ਸਮੱਸਿਆ ਅਤੇ ਹੱਲ
ਮਨੁੱਖ ਆਮ ਤੌਰ ’ਤੇ ਹਰ ਚੁਣੌਤੀ ਨੂੰ ਜਿੱਤਣ ਦੀ ਮਾਨਸਿਕਤਾ ਨਾਲ ਦੇਖਦਾ ਹੈ। ਉਹ ਇਹੀ ਮਾਨਸਿਕਤਾ ਬਣਾ ਲੈਂਦਾ ਹੈ ਕਿ ਵੱਧ ਕੋਸ਼ਿਸ਼, ਵੱਧ ਦਬਾਅ ਅਤੇ ਜ਼ਿਆਦਾ ਕਠੋਰਤਾ ਹੀ ਰਸਤਾ ਕੱਢੇਗੀ। ਜਦਕਿ ਹਕੀਕਤ ਇਹ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਪਾਣੀ ਦੀ ਤਰ੍ਹਾਂ ਹੁੰਦੀਆਂ ਹਨ।
Publish Date: Fri, 13 Feb 2026 12:02 AM (IST)
Updated Date: Fri, 13 Feb 2026 06:45 AM (IST)
ਅੱਜ-ਕੱਲ੍ਹ ਜੀਵਨ ’ਚ ਇੰਨੀ ਮੁਕਾਬਲੇਬਾਜ਼ੀ ਹੋ ਗਈ ਹੈ ਕਿ ਜਦੋਂ ਵੀ ਅਸੀਂ ਕਿਸੇ ਸਮੱਸਿਆ ਦਾ ਸਾਹਮਣਾ ਕਰਦੇ ਹਾਂ, ਤੁਰੰਤ ਹਫੜਾ-ਦਫੜੀ ’ਚ ਉਸ ਦੇ ਹੱਲ ਦੀ ਭਾਲ ਵਿਚ ਲੱਗ ਜਾਂਦੇ ਹਾਂ। ਉਸ ਲਈ ਵੱਡੇ-ਵੱਡੇ ਉਪਾਅ ਕਰਨ ਲੱਗਦੇ ਹਾਂ ਜਦਕਿ ਹੱਲ ਅਕਸਰ ਸਮੱਸਿਆ ਦੇ ਅੰਦਰ ਹੀ ਲੁਕਿਆ ਹੁੰਦਾ ਹੈ। ਇਕ ਕਹਾਵਤ ਹੈ ਕਿ ਚਾਹੇ ਦੰਦ ਜਿੰਨੇ ਵੀ ਤਿੱਖ ਹੋਣ, ਪਾਣੀ ਨੂੰ ਨਹੀਂ ਕੱਟ ਸਕਦੇ। ਇਹ ਕਹਾਵਤ ਜੀਵਨ ਦੀ ਉਸ ਹਕੀਕੀ ਸੱਚਾਈ ਵੱਲ ਇਸ਼ਾਰਾ ਕਰਦੀ ਹੈ ਜਿਸ ਨੂੰ ਅਸੀਂ ਅਕਸਰ ਅਣਡਿੱਠ ਕਰ ਦਿੰਦੇ ਹਾਂ। ਜੀਵਨ ਵਿਚ ਆਉਣ ਵਾਲੀ ਹਰ ਸਮੱਸਿਆ ਇੱਕੋ ਜਿਹੀ ਨਹੀਂ ਹੁੰਦੀ ਅਤੇ ਨਾ ਹੀ ਹਰ ਸਥਿਤੀ ਨੂੰ ਤਾਕਤ, ਗੁੱਸੇ ਜਾਂ ਜਲਦਬਾਜ਼ੀ ਨਾਲ ਸੁਲਝਾਇਆ ਜਾ ਸਕਦਾ ਹੈ। ਕੁਝ ਹਾਲਾਤ ਅਜਿਹੇ ਹੁੰਦੇ ਹਨ ਜੋ ਸਖ਼ਤ ਫ਼ੈਸਲੇ ਨਾਲ ਨਹੀਂ ਸਗੋਂ ਸਮਝ, ਸਬਰ ਨਾਲ ਅਤੇ ਦਿਸ਼ਾ ਬਦਲਣ ਨਾਲ ਸੁਧਰਦੇ ਹਨ।
ਮਨੁੱਖ ਆਮ ਤੌਰ ’ਤੇ ਹਰ ਚੁਣੌਤੀ ਨੂੰ ਜਿੱਤਣ ਦੀ ਮਾਨਸਿਕਤਾ ਨਾਲ ਦੇਖਦਾ ਹੈ। ਉਹ ਇਹੀ ਮਾਨਸਿਕਤਾ ਬਣਾ ਲੈਂਦਾ ਹੈ ਕਿ ਵੱਧ ਕੋਸ਼ਿਸ਼, ਵੱਧ ਦਬਾਅ ਅਤੇ ਜ਼ਿਆਦਾ ਕਠੋਰਤਾ ਹੀ ਰਸਤਾ ਕੱਢੇਗੀ। ਜਦਕਿ ਹਕੀਕਤ ਇਹ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਪਾਣੀ ਦੀ ਤਰ੍ਹਾਂ ਹੁੰਦੀਆਂ ਹਨ। ਉਹ ਜੀਵਨ ਦੇ ਸੁਭਾਵਕ ਵਹਾਅ ਨਾਲ ਹੀ ਆਪਣੇ-ਆਪ ਸੁਲਝ ਜਾਂਦੀਆਂ ਹਨ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕਦੋਂ ਪ੍ਰਤੀਕਿਰਿਆ ਨੂੰ ਕਾਬੂ ਰੱਖਣਾ ਹੈ। ਅਕਲਮੰਦੀ ਇਕ ਹੀ ਹਥਿਆਰ ਨੂੰ ਹਰ ਜਗ੍ਹਾ ਅਜਮਾਉਣ ਵਿਚ ਨਹੀਂ, ਸਗੋਂ ਹਾਲਾਤ ਮੁਤਾਬਕ ਸਾਧਨ ਚੁਣਨ ਵਿਚ ਹੈ। ਫ਼ੈਸਲੇ ਤਦ ਹੀ ਸਾਰਥਕ ਹੁੰਦੇ ਹਨ ਜਦੋਂ ਉਹ ਸਥਿਤੀ ਦੀ ਪ੍ਰਕਿਰਤੀ ਅਤੇ ਸੀਮਾਵਾਂ ਨੂੰ ਸਮਝ ਕੇ ਲਏ ਜਾਣ। ਜਲਦਬਾਜ਼ੀ ਵਿਚ ਲਿਆ ਗਿਆ ਸਹੀ ਫ਼ੈਸਲਾ ਵੀ ਕਈ ਵਾਰ ਗ਼ਲਤ ਨਤੀਜੇ ਦੇ ਸਕਦਾ ਹੈ। ਅੱਜ ਦੇ ਸਮੇਂ ਵਿਚ ਜਦੋਂ ਵੱਖ-ਵੱਖ ਬਦਲ ਆਸਾਨੀ ਨਾਲ ਉਪਲਬਧ ਹਨ ਤਾਂ ਤੁਰੰਤ ਪ੍ਰਤੀਕਿਰਿਆ ਦੇਣਾ ਹੌਸਲਾ ਸਮਝ ਲਿਆ ਗਿਆ ਹੈ। ਇਹ ਸਹੀ ਨਹੀਂ ਹੈ। ਮੱਛਰ ਮਾਰਨ ਲਈ ਤਲਵਾਰ ਦਾ ਵਾਰ ਕਦੇ ਵੀ ਕਾਰਗਰ ਨਹੀਂ ਹੋ ਸਕਦਾ। ਯਾਦ ਰਹੇ ਕਿ ਹਕੀਕੀ ਤਾਕਤ ਸ਼ੋਰ ਵਿਚ ਨਹੀਂ, ਸੰਤੁਲਨ ਵਿਚ ਹੈ। ਇਸ ਲਈ ਸਮਝਣਾ ਹੋਵੇਗਾ ਕਿ ਸਫਲਤਾ ਤਾਕਤ ਨਾਲ ਨਹੀਂ, ਸਥਿਤੀ ਦੀ ਪ੍ਰਕਿਰਤੀ ਨੂੰ ਸਮਝ ਕੇ ਹਰ ਸੰਭਵ ਸੰਜਮ, ਵਿਵੇਕ ਅਤੇ ਸਹੀ ਦਿਸ਼ਾ ਵਿਚ ਅੱਗੇ ਵਧਣ ਨਾਲ ਮਿਲਦੀ ਹੈ।