ਸਿਰਫ਼ ਹਿੰਦੂਆਂ ਲਈ ਹੀ ਨਹੀਂ, ਸਿੱਖ ਧਰਮ 'ਚ ਵੀ ਦੀਵਾਲੀ ਦਾ ਖ਼ਾਸ ਮਹੱਤਵ; ਜਾਣੋ 'ਬੰਦੀ ਛੋੜ ਦਿਵਸ' ਦਾ ਦਿਲਚਸਪ ਇਤਿਹਾਸ ਦੀਵਾਲੀ ਵਾਲੇ ਦਿਨ ਹੀ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲੇ ਲੋਕ 'ਬੰਦੀ ਛੋੜ ਦਿਵਸ' ਮਨਾਉਂਦੇ ਹਨ। ਦੀਵਾਲੀ ਹਿੰਦੂ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਮਾਨਤਾ ਹੈ ਕਿ ਇਸੇ ਦਿਨ ਭਗਵਾਨ ਸ੍ਰੀ ਰਾਮ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਰਤੇ ਸਨ।
Publish Date: Sun, 01 Nov 2026 11:13 AM (IST)
Updated Date: Sun, 01 Nov 2026 11:14 AM (IST)
ਧਰਮ ਡੈਸਕ, ਨਵੀਂ ਦਿੱਲੀ - ਦੀਵਾਲੀ ਵਾਲੇ ਦਿਨ ਹੀ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲੇ ਲੋਕ 'ਬੰਦੀ ਛੋੜ ਦਿਵਸ' ਮਨਾਉਂਦੇ ਹਨ। ਦੀਵਾਲੀ ਹਿੰਦੂ ਧਰਮ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਮਾਨਤਾ ਹੈ ਕਿ ਇਸੇ ਦਿਨ ਭਗਵਾਨ ਸ੍ਰੀ ਰਾਮ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਰਤੇ ਸਨ।
ਹਾਲਾਂਕਿ ਹਿੰਦੂ ਧਰਮ ਤੋਂ ਇਲਾਵਾ ਬੁੱਧ ਅਤੇ ਸਿੱਖ ਧਰਮ ਵਿੱਚ ਵੀ ਇਸ ਦਿਨ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਸਨ। ਇਸ ਲਈ ਦੀਵਾਲੀ ਦਾ ਤਿਉਹਾਰ ਸਿਰਫ਼ ਹਿੰਦੂ ਧਰਮ ਨਾਲ ਜੁੜੇ ਲੋਕਾਂ ਲਈ ਹੀ ਖ਼ਾਸ ਨਹੀਂ ਹੈ, ਸਗੋਂ ਹੋਰ ਧਰਮਾਂ ਵਿੱਚ ਵੀ ਇਸ ਦਿਨ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਸਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੋਵੇਂ 8 ਨਵੰਬਰ 2026, ਐਤਵਾਰ ਨੂੰ ਮਨਾਏ ਜਾਣਗੇ।
ਸਿੱਖ ਧਰਮ ਨਾਲ ਜੁੜੇ ਲੋਕ ਦੀਵਾਲੀ ਦੇ ਮੌਕੇ 'ਤੇ ਬੰਦੀ ਛੋੜ ਦਿਵਸ (Diwali Bandi Chhor Divas) ਮਨਾਉਂਦੇ ਹਨ। ਇਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ ਤੋਂ ਰਿਹਾਈ ਮਿਲੀ ਸੀ। ਸਿਰਫ਼ ਇਹੀ ਘਟਨਾ ਨਹੀਂ, ਸਗੋਂ ਦੀਵਾਲੀ ਦੇ ਮੌਕੇ ਨਾਲ ਜੁੜੀਆਂ ਕਈ ਹੋਰ ਘਟਨਾਵਾਂ ਵੀ ਸਿੱਖ ਧਰਮ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦੀਆਂ ਹਨ।
ਕੀ ਹੈ ਬੰਦੀ ਛੋੜ ਦਿਵਸ? ਭਾਰਤ ਵਿੱਚ ਮੁਗ਼ਲ ਸ਼ਾਸਨ ਦੌਰਾਨ ਹਿੰਦੂਆਂ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪਿਆ। ਮੁਗ਼ਲਾਂ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਨਾ ਸਿਰਫ਼ ਹਿੰਦੂ ਰਾਜਿਆਂ ਅਤੇ ਧਾਰਮਿਕ ਆਗੂਆਂ ਨੇ ਆਵਾਜ਼ ਉਠਾਈ, ਸਗੋਂ ਸਿੱਖ ਗੁਰੂ ਸਾਹਿਬਾਨ ਵੀ ਅਜਿਹੀਆਂ ਨੀਤੀਆਂ ਦੇ ਵਿਰੋਧ ਵਿੱਚ ਖੜ੍ਹੇ ਹੋਏ। ਉਸ ਸਮੇਂ ਭਾਰਤ 'ਤੇ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਸ਼ਾਸਨ ਸੀ। ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਧਦੇ ਪ੍ਰਭਾਵ ਤੋਂ ਚਿੰਤਤ ਸੀ। ਇਸ ਕਾਰਨ ਉਨ੍ਹਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ ਸੀ। ਉਸੇ ਕਿਲ੍ਹੇ ਵਿੱਚ ਉਨ੍ਹਾਂ ਦੇ ਨਾਲ 52 ਹਿੰਦੂ ਰਾਜਿਆਂ ਨੂੰ ਵੀ ਬੰਦੀ ਬਣਾਇਆ ਗਿਆ ਸੀ।
ਦੱਸਿਆ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਕਿਲ੍ਹੇ ਦੀ ਜੇਲ੍ਹ ਵਿੱਚ ਲਿਆਂਦਾ ਗਿਆ ਤਾਂ ਉੱਥੇ ਮੌਜੂਦ ਸਾਰੇ ਹਿੰਦੂ ਰਾਜਿਆਂ ਨੇ ਉਨ੍ਹਾਂ ਦਾ ਬਹੁਤ ਆਦਰ-ਸਤਿਕਾਰ ਕੀਤਾ। ਕੁਝ ਸਮਾਂ ਕੈਦ ਵਿੱਚ ਰੱਖਣ ਤੋਂ ਬਾਅਦ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ। ਪਰ ਗੁਰੂ ਸਾਹਿਬ ਨੇ ਸ਼ਰਤ ਰੱਖੀ ਕਿ ਉਨ੍ਹਾਂ ਦੇ ਨਾਲ ਕੈਦ ਕੀਤੇ ਗਏ ਸਾਰੇ 52 ਹਿੰਦੂ ਰਾਜਿਆਂ ਨੂੰ ਵੀ ਰਿਹਾਅ ਕੀਤਾ ਜਾਵੇ। ਆਖ਼ਰਕਾਰ ਜਹਾਂਗੀਰ ਨੇ ਇਹ ਸ਼ਰਤ ਮੰਨ ਲਈ ਅਤੇ ਦੀਵਾਲੀ ਦੇ ਮੌਕੇ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਤ ਸਾਰੇ 52 ਰਾਜਿਆਂ ਨੂੰ ਕੈਦ ਤੋਂ ਰਿਹਾਅ ਕਰ ਦਿੱਤਾ ਗਿਆ।
ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ। ਉੱਥੇ ਉਨ੍ਹਾਂ ਦੇ ਸਵਾਗਤ ਲਈ ਸ੍ਰੀ ਹਰਿਮੰਦਰ ਸਾਹਿਬ ਨੂੰ ਦੀਵਿਆਂ ਨਾਲ ਸਜਾਇਆ ਗਿਆ ਸੀ। ਇਸ ਇਤਿਹਾਸਕ ਘਟਨਾ ਤੋਂ ਬਾਅਦ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ। ਗੁਰੂ ਸਾਹਿਬ ਦੀ ਰਿਹਾਈ ਅਤੇ 52 ਰਾਜਿਆਂ ਦੀ ਆਜ਼ਾਦੀ ਦੀ ਯਾਦ ਵਿੱਚ ਹਰ ਸਾਲ ਸਿੱਖ ਸੰਗਤ ਇਸ ਦਿਨ ਨੂੰ ਬੇਹੱਦ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੀ ਹੈ।
ਸਿੱਖ ਅਤੇ ਹਿੰਦੂ ਧਰਮ ਵਿੱਚ ਦੀਵਾਲੀ ਦਾ ਮਹੱਤਵ ਹਿੰਦੂ ਧਰਮ ਵਾਂਗ ਸਿੱਖ ਧਰਮ ਵਿੱਚ ਵੀ ਇਸ ਦਿਨ ਲੋਕ ਗੁਰਦੁਆਰਿਆਂ ਵਿੱਚ ਜਾ ਕੇ ਗੁਰੂ ਸਾਹਿਬ ਅੱਗੇ ਮੱਥਾ ਟੇਕਦੇ ਹਨ ਅਤੇ ਇੱਕ-ਦੂਜੇ ਨੂੰ ਵਧਾਈ ਦਿੰਦੇ ਹਨ। ਇਸ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਸਾਕ-ਸੰਬੰਧੀਆਂ ਦੇ ਘਰ ਜਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ।
ਇਸ ਖ਼ਾਸ ਮੌਕੇ 'ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਦੀਵਾਲੀ ਦੇ ਮੌਕੇ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰਾ ਦਿਨ ਕੀਰਤਨ ਹੁੰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਵੀ ਕੀਤਾ ਜਾਂਦਾ ਹੈ।
ਸ਼ਾਮ ਸਮੇਂ ਸਿੱਖ ਸੰਗਤ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਰੁਸ਼ਨਾਉਂਦੀ ਹੈ। ਇਸ ਤਰ੍ਹਾਂ ਬੰਦੀ ਛੋੜ ਦਿਵਸ ਸਿੱਖ ਇਤਿਹਾਸ ਵਿੱਚ ਆਜ਼ਾਦੀ, ਕੁਰਬਾਨੀ, ਮਨੁੱਖਤਾ ਅਤੇ ਦੂਜਿਆਂ ਦੀ ਮੁਕਤੀ ਲਈ ਖੜ੍ਹੇ ਹੋਣ ਦੀ ਪ੍ਰੇਰਣਾ ਦਿੰਦਾ ਹੈ।
Disclaimer : ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਧਾਰਮਿਕ ਸਰੋਤਾਂ, ਮਾਨਤਾਵਾਂ ਅਤੇ ਇਤਿਹਾਸਕ ਵੇਰਵਿਆਂ 'ਤੇ ਆਧਾਰਿਤ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਨੂੰ ਅੰਤਿਮ ਸੱਚ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਦੈਨਿਕ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।