ਸੰਕਟ ਦੀ ਹਕੀਕਤ
ਤਦ ਉਹ ਆਪਣੀਆਂ ਸੀਮਾਵਾਂ-ਤਰੁੱਟੀਆਂ ਨੂੰ ਦੇਖ ਹੀ ਨਹੀਂ ਪਾਉਂਦਾ। ਉਹ ਆਪਣੇ ਤਜਰਬਿਆਂ ਦੇ ਸਾਰ ਨੂੰ ਗੁਆ ਬੈਠਦਾ ਹੈ। ਸੰਕਟ ਦਾ ਆਗਮਨ ਚੇਤਨਾ ਦਾ ਤੀਬਰ ਪ੍ਰਗਟਾਵਾ ਕਰਵਾਉਂਦਾ ਹੈ। ਇਹ ਮਨੁੱਖ ਨੂੰ ਅੰਦਰ ਤੱਕ ਝੰਜੋੜ ਦਿੰਦਾ ਹੈ ਅਤੇ ਉਸ ਨੂੰ ਆਤਮ-ਮੰਥਨ ਲਈ ਮਜਬੂਰ ਕਰਦਾ ਹੈ। ਸੰਕਟ ਵਿਚ ਮਨੁੱਖ ਅਤੀਤ ਦੇ ਹਰੇਕ ਫ਼ੈਸਲੇ, ਭੁੱਲ ਅਤੇ ਅਨੁਭਵ ਦਾ ਸੂਖਮ ਪ੍ਰੀਖਣ ਕਰਦਾ ਹੈ।
Publish Date: Thu, 26 Mar 2026 11:51 PM (IST)
Updated Date: Fri, 27 Mar 2026 07:44 AM (IST)
ਮਨੁੱਖ ਦਾ ਜੀਵਨ ਅਹਿਸਾਸਾਂ ਦੀ ਇਕ ਡੂੰਘੀ ਲੜੀ ਹੈ। ਇਸ ਵਿਚ ਸੁੱਖ ਅਤੇ ਸੰਕਟ, ਦੋਵੇਂ ਹੀ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਵਹਾਅ ਵਿਚ ਸੰਕਟ ਬਹੁਤ ਵੱਡਾ ਅਧਿਆਪਕ ਹੈ। ਇਹ ਸੱਚ ਜਿੰਨਾ ਸਰਲ ਪ੍ਰਤੀਤ ਹੁੰਦਾ ਹੈ, ਓਨਾ ਹੀ ਡੂੰਘਾ ਵੀ ਹੈ ਕਿ ਮਨੁੱਖ ਮੁਸੀਬਤਾਂ ਵਿਚ ਹੀ ਆਪਣੀ ਹਕੀਕੀ ਚੇਤਨਾ ਨਾਲ ਰੂਬਰੂ ਹੁੰਦਾ ਹੈ। ਜਦਕਿ ਸੁੱਖ ਦੇ ਪਲ ਉਸ ਨੂੰ ਮਿੱਠੀਆਂ ਯਾਦਾਂ ਵਿਚ ਬੰਨ੍ਹ ਦਿੰਦੇ ਹਨ। ਸੁੱਖ ਦੀ ਅਵਸਥਾ ਮਨੁੱਖ ਨੂੰ ਆਤਮ-ਸੰਤੁਸ਼ਟੀ ਦੇ ਅਜਿਹੇ ਪਰਦੇ ਨਾਲ ਢੱਕ ਦਿੰਦੀ ਹੈ ਜਿੱਥੇ ਉਹ ਆਪਣੇ ਅਤੀਤ ਦੇ ਸੰਘਰਸ਼ਾਂ ਅਤੇ ਉਨ੍ਹਾਂ ਤੋਂ ਪ੍ਰਾਪਤ ਸਿੱਖਿਆਵਾਂ ਨੂੰ ਭੁਲਾਉਣ ਲੱਗਦਾ ਹੈ। ਉਹ ਮੰਨ ਬੈਠਦਾ ਹੈ ਕਿ ਜੀਵਨ ਉਸ ਦੀ ਇੱਛਾ ਮੁਤਾਬਕ ਚੱਲਦਾ ਰਹੇਗਾ।
ਤਦ ਉਹ ਆਪਣੀਆਂ ਸੀਮਾਵਾਂ-ਤਰੁੱਟੀਆਂ ਨੂੰ ਦੇਖ ਹੀ ਨਹੀਂ ਪਾਉਂਦਾ। ਉਹ ਆਪਣੇ ਤਜਰਬਿਆਂ ਦੇ ਸਾਰ ਨੂੰ ਗੁਆ ਬੈਠਦਾ ਹੈ। ਸੰਕਟ ਦਾ ਆਗਮਨ ਚੇਤਨਾ ਦਾ ਤੀਬਰ ਪ੍ਰਗਟਾਵਾ ਕਰਵਾਉਂਦਾ ਹੈ। ਇਹ ਮਨੁੱਖ ਨੂੰ ਅੰਦਰ ਤੱਕ ਝੰਜੋੜ ਦਿੰਦਾ ਹੈ ਅਤੇ ਉਸ ਨੂੰ ਆਤਮ-ਮੰਥਨ ਲਈ ਮਜਬੂਰ ਕਰਦਾ ਹੈ। ਸੰਕਟ ਵਿਚ ਮਨੁੱਖ ਅਤੀਤ ਦੇ ਹਰੇਕ ਫ਼ੈਸਲੇ, ਭੁੱਲ ਅਤੇ ਅਨੁਭਵ ਦਾ ਸੂਖਮ ਪ੍ਰੀਖਣ ਕਰਦਾ ਹੈ। ਇਹੀ ਉਹ ਸਮਾਂ ਹੁੰਦਾ ਹੈ ਜਦ ਉਹ ਆਪਣੇ ਅੰਦਰ ਲੁਕੀ ਸਮਰੱਥਾ, ਸਬਰ ਤੇ ਸਾਹਸ ਨੂੰ ਪਛਾਣ ਪਾਉਂਦਾ ਹੈ। ਸੰਕਟ ਉਸ ਨੂੰ ਇਹ ਦੱਸਦਾ ਹੈ ਕਿ ਅਸਲ ਤਾਕਤ ਬਾਹਰਲੇ ਹਾਲਾਤ ਵਿਚ ਨਹੀਂ ਸਗੋਂ ਉਸ ਦੇ ਅੰਤਰ-ਮਨ ਵਿਚ ਮੌਜੂਦ ਹੈ। ਸਾਡੇ ਰੋਜ਼ਮੱਰਾ ਦੇ ਜੀਵਨ ਵਿਚ ਵੀ ਇਹ ਸੱਚ ਪ੍ਰਤੱਖ ਤੌਰ ’ਤੇ ਝਲਕਦਾ ਹੁੰਦਾ ਹੈ।
ਅਸਫਲਤਾ ਦਾ ਇਕ ਪਲ ਸਾਲਾਂ ਦੀ ਲਾਪਰਵਾਹੀ ਨੂੰ ਉਜਾਗਰ ਕਰ ਦਿੰਦਾ ਹੈ ਅਤੇ ਵਿਅਕਤੀ ਨੂੰ ਸਵੈ-ਸੁਧਾਰ ਦੇ ਰਾਹ ’ਤੇ ਤੋਰਦਾ ਹੈ। ਓਥੇ ਹੀ, ਨਿਰੰਤਰ ਸਫਲਤਾ ਉਸ ਨੂੰ ਅਕਸਰ ਨਕਾਰਾ ਅਤੇ ਲਾਪਰਵਾਹ ਬਣਾ ਦਿੰਦੀ ਹੈ। ਅਕਸਰ, ਸੰਕਟ ਮਨੁੱਖ ਚੌਕਸ, ਅਨੁਸ਼ਾਸਿਤ ਅਤੇ ਆਤਮ-ਵਿਸ਼ਲੇਸ਼ਣ ਕਰਨ ਵਾਲਾ ਬਣਾਉਂਦਾ ਹੈ ਜਦਕਿ ਸੁੱਖ ਉਸ ਨੂੰ ਪਲ ਭਰ ਦਾ ਆਨੰਦ ਤਾਂ ਦਿੰਦਾ ਹੈ ਪਰ ਸਥਾਈ ਬੋਧ ਨਹੀਂ ਕਰਵਾਉਂਦਾ। ਜੀਵਨ ਦੀ ਸਾਰਥਕਤਾ ਇਸੇ ਵਿਚ ਹੈ ਕਿ ਅਸੀਂ ਸੰਕਟਾਂ ਤੋਂ ਭੈਅਭੀਤ ਨਾ ਹੋ ਕੇ ਉਨ੍ਹਾਂ ਨੂੰ ਆਤਮ-ਵਿਕਾਸ ਦੇ ਸਾਧਨ ਦੇ ਰੂਪ ਵਿਚ ਸਵੀਕਾਰ ਕਰੀਏ ਕਿਉਂਕਿ ਜੋ ਪਲ ਸਭ ਤੋਂ ਵੱਧ ਪੀੜਾ ਦਿੰਦੇ ਹਨ, ਉਹੀ ਸਾਨੂੰ ਸਭ ਤੋਂ ਜ਼ਿਆਦਾ ਪਰਪੱਕ ਅਤੇ ਸਮਰੱਥ ਵੀ ਬਣਾਉਂਦੇ ਹਨ।
-ਕੁਮਾਰ ਨਰਪੇਂਦਰ