- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਸਰ ਲੋਕ ਆਪਣੀਆਂ ਲੋੜਾਂ ਤੋਂ ਵੱਧ ਖ਼ਰਚਾ ਕਰਦੇ ਹਨ। ਦਿਖਾਵੇ ਅਤੇ ਐਸ਼ੋ-ਇਸ਼ਰਤ ਉੱਤੇ ਪੈਸਾ ਲੁਟਾਉਂਦੇ ਹਨ ਅਤੇ ਫਿਰ ਕਰਜ਼ੇ ਵਿਚ ਡੁੱਬਣ ਮਗਰੋਂ ਦੂਜਿਆਂ ਤੋਂ ਆਰਥਿਕ ਮਦਦ ਮੰਗਦੇ ਹਨ।

ਆਦਰਸ਼ ਸਮਾਜ ਸਿਰਫ਼ ਚੰਗੇ ਕਾਨੂੰਨਾਂ, ਮਜ਼ਬੂਤ ਸੰਸਥਾਵਾਂ ਜਾਂ ਆਰਥਿਕ ਖ਼ੁਸ਼ਹਾਲੀ ਨਾਲ ਨਹੀਂ ਬਣਦਾ। ਉਸ ਦੀ ਅਸਲ ਤਾਕਤ ਉਸ ਦੇ ਮੈਂਬਰਾਂ ਦੇ ਚਾਲ-ਚਲਨ, ਆਪਸੀ ਸਹਿਯੋਗ ਅਤੇ ਇਕ-ਦੂਜੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਚ ਲੁਕੀ ਹੁੰਦੀ ਹੈ। ਜਦੋਂ ਵਿਅਕਤੀ ਆਪਣੇ ਹੱਕਾਂ ਦੇ ਨਾਲ-ਨਾਲ ਫ਼ਰਜ਼ਾਂ ਨੂੰ ਵੀ ਸਮਝਦਾ ਹੈ ਅਤੇ ਆਪਣੇ ਆਚਰਣ ਵਿਚ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਦਾ ਹੈ, ਤਦ ਹੀ ਸਮਾਜ ਮਜ਼ਬੂਤ ਬਣਦਾ ਹੈ।
ਆਨੰਦ ਮਾਰਗ ਦੇ ਪ੍ਰਭਾਤ ਰੰਜਨ ਸਰਕਾਰ ਅਨੁਸਾਰ ਯਮ ਅਤੇ ਨਿਯਮ ਦਾ ਅਭਿਆਸ ਅਜਿਹੇ ਹੀ ਆਦਰਸ਼ ਸਮਾਜ ਦੀ ਬੁਨਿਆਦ ਤਿਆਰ ਕਰਦਾ ਹੈ। ਯਮ ਅਤੇ ਨਿਯਮ ਯੋਗ-ਸਾਧਨਾ ਦੇ ਦਸ ਨੈਤਿਕ ਸਿਧਾਂਤ ਹਨ। ਇਨ੍ਹਾਂ ਦਾ ਮਕਸਦ ਵਿਅਕਤੀ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਕ ਜੀਵਨ ਨੂੰ ਅਨੁਸ਼ਾਸਿਤ ਕਰਨਾ ਹੈ। ਇਨ੍ਹਾਂ ਦੀ ਪਾਲਣਾ ਨਾਲ ਵਿਅਕਤੀ ਵਿਚ ਸੰਜਮ, ਇਮਾਨਦਾਰੀ, ਆਤਮ-ਨਿਯੰਤਰਣ ਅਤੇ ਦੂਜਿਆਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਹੁੰਦੀ ਹੈ। ਇਹੋ ਗੁਣ ਸਮਾਜਿਕ ਜੀਵਨ ਵਿਚ ਸਹਿਯੋਗ ਅਤੇ ਭਰੋਸੇ ਦਾ ਆਧਾਰ ਬਣਦੇ ਹਨ। ਇਸ ਲਈ ਅਧਿਆਤਮਕ ਸਾਧਨਾ ਸਿਰਫ਼ ਵਿਅਕਤੀਗਤ ਮੁਕਤੀ ਦਾ ਰਾਹ ਨਹੀਂ, ਸਗੋਂ ਬਿਹਤਰ ਸਮਾਜ ਸਿਰਜਣ ਦਾ ਮਾਧਿਅਮ ਵੀ ਹੈ।
ਅਕਸਰ ਲੋਕ ਆਪਣੀਆਂ ਲੋੜਾਂ ਤੋਂ ਵੱਧ ਖ਼ਰਚਾ ਕਰਦੇ ਹਨ। ਦਿਖਾਵੇ ਅਤੇ ਐਸ਼ੋ-ਇਸ਼ਰਤ ਉੱਤੇ ਪੈਸਾ ਲੁਟਾਉਂਦੇ ਹਨ ਅਤੇ ਫਿਰ ਕਰਜ਼ੇ ਵਿਚ ਡੁੱਬਣ ਮਗਰੋਂ ਦੂਜਿਆਂ ਤੋਂ ਆਰਥਿਕ ਮਦਦ ਮੰਗਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਦਾ ਫ਼ਰਜ਼ ਸੰਕਟ ਵਿਚ ਫਸੇ ਵਿਅਕਤੀ ਦੀ ਸਹਾਇਤਾ ਕਰਨਾ ਜ਼ਰੂਰ ਹੈ ਪਰ ਵਿਅਕਤੀ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਖ਼ਰਚੇ ਅਤੇ ਵਿਵਹਾਰ ਵਿਚ ਅਨੁਸ਼ਾਸਨ ਰੱਖੇ। ਖ਼ਰਚਾ ਕਰਦੇ ਸਮੇਂ ਕਿਸੇ ਦੀ ਸਲਾਹ ਨਾ ਲੈਣੀ ਅਤੇ ਕਰਜ਼ੇ ਵਿਚ ਫਸਣ ਮਗਰੋਂ ਸਾਰਿਆਂ ਤੋਂ ਮਦਦ ਮੰਗਦੇ ਰਹਿਣਾ ਠੀਕ ਰਵੱਈਆ ਨਹੀਂ ਹੈ।
ਇੱਥੇ ਉਹ ਯਮ-ਨਿਯਮ ਦੇ ਇਕ ਅਹਿਮ ਸਿਧਾਂਤ ‘ਅਪਰਿਗ੍ਰਹ’ ਦੀ ਚਰਚਾ ਕਰਦੇ ਹਨ। ਅਪਰਿਗ੍ਰਹ ਦਾ ਅਰਥ ਹੈ ਲੋੜ ਤੋਂ ਵੱਧ ਵਸਤਾਂ ਅਤੇ ਸੋਮਿਆਂ ਦਾ ਸੰਗ੍ਰਹਿ ਨਾ ਕਰਨਾ। ਜ਼ਿੰਦਗੀ ਵਿਚ ਲੋੜ ਅਤੇ ਦਿਖਾਵੇ ਵਿਚਲਾ ਫ਼ਰਕ ਸਮਝਣਾ ਹੀ ਇਸ ਦਾ ਮੂਲ ਭਾਵ ਹੈ। ਤੁਹਾਡਾ ਭੋਜਨ ਪੌਸ਼ਟਿਕ ਹੋਣਾ ਚਾਹੀਦਾ ਹੈ, ਪਰ ਸਿਰਫ਼ ਸੁਆਦ, ਸ਼ੋਹਰਤ ਜਾਂ ਦਿਖਾਵੇ ਲਈ ਬੇਹੱਦ ਖ਼ਰਚ ਕਰਨਾ ਉੱਚਿਤ ਨਹੀਂ।
-ਸ੍ਰੀ ਸ੍ਰੀ ਆਨੰਦਮੂਰਤੀ