀ। ਨਰਾਤਿਆਂ ਦੇ ਦਸਵੇਂ ਦਿਨ ਯਾਨੀ ਵਿਜੇਦਸ਼ਮੀ ਦੇ ਮੌਕੇ ’ਤੇ ਦੇਸ਼ ਭਰ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਦੁਸਹਿਰਾ 20 ਅਕਤੂਬਰ 2026, ਮੰਗਲਵਾਰ ਨੂੰ ਮਨਾਇਆ ਜਾਵੇਗਾ। ਦੇਸ਼ ਦੇ ਕਈ ਹਿੱਸਿਆਂ ’ਚ ਇਸ ਦਿਨ ਰਾਵਣ ਦਹਿਨ ਯਾਨੀ ਰਾਵਣ ਦਾ ਪੁਤਲਾ ਸਾੜਨ ਦੀ ਪਰੰਪਰਾ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਸਹਿਰੇ ਦਾ ਤਿਉਹਾਰ ਹਰ ਥਾਂ ਇੱਕੋ ਤਰ੍ਹਾਂ ਨਹੀਂ ਮਨਾਇਆ ਜਾਂਦਾ।
ਭਾਰਤ ’ਚ ਕੁਝ ਅਜਿਹੀਆਂ ਥਾਵਾਂ ਵੀ ਹਨ, ਜਿੱਥੇ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਉਸ ਦੀ ਪੂਜਾ ਕੀਤੀ ਜਾਂਦੀ ਹੈ। ਸੁਣਨ ’ਚ ਇਹ ਗੱਲ ਥੋੜ੍ਹੀ ਹੈਰਾਨੀਜਨਕ ਲੱਗ ਸਕਦੀ ਹੈ, ਪਰ ਕੁਝ ਸਥਾਨਕ ਪਰੰਪਰਾਵਾਂ ’ਚ ਰਾਵਣ ਪ੍ਰਤੀ ਸਤਿਕਾਰ ਤੇ ਸ਼ਰਧਾ ਦਾ ਭਾਵ ਰੱਖਿਆ ਜਾਂਦਾ ਹੈ। ਆਓ ਜਾਣਦੇ ਹਾਂ ਭਾਰਤ ਦੇ ਉਨ੍ਹਾਂ ਖ਼ਾਸ ਸਥਾਨਾਂ ਬਾਰੇ, ਜਿੱਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ। ਇਨ੍ਹਾਂ ਪਰੰਪਰਾਵਾਂ ਨਾਲ ਜੁੜੀਆਂ ਕਹਾਣੀਆਂ ਸਥਾਨਕ ਮਾਨਤਾਵਾਂ ਤੇ ਰੀਤੀ-ਰਿਵਾਜਾਂ ’ਤੇ ਆਧਾਰਿਤ ਹਨ।
ਮੱਧ ਪ੍ਰਦੇਸ਼ ਦਾ ਮੰਦਸੌਰ
ਮੱਧ ਪ੍ਰਦੇਸ਼ ਦਾ ਮੰਦਸੌਰ ਰਾਵਣ ਦੀ ਪੂਜਾ ਲਈ ਕਾਫ਼ੀ ਪ੍ਰਸਿੱਧ ਹੈ। ਮੰਦਸੌਰ ਦੇ ਖਾਨਪੁਰਾ ਇਲਾਕੇ ’ਚ ਨਾਮਦੇਵ ਭਾਈਚਾਰੇ ਦੇ ਲੋਕ ਰਵਾਇਤੀ ਤੌਰ ’ਤੇ ਰਾਵਣ ਨੂੰ ਆਪਣਾ ਜਵਾਈ ਮੰਨਦੇ ਹਨ। ਸਥਾਨਕ ਮਾਨਤਾ ਅਨੁਸਾਰ, ਰਾਵਣ ਦੀ ਪਤਨੀ ਮੰਦੋਦਰੀ ਦਾ ਸਬੰਧ ਇਸੇ ਖੇਤਰ ਨਾਲ ਸੀ। ਇੱਥੇ ਰਾਵਣ ਦਾ ਪੁਤਲਾ ਸਾੜਨਾ ਅਪਮਾਨਜਨਕ ਮੰਨਿਆ ਜਾਂਦਾ ਹੈ। ਦੁਸਹਿਰੇ ਦੇ ਮੌਕੇ ’ਤੇ ਸਥਾਨਕ ਲੋਕ ਰਾਵਣ ਨੂੰ ਯਾਦ ਕਰਦੇ ਹਨ ਤੇ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਹਨ।
ਮਹਾਰਾਸ਼ਟਰ ਦਾ ਗੜ੍ਹਚਿਰੌਲੀ
ਮਹਾਰਾਸ਼ਟਰ ਦੇ ਗੜ੍ਹਚਿਰੌਲੀ ’ਚ ਰਹਿਣ ਵਾਲੇ ਗੋਂਡ ਭਾਈਚਾਰੇ ਦੇ ਕੁਝ ਲੋਕ ਰਾਵਣ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਦੇ ਹਨ। ਇਸ ਭਾਈਚਾਰੇ ਦੀਆਂ ਕੁਝ ਪਰੰਪਰਾਵਾਂ ’ਚ ਰਾਵਣ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਮੰਨਿਆ ਜਾਂਦਾ ਹੈ। ਦੁਸਹਿਰੇ ਦੇ ਮੌਕੇ ’ਤੇ ਇੱਥੇ ਕੁਝ ਲੋਕ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਪੂਜਾ-ਪਾਠ ਤੇ ਪ੍ਰਾਰਥਨਾ ਨੂੰ ਤਰਜੀਹ ਦਿੰਦੇ ਹਨ।
ਉੱਤਰ ਪ੍ਰਦੇਸ਼ ਦਾ ਬਿਸਰਖ
ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ’ਚ ਸਥਿਤ ਬਿਸਰਖ ਰਾਵਣ ਨਾਲ ਜੁੜਿਆ ਇੱਕ ਪ੍ਰਸਿੱਧ ਸਥਾਨ ਹੈ। ਸਥਾਨਕ ਮਾਨਤਾ ਹੈ ਕਿ ਰਾਵਣ ਦਾ ਜਨਮ ਇਸੇ ਪਿੰਡ ’ਚ ਹੋਇਆ ਸੀ। ਪਿੰਡ ਦੇ ਨਾਮ ਨੂੰ ਰਾਵਣ ਦੇ ਪਿਤਾ ਰਿਸ਼ੀ ਵਿਸ਼ਰਵਾ ਨਾਲ ਜੋੜਿਆ ਜਾਂਦਾ ਹੈ। ਦੁਸਹਿਰੇ ਦੇ ਮੌਕੇ ’ਤੇ ਇਸ ਪਿੰਡ ’ਚ ਇੱਕ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲਦਾ ਹੈ। ਇੱਥੇ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਧਾਰਮਿਕ ਰਸਮਾਂ ਤੇ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ।
ਮੱਧ ਪ੍ਰਦੇਸ਼ ਦਾ ਰਾਵਣਗ੍ਰਾਮ
ਮੱਧ ਪ੍ਰਦੇਸ਼ ਦੇ ਵਿਦਿਸ਼ਾ ਨੇੜੇ ਸਥਿਤ ਰਾਵਣਗ੍ਰਾਮ ’ਚ ਵੀ ਦੁਸਹਿਰੇ ਨਾਲ ਜੁੜੀ ਇੱਕ ਵਿਲੱਖਣ ਪਰੰਪਰਾ ਪ੍ਰਚਲਿਤ ਹੈ। ਪਿੰਡ ’ਚ ਰਾਵਣ ਨੂੰ ਸਮਰਪਿਤ ਇੱਕ ਮੰਦਰ ਹੈ, ਜਿੱਥੇ ਉਸ ਨੂੰ ਵਿਦਵਾਨ ਵਿਅਕਤੀ ਵਜੋਂ ਯਾਦ ਕੀਤਾ ਜਾਂਦਾ ਹੈ। ਦੁਸਹਿਰੇ ਤੋਂ ਇਲਾਵਾ ਪਰਿਵਾਰਕ ਤੇ ਹੋਰ ਵਿਸ਼ੇਸ਼ ਮੌਕਿਆਂ ’ਤੇ ਵੀ ਇੱਥੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਸਥਾਨਕ ਮਾਨਤਾ ਅਨੁਸਾਰ, ਰਾਵਣ ਦਾ ਪੁਤਲਾ ਸਾੜਨਾ ਅਪਮਾਨਜਨਕ ਮੰਨਿਆ ਜਾਂਦਾ ਹੈ।
ਕਰਨਾਟਕ ਦੇ ਕੋਲਾਰ ਤੇ ਮਾਵੱਲੀ ’ਚ ਰਾਵਣ ਦੀ ਪੂਜਾ
ਕਰਨਾਟਕ ਦੇ ਕੁਝ ਇਲਾਕਿਆਂ ’ਚ ਵੀ ਰਾਵਣ ਦੀ ਪੂਜਾ ਕਰਨ ਦੀ ਪਰੰਪਰਾ ਮਿਲਦੀ ਹੈ। ਇੱਥੇ ਰਾਵਣ ਨੂੰ ਇੱਕ ਸ਼ਕਤੀਸ਼ਾਲੀ ਵਿਅਕਤੀ ਤੇ ਭਗਵਾਨ ਸ਼ਿਵ ਦੇ ਪਰਮ ਭਗਤ ਵਜੋਂ ਯਾਦ ਕੀਤਾ ਜਾਂਦਾ ਹੈ। ਹਾਲਾਂਕਿ, ਅਜਿਹੀਆਂ ਮਾਨਤਾਵਾਂ ਕੁਝ ਖ਼ਾਸ ਭਾਈਚਾਰਿਆਂ ਤੇ ਸਥਾਨਕ ਪਰੰਪਰਾਵਾਂ ਤੱਕ ਹੀ ਸੀਮਿਤ ਹਨ। ਇਨ੍ਹਾਂ ਥਾਵਾਂ ’ਤੇ ਵੀ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਉਸ ਨੂੰ ਯਾਦ ਕਰਨ ਤੇ ਸਨਮਾਨ ਦੇਣ ’ਤੇ ਜ਼ੋਰ ਦਿੱਤਾ ਜਾਂਦਾ ਹੈ।
ਕਾਨਪੁਰ ਦਾ ਦਸ਼ਾਨਨ ਮੰਦਰ
ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਸ਼ਿਵਾਲਾ ਇਲਾਕੇ ’ਚ ਸਥਿਤ ਦਸ਼ਾਨਨ ਮੰਦਰ ਆਪਣੀ ਵਿਲੱਖਣ ਪਰੰਪਰਾ ਲਈ ਜਾਣਿਆ ਜਾਂਦਾ ਹੈ। ਇਸ ਮੰਦਰ ਦੀ ਮਾਨਤਾ ਦੇਸ਼ ਦੇ ਹੋਰ ਮੰਦਰਾਂ ਨਾਲੋਂ ਵੱਖਰੀ ਹੈ। ਇਹ ਮੰਦਰ ਸਾਲ ’ਚ ਸਿਰਫ਼ ਇੱਕ ਵਾਰ, ਦੁਸਹਿਰੇ ਦੇ ਮੌਕੇ ’ਤੇ ਖੋਲ੍ਹਿਆ ਜਾਂਦਾ ਹੈ। ਇਸ ਦਿਨ ਸਥਾਨਕ ਲੋਕ ਮੰਦਰ ਦੀ ਸਫ਼ਾਈ ਕਰਦੇ ਹਨ ਤੇ ਰਾਵਣ ਦੀ ਪੂਜਾ-ਅਰਚਨਾ ਕਰਨ ਤੋਂ ਬਾਅਦ ਮੰਦਰ ਨੂੰ ਮੁੜ ਬੰਦ ਕਰ ਦਿੱਤਾ ਜਾਂਦਾ ਹੈ।
ਰਾਵਣ ਦੀ ਪੂਜਾ ਨਾਲ ਜੁੜੇ ਹੋਰ ਸਥਾਨ
ਜੋਧਪੁਰ: ਰਾਜਸਥਾਨ ਦੇ ਜੋਧਪੁਰ ਦੇ ਮੌਦਗਿਲ ਇਲਾਕੇ ’ਚ ਕੁਝ ਬ੍ਰਾਹਮਣ ਪਰਿਵਾਰ ਆਪਣੇ ਆਪ ਨੂੰ ਰਾਵਣ ਦਾ ਵੰਸ਼ਜ ਮੰਨਦੇ ਹਨ। ਉਹ ਰਾਵਣ ਦਹਿਨ ਦੀ ਬਜਾਏ ਉਸ ਦੀ ਆਤਮਾ ਦੀ ਸ਼ਾਂਤੀ ਲਈ ਪਿੰਡਦਾਨ ਕਰਦੇ ਹਨ।
ਉੱਜੈਨ: ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲ੍ਹੇ ਦੇ ਚਿਕਲੀ ਪਿੰਡ ’ਚ ਵੀ ਰਾਵਣ ਦਾ ਪੁਤਲਾ ਸਾੜਨ ਦੀ ਪਰੰਪਰਾ ਨਹੀਂ ਹੈ।
ਜਸਵੰਤਨਗਰ, ਉੱਤਰ ਪ੍ਰਦੇਸ਼: ਇੱਥੇ ਦੁਸਹਿਰੇ ਦੇ ਦਿਨ ਰਾਵਣ ਦੀ ਆਰਤੀ ਕੀਤੀ ਜਾਂਦੀ ਹੈ ਤੇ ਉਸ ਦੀ ਮੂਰਤੀ ਦੇ ਟੁਕੜੇ ਕੀਤੇ ਜਾਂਦੇ ਹਨ। ਬਾਅਦ ’ਚ ਲੋਕ ਇਨ੍ਹਾਂ ਟੁਕੜਿਆਂ ਨੂੰ ਆਪਣੇ ਘਰ ਲੈ ਜਾਂਦੇ ਹਨ ਤੇ ਰਾਵਣ ਦੀ ਤੇਰ੍ਹਵੀਂ ਕਰਨ ਦੀ ਰਸਮ ਨਿਭਾਉਂਦੇ ਹਨ।
ਡਿਸਕਲੇਮਰ : ਇਸ ਲੇਖ ’ਚ ਦਿੱਤੀ ਗਈ ਜਾਣਕਾਰੀ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਨਾਲ ਪੇਸ਼ ਕੀਤੀ ਗਈ ਹੈ। ਜਾਗਰਣ ਸਮੂਹ ਤੇ ਜਾਗਰਣ ਨਿਊ ਮੀਡੀਆ ਇਸ ਲੇਖ ’ਚ ਦਰਜ ਗੱਲਾਂ ਦਾ ਸਮਰਥਨ ਨਹੀਂ ਕਰਦੇ। ਇਸ ’ਚ ਦਿੱਤੀ ਜਾਣਕਾਰੀ ਵੱਖ-ਵੱਖ ਮਾਧਿਅਮਾਂ, ਜੋਤਸ਼ੀਆਂ, ਪੰਚਾਂਗਾਂ, ਪ੍ਰਵਚਨਾਂ, ਧਾਰਮਿਕ ਗ੍ਰੰਥਾਂ ਤੇ ਲੋਕ-ਕਥਾਵਾਂ ’ਚ ਪ੍ਰਚਲਿਤ ਮਾਨਤਾਵਾਂ ਦੇ ਆਧਾਰ ’ਤੇ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਜਾਣਕਾਰੀ ਨੂੰ ਅੰਤਿਮ ਸੱਚ ਜਾਂ ਪ੍ਰਮਾਣਿਤ ਤੱਥ ਨਾ ਮੰਨਣ ਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਜਾਗਰਣ ਸਮੂਹ ਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।