ਖ਼ੁਦ ’ਤੇ ਜਿੱਤ
ਆਪਣੇ ਵਿਚਾਰਾਂ ਨੂੰ ਸਾਫ਼ ਰੱਖਣਾ, ਬੋਲੀ ਨੂੰ ਮਰਿਆਦਾ ’ਚ ਰੱਖਣਾ ਤੇ ਵਿਹਾਰ ਨੂੰ ਸੰਤੁਲਿਤ ਰੱਖਣਾ ਹੀ ਖ਼ੁਦ ’ਤੇ ਜਿੱਤ ਹਾਸਲ ਕਰਨ ਦਾ ਰਾਹ ਹੈ। ਖ਼ੁਦ ’ਤੇ ਜਿੱਤ ਦਾ ਮਤਲਬ ਭਾਵਨਾਵਾਂ ਨੂੰ ਦੱਬਣਾ ਨਹੀਂ, ਬਲਕਿ ਉਨ੍ਹਾਂ ਦਾ ਸੰਤੁਲਨ ਹੈ। ਡਰ ਨੂੰ ਹੌਸਲੇ ’ਚ, ਈਰਖਾ ਨੂੰ ਪ੍ਰੇਰਣਾ ’ਚ ਤੇ ਨਾਕਾਮੀ ਨੂੰ ਤਜਰਬੇ ’ਚ ਬਦਲ ਦੇਣਾ ਹੀ ਖ਼ੁਦ ’ਤੇ ਜਿੱਤ ਹੈ।
Publish Date: Sun, 05 Apr 2026 10:57 PM (IST)
Updated Date: Mon, 06 Apr 2026 07:40 AM (IST)
ਸੰਸਾਰ ਦੀਆਂ ਚੁਣੌਤੀਆਂ ਓਨੀਆਂ ਵੱਡੀਆਂ ਨਹੀਂ ਹੁੰਦੀਆਂ, ਜਿੰਨਾ ਸਾਡਾ ਚੰਚਲ ਮਨ ਉਨ੍ਹਾਂ ਨੂੰ ਬਣਾ ਦਿੰਦਾ ਹੈ। ਇਸ ਲਈ ਸੱਚ ਹੀ ਕਿਹਾ ਗਿਆ ਹੈ ਕਿ ਜੇ ਮਨੁੱਖ ਖ਼ੁਦ ’ਤੇ ਜਿੱਤ ਹਾਸਲ ਕਰ ਲਵੇ ਤਾਂ ਉਸ ਲਈ ਕੋਈ ਵੀ ਸੰਘਰਸ਼ ਮੁਸ਼ਕਲ ਨਹੀਂ ਰਹਿ ਜਾਂਦਾ। ਅਸਲ ’ਚ ਮਨ ਹੀ ਮਨੁੱਖ ਦਾ ਦੋਸਤ ਵੀ ਹੈ ਤੇ ਦੁਸ਼ਮਣ ਵੀ।
ਜਦ ਮਨ ’ਚ ਧੀਰਜ ਹੁੰਦਾ ਹੈ ਤੇ ਇਹ ਸਥਿਰ ਹੁੰਦਾ ਹੈ, ਤਦ ਬਾਹਰਲੇ ਹਾਲਾਤ ਸਾਨੂੰ ਬੇਚੈਨ ਨਹੀਂ ਕਰ ਸਕਦੇ, ਪਰ ਜਦ ਮਨ ਅਸਥਿਰ ਹੋ ਜਾਵੇ ਤਾਂ ਛੋਟੀ ਜਿਹੀ ਮੁਸ਼ਕਲ ਵੀ ਪਹਾੜ ਵਾਂਗ ਪ੍ਰਤੀਤ ਹੁੰਦੀ ਹੈ। ਇਸ ਲਈ ਜੀਵਨ ਦੀ ਸਭ ਤੋਂ ਵੱਡੀ ਜੰਗ ਬਾਹਰ ਨਹੀਂ, ਆਪਣੇ ਅੰਦਰ ਲੜੀ ਜਾਂਦੀ ਹੈ। ਮਨੁੱਖ ਧਨ, ਅਹੁਦੇ, ਵੱਕਾਰ ਵਰਗੀਆਂ ਬਾਹਰਲੀਆਂ ਕਾਮਯਾਬੀਆਂ ਨੂੰ ਹੀ ਜਿੱਤ ਸਮਝ ਲੈਂਦਾ ਹੈ, ਪਰ ਜੇ ਉਸ ਨੇ ਗੁੱਸੇ, ਹੰਕਾਰ ਤੇ ਵਾਸਨਾਵਾਂ ’ਤੇ ਕਾਬੂ ਨਹੀਂ ਕੀਤਾ ਤਾਂ ਸਾਰੀਆਂ ਉਪਲਬਧੀਆਂ ਬੇਕਾਰ ਹਨ। ਆਮਤੌਰ ’ਤੇ ਆਤਮ ਸੰਜਮ ਹੀ ਸੱਚੀ ਸਾਧਨਾ ਹੈ।
ਆਪਣੇ ਵਿਚਾਰਾਂ ਨੂੰ ਸਾਫ਼ ਰੱਖਣਾ, ਬੋਲੀ ਨੂੰ ਮਰਿਆਦਾ ’ਚ ਰੱਖਣਾ ਤੇ ਵਿਹਾਰ ਨੂੰ ਸੰਤੁਲਿਤ ਰੱਖਣਾ ਹੀ ਖ਼ੁਦ ’ਤੇ ਜਿੱਤ ਹਾਸਲ ਕਰਨ ਦਾ ਰਾਹ ਹੈ। ਖ਼ੁਦ ’ਤੇ ਜਿੱਤ ਦਾ ਮਤਲਬ ਭਾਵਨਾਵਾਂ ਨੂੰ ਦੱਬਣਾ ਨਹੀਂ, ਬਲਕਿ ਉਨ੍ਹਾਂ ਦਾ ਸੰਤੁਲਨ ਹੈ। ਡਰ ਨੂੰ ਹੌਸਲੇ ’ਚ, ਈਰਖਾ ਨੂੰ ਪ੍ਰੇਰਣਾ ’ਚ ਤੇ ਨਾਕਾਮੀ ਨੂੰ ਤਜਰਬੇ ’ਚ ਬਦਲ ਦੇਣਾ ਹੀ ਖ਼ੁਦ ’ਤੇ ਜਿੱਤ ਹੈ।
ਜਦ ਵਿਅਕਤੀ ਆਪਣੇ ਅੰਦਰੂਨੀ ਮਨ ਦੀ ਆਵਾਜ਼ ਸੁਣਦਾ ਹੈ ਤੇ ਉਸੇ ਮੁਤਾਬਕ ਵਿਹਾਰ ਕਰਦਾ ਹੈ, ਤਦ ਉਸ ਦਾ ਜੀਵਨ ਆਸਾਨ ਤੇ ਸਾਰਥਕ ਹੋ ਜਾਂਦਾ ਹੈ। ਇਹ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਆਤਮ ਚਿੰਤਨ ਕਰ ਕੇ ਆਪਣੇ ਵਿਹਾਰ ਦੀ ਜਾਂਚ ਕਰੀਏ ਤੇ ਦੇਖੀਏ ਕਿ ਕਿਤੇ ਸਾਡਾ ਮਨ ਹੀ ਤਾਂ ਸਾਨੂੰ ਭਟਕਾ ਨਹੀਂ ਰਿਹਾ। ਆਪਣੇ ਅੰਦਰ ਦੇ ਦੋਸ਼ਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਸੁਧਾਰੀਏ। ਖ਼ੁਦ ’ਤੇ ਜਿੱਤ ਹੀ ਅਸਲੀ ਆਜ਼ਾਦੀ ਹੈ।
ਜਦ ਮਨੁੱਖ ਆਪਣੇ ਮਨ ਦਾ ਮਾਲਕ ਬਣ ਜਾਂਦਾ ਹੈ, ਤਦ ਉਹ ਹਾਲਾਤ ਦਾ ਖਿਡੌਣਾ ਨਹੀਂ ਰਹਿੰਦਾ। ਉਸ ਦਾ ਜੀਵਨ ਸੰਤੁਲਨ, ਸ਼ਾਂਤੀ ਤੇ ਆਤਮ ਬਲ ਨਾਲ ਪੂਰਨ ਹੋ ਜਾਂਦਾ ਹੈ। ਇਹੀ ਜੀਵਨ ਦੀ ਸਰਬੋਤਮ ਉਪਲਬਧੀ ਹੈ। ਜਿਸ ਨੇ ਆਪਣੇ ਆਪ ’ਤੇ ਕਾਬੂ ਕਰ ਲਿਆ ਉਸ ਲਈ ਸੰਸਾਰ ਸਮੱਸਿਆ ਨਹੀਂ, ਸਾਧਨਾ ਦਾ ਖੇਤਰ ਬਣ ਜਾਂਦਾ ਹੈ।
-ਸਮਰਾਜ ਚੌਹਾਨ