ਸਵੈ-ਸੰਕਲਪ ਦੀ ਤਾਕਤ
ਜੀਵਨ ਨੂੰ ਸੁਚੱਜੇ ਢੰਗ ਨਾਲ ਜੀਣਾ ਹਰ ਕੋਈ ਚਾਹੁੰਦਾ ਹੈ ਅਤੇ ਉਸ ਨੂੰ ਉਚੇਚੇ ਤੌਰ ’ਤੇ ਖ਼ੁਸ਼ਹਾਲ ਬਣਾਉਣ ਵਿਚ ਪ੍ਰੇਰਨਾ ਵੱਡੀ ਭੂਮਿਕਾ ਅਦਾ ਕਰਦੀ ਹੈ। ਪ੍ਰੇਰਨਾ ਇਕ ਅਜਿਹੀ ਤਾਕਤ ਹੈ ਜੋ ਮਨੁੱਖ ਤੋਂ ਅਸੰਭਵ ਕਾਰਜ ਵੀ ਸੰਭਵ ਕਰਵਾ ਦਿੰਦੀ ਹੈ। ਬਹੁਤੀ ਵਾਰ ਪ੍ਰੇਰਨਾ ਦੂਜਿਆਂ ਤੋਂ ਹੀ ਲਈ ਜਾਂਦੀ ਹੈ ਪਰ ਇਕ ਪ੍ਰੇਰਨਾ ਅਜਿਹੀ ਹੈ ਜੋ ਸਵੈ-ਸੰਕਲਪ ਜਾਂ ਸਵੈ-ਪੜਚੋਲ ਤੋਂ ਲਈ ਜਾਂਦੀ ਹੈ।
Publish Date: Fri, 27 Mar 2026 10:53 PM (IST)
Updated Date: Fri, 27 Mar 2026 10:56 PM (IST)
ਜੀਵਨ ਨੂੰ ਸੁਚੱਜੇ ਢੰਗ ਨਾਲ ਜੀਣਾ ਹਰ ਕੋਈ ਚਾਹੁੰਦਾ ਹੈ ਅਤੇ ਉਸ ਨੂੰ ਉਚੇਚੇ ਤੌਰ ’ਤੇ ਖ਼ੁਸ਼ਹਾਲ ਬਣਾਉਣ ਵਿਚ ਪ੍ਰੇਰਨਾ ਵੱਡੀ ਭੂਮਿਕਾ ਅਦਾ ਕਰਦੀ ਹੈ। ਪ੍ਰੇਰਨਾ ਇਕ ਅਜਿਹੀ ਤਾਕਤ ਹੈ ਜੋ ਮਨੁੱਖ ਤੋਂ ਅਸੰਭਵ ਕਾਰਜ ਵੀ ਸੰਭਵ ਕਰਵਾ ਦਿੰਦੀ ਹੈ। ਬਹੁਤੀ ਵਾਰ ਪ੍ਰੇਰਨਾ ਦੂਜਿਆਂ ਤੋਂ ਹੀ ਲਈ ਜਾਂਦੀ ਹੈ ਪਰ ਇਕ ਪ੍ਰੇਰਨਾ ਅਜਿਹੀ ਹੈ ਜੋ ਸਵੈ-ਸੰਕਲਪ ਜਾਂ ਸਵੈ-ਪੜਚੋਲ ਤੋਂ ਲਈ ਜਾਂਦੀ ਹੈ। ਜੋ ਮਨੁੱਖ ਸਵੈ-ਸੰਕਲਪ ਰੂਪੀ ਪ੍ਰੇਰਨਾ ਦਾ ਸਹਾਰਾ ਲੈਂਦਾ ਹੈ, ਉਹ ਸਫਲਤਾ ਦੀਆਂ ਸਿਖਰਾਂ ਛੂਹ ਲੈਂਦਾ ਹੈ। ਸਵੈ-ਸੰਕਲਪ ਦਾ ਭਾਵ ਆਪਣੇ-ਆਪ ਨਾਲ ਗੱਲਾਂ ਕਰਨਾ ਤੇ ਖ਼ੁਦ ਨੂੰ ਗ਼ਲਤ ਰਾਹਾਂ ’ਤੇ ਚੱਲਣ ਤੋਂ ਰੋਕ ਲੈਣਾ ਹੈ। ਅਕਸਰ ਮਾਂ-ਬਾਪ ਬੱਚਿਆਂ ਨੂੰ ਗ਼ਲਤ ਰਸਤਿਆਂ ਅਤੇ ਆਦਤਾਂ ਤੋਂ ਰੋਕਦੇ-ਟੋਕਦੇ ਰਹਿੰਦੇ ਹਨ।
ਵਿਡੰਬਣਾ ਇਹ ਹੈ ਕਿ ਅਜਿਹੇ ਮਨੁੱਖ ਵਿਰਲੇ-ਟਾਵੇਂ ਹੁੰਦੇ ਹਨ ਜੋ ਆਪਣੇ-ਆਪ ਨੂੰ ਸੋਧਦੇ ਹਨ। ਸਵੈ-ਸੰਕਲਪ ਲਈ ਸਭ ਤੋਂ ਜ਼ਰੂਰੀ ਹੈ ਇਕਾਂਤ ਵਿਚ ਬੈਠ ਕੇ ਆਪਣੇ ਅੰਦਰ ਝਾਤ ਮਾਰਨਾ। ਆਪਣੇ ਨਾਲ ਗੱਲਾਂ ਕਰ ਕੇ ਪਤਾ ਲਗਾਉਣਾ ਕਿ ਆਪਾਂ ਕੀ ਚਾਹੁੰਦੇ ਹਾਂ, ਕਿਹੜੇ ਕਾਰਜ ਆਤਮਾ ਨੂੰ ਸਦੀਵੀ ਖ਼ੁਸ਼ੀ ਦਿੰਦੇ ਹਨ ਤੇ ਕਿਹੜੀਆਂ ਬੁਰੀਆਂ ਆਦਤਾਂ ਨੂੰ ਦੂਰ ਕਰਨ ਦੀ ਲੋੜ ਹੈ। ਆਪਣੇ-ਆਪ ’ਤੇ ਝਾਤੀ ਮਾਰਨਾ ਹੀ ਸਵੈ-ਸੰਕਲਪ ਦੀ ਬੁਨਿਆਦ ਬਣਦਾ ਹੈ।
ਜਿਵੇਂ ਸਾਡੇ ਲਈ ਸੁਚੱਜਾ ਭੋਜਨਾ ਕਰਨਾ ਨਿਰੋਗ ਦੇਹ ਬਖ਼ਸ਼ਦਾ ਹੈ, ਉਵੇਂ ਹੀ ਸਵੈ-ਸੰਕਲਪ ਸਾਡੀ ਆਤਮਾ ਨੂੰ ਸਦਾ ਖ਼ੁਸ਼ ਰਹਿਣ ਦੀ ਤਾਕਤ ਦਿੰਦਾ ਹੈ। ਇਸ ਦੀ ਗੱਲ ਤਾਂ ਗੁਰੂ ਸਾਹਿਬਾਨ ਨੇ ਗੁਰਬਾਣੀ ਵਿਚ ਵੀ ਕੀਤੀ ਹੈ। ਸੋ, ਆਓ! ਯਤਨ ਕਰੀਏ ਕਿ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ’ਚੋਂ ਕੁਝ ਪਲ ਕੱਢ ਕੇ ਸਵੈ-ਪੜਚੋਲ ਕਰਦਿਆਂ ਸੰਕਲਪ ਲਈਏ ਚੰਗਾ ਬੋਲਣ, ਚੰਗਾ ਸੁਣਨ, ਚੰਗਾ ਖਾਣ-ਪੀਣ ਅਤੇ ਚੰਗਾ ਵਿਵਹਾਰ ਕਰਨ ਲਈ।
ਭਾਵੇਂ ਸਵੈ-ਪੜਚੋਲ ਕਰਨ ਵਾਲੇ ਲੋਕ ਆਟੇ ਵਿਚ ਲੂਣ ਦੇ ਬਰਾਬਰ ਹਨ ਪਰ ਉਹ ਆਪਣੀਆਂ ਗ਼ਲਤੀਆਂ, ਔਗੁਣਾਂ, ਤਰੁੱਟੀਆਂ ਤੋਂ ਸਬਕ ਸਿੱਖਦੇ ਹੋਏ ਜਿੱਥੇ ਆਪਣੇ ਲਈ ਫ਼ਾਇਦੇਮੰਦ ਸਿੱਧ ਹੁੰਦੇ ਹਨ, ਓਥੇ ਹੀ ਸਮਾਜ ਲਈ ਵੀ ਚੰਗੇ ਸਾਬਿਤ ਹੁੰਦੇ ਹਨ। ਅਜਿਹੇ ਲੋਕਾਂ ਸਦਕਾ ਹੀ ਇਕ ਸਿਹਤਮੰਦ ਤੇ ਸੁਚੱਜੇ ਸਮਾਜ ਦਾ ਮੁੱਢ ਬੱਝਦਾ ਹੈ। ਸੋ, ਸਭਨਾਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਨੇਕ ਵਿਚਾਰਾਂ ਤੇ ਚੰਗੇ ਵਿਵਹਾਰ ਸਦਕਾ ਖ਼ੁਦ ਤੇ ਹੋਰਾਂ ਲਈ ਚਾਨਣ-ਮੁਨਾਰੇ ਬਣੀਏ।
-ਰੱਬੀ ਕੌਰ।