- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੀ ਤੁਸੀਂ ਜਾਣਦੇ ਹੋ ਕਿ ਭਗਵਾਨ ਸ਼ਿਵ ਦਾ ਤ੍ਰਿਸ਼ੂਲ ਸੂਰਜ ਦੇਵ ਦੇ ਤੇਜ ਤੋਂ ਬਣਿਆ ਸੀ? ਸਾਂਬ ਪੁਰਾਣ ਤੇ ਪੌਰਾਣਿਕ ਕਥਾਵਾਂ ਦੇ ਅਨੁਸਾਰ, ਇਸ ਰਹੱਸ ਦੀ ਅਸਲ ਸੱਚਾਈ ਕੀ ਹੈ?

ਧਰਮ ਡੈਸਕ, ਨਵੀਂ ਦਿੱਲੀ : 17 ਸਤੰਬਰ 2026 ਯਾਨੀ ਅੱਜ ਹਰ ਕੋਈ ਵਿਸ਼ਵਕਰਮਾ ਜਯੰਤੀ ਮਨਾ ਰਿਹਾ ਹੈ। ਹਿੰਦੂ ਧਰਮ ਗ੍ਰੰਥਾਂ ’ਚ ਭਗਵਾਨ ਸ਼ਿਵ ਦੇ ਤ੍ਰਿਸ਼ੂਲ ਨੂੰ ਸਿਰਫ਼ ਇੱਕ ਹਥਿਆਰ ਹੀ ਨਹੀਂ, ਸਗੋਂ ਸ੍ਰਿਸ਼ਟੀ ਦੇ ਤਿੰਨਾਂ ਲੋਕਾਂ ਤੇ ਤਿੰਨਾਂ ਗੁਣਾਂ (ਸਤਵ, ਰਜ ਤੇ ਤਮ) ਦੇ ਸੰਤੁਲਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਦਿਵਯ ਹਥਿਆਰ ਆਖ਼ਿਰ ਕਿਸ ਨੇ ਤੇ ਕਿਵੇਂ ਬਣਾਇਆ ਸੀ? ਪੌਰਾਣਿਕ ਗ੍ਰੰਥਾਂ, ਖ਼ਾਸ ਕਰਕੇ ‘ਸਾਂਬ ਪੁਰਾਣ’ ਤੇ ‘ਵਿਸ਼ਨੂੰ ਪੁਰਾਣ’ ’ਚ ਇਸ ਦਾ ਬਹੁਤ ਹੀ ਦਿਲਚਸਪ ਤੇ ਅਲੌਕਿਕ ਵਰਣਨ ਮਿਲਦਾ ਹੈ।
ਸੂਰਜ ਦੇ ਤੇਜ ਤੇ ਸੰਜਨਾ ਨਾਲ ਜੁੜੀ ਪੌਰਾਣਿਕ ਕਥਾ
ਵਿਸ਼ਨੂੰ ਪੁਰਾਣ (ਤੀਜਾ ਅੰਸ਼, ਅਧਿਆਇ 2) ਦੀ ਕਥਾ ਦੇ ਅਨੁਸਾਰ, ਦੇਵਤਿਆਂ ਦੇ ਮਹਾਨ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਦੀ ਪੁੱਤਰੀ ‘ਸੰਜਨਾ’ ਦਾ ਵਿਆਹ ਸੂਰਜ ਦੇਵ ਨਾਲ ਹੋਇਆ ਸੀ। ਸੂਰਜ ਦੇਵ ਦਾ ਤੇਜ ਇੰਨਾ ਪ੍ਰਚੰਡ ਸੀ ਕਿ ਸੰਜਨਾ ਉਨ੍ਹਾਂ ਦੀ ਗਰਮੀ ਤੇ ਚਮਕ ਨੂੰ ਜ਼ਿਆਦਾ ਸਮੇਂ ਤੱਕ ਸਹਿਣ ਨਹੀਂ ਕਰ ਸਕੀ। ਇਸ ਸਮੱਸਿਆ ਤੋਂ ਪਰੇਸ਼ਾਨ ਹੋ ਕੇ ਉਹ ਆਪਣੇ ਪਿਤਾ ਵਿਸ਼ਵਕਰਮਾ ਕੋਲ ਪਹੁੰਚੀ ਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਆਪਣੀ ਪੁੱਤਰੀ ਦਾ ਦੁੱਖ ਦੂਰ ਕਰਨ ਲਈ ਦੇਵ ਸ਼ਿਲਪਕਾਰ ਵਿਸ਼ਵਕਰਮਾ ਨੇ ਇੱਕ ਅਨੋਖਾ ਉਪਾਅ ਲੱਭਿਆ। ਉਨ੍ਹਾਂ ਨੇ ਸੂਰਜ ਦੇਵ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਆਪਣੇ ਤਕਸ਼ਣ ਯੰਤਰ (ਸ਼ਾਣ ਚੱਕਰ) ਉੱਤੇ ਰੱਖਿਆ ਤੇ ਉਨ੍ਹਾਂ ਦੇ ਪ੍ਰਚੰਡ ਤੇਜ ਦੇ ਕੁਝ ਹਿੱਸੇ ਨੂੰ ਤਰਾਸ਼ ਕੇ ਹਟਾ ਦਿੱਤਾ। ਇਸ ਨਾਲ ਸੂਰਜ ਦੇਵ ਦਾ ਰੂਪ ਸਹਿਣਯੋਗ ਹੋ ਗਿਆ।
ਇਸੇ ਤਰ੍ਹਾਂ, ਸਾਂਬ ਪੁਰਾਣ ਦੇ 14ਵੇਂ ਅਧਿਆਇ ਦੇ 23ਵੇਂ ਸ਼ਲੋਕ ’ਚ ਵੀ ਇਸ ਘਟਨਾ ਦਾ ਬਹੁਤ ਹੀ ਸੁੰਦਰ ਤੇ ਪ੍ਰਮਾਣਿਕ ਵਰਣਨ ਕੀਤਾ ਗਿਆ ਹੈ। ਸ਼ਲੋਕ ਦੇ ਅਨੁਸਾਰ :
ਸ਼ਲੋਕ:
शूलशक्तिगदाचक्रशरासनपरश्वधान्।
दैवतेभ्यो ददौ कृत्वा विश्वकर्मा महामतिः।।
ਸ਼ਲੋਕ ਦਾ ਅਰਥ
ਇਸ ਦਾ ਸਿੱਧਾ-ਸਾਧਾ ਮਤਲਬ ਹੈ ਕਿ ਦੇਵ ਸ਼ਿਲਪਕਾਰ ਵਿਸ਼ਵਕਰਮਾ ਨੇ ਸੂਰਜ ਦੇ ਉਸੇ ਤਰਾਸ਼ੇ ਹੋਏ ਦਿਵਯ ਤੇਜ ਤੋਂ ਭਗਵਾਨ ਸ਼ਿਵ ਲਈ ਦਿਵਯ ਤ੍ਰਿਸ਼ੂਲ, ਕਾਰਤਿਕੇਯ ਲਈ ਅਮੋਘ ਸ਼ਕਤੀ (ਭਾਲਾ), ਭਗਵਾਨ ਵਿਸ਼ਨੂੰ ਲਈ ਸੁਦਰਸ਼ਨ ਚੱਕਰ ਤੇ ਗਦਾ, ਤੇ ਹੋਰ ਦੇਵਤਿਆਂ ਲਈ ਧਨੁਸ਼ ਤੇ ਫਰਸੇ (ਪਰਸ਼ੂ) ਵਰਗੇ ਸ਼ਕਤੀਸ਼ਾਲੀ ਹਥਿਆਰ ਬਣਾਏ ਤੇ ਫਿਰ ਉਨ੍ਹਾਂ ਨੂੰ ਦੇਵਤਿਆਂ ਨੂੰ ਸੌਂਪ ਦਿੱਤਾ।
ਇਹ ਸ਼ਲੋਕ ਇਸ ਗੱਲ ਦਾ ਪ੍ਰਮਾਣ ਦਿੰਦਾ ਹੈ ਕਿ ਮਹਾਦੇਵ ਦਾ ਤ੍ਰਿਸ਼ੂਲ ਤੇ ਦੇਵਤਿਆਂ ਦੇ ਹੋਰ ਅਜੇਤੂ ਹਥਿਆਰ ਸੂਰਜ ਦੀ ਊਰਜਾ ਤੇ ਭਗਵਾਨ ਵਿਸ਼ਵਕਰਮਾ ਦੇ ਅਦਭੁਤ ਸ਼ਿਲਪ ਕੌਸ਼ਲ ਦਾ ਹੀ ਨਤੀਜਾ ਹਨ। ਸਾਂਬ ਪੁਰਾਣ ਦੀ ਇਹ ਕਥਾ ਦੱਸਦੀ ਹੈ ਕਿ ਦੇਵ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਨੇ ਨਾ ਸਿਰਫ਼ ਬ੍ਰਹਿਮੰਡ ਦੇ ਮਹਾਨ ਨਗਰਾਂ ਦੀ ਰਚਨਾ ਕੀਤੀ, ਸਗੋਂ ਦੇਵਤਿਆਂ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ ਨੂੰ ਵੀ ਆਪਣੇ ਸ਼ਿਲਪ ਕੌਸ਼ਲ ਨਾਲ ਤਿਆਰ ਕੀਤਾ ਸੀ।