- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਲਕਸ਼ਮੀ ਵਰਤ ਦੌਰਾਨ 16 ਗੰਢਾਂ ਵਾਲੇ ਰੱਖਿਆਸੂਤਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਨੂੰ ਮਾਂ ਲਕਸ਼ਮੀ ਦੇ ਵੱਖ-ਵੱਖ ਸਰੂਪਾਂ ਤੇ ਵਰਤ ਦੇ 16 ਦਿਨਾਂ ਨਾਲ ਜੋੜਿਆ ਜਾਂਦਾ ਹੈ। ਇਹ ਧਾਗਾ ਮਾਂ ਲਕਸ਼ਮੀ ਦੀ ਕਿਰਪਾ, ਸੁਰੱਖਿਆ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਿਸ ਨੂੰ ਵਿਧੀ-ਵਿਧਾਨ ਨਾਲ ਤਿਆਰ ਕਰਕੇ ਪੂਜਾ ਕੀਤੀ ਜਾਂਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਮਹਾਲਕਸ਼ਮੀ ਵਰਤ ਮਾਂ ਲਕਸ਼ਮੀ ਨੂੰ ਸਮਰਪਿਤ ਇੱਕ ਮਹੱਤਵਪੂਰਨ ਵਰਤ ਮੰਨਿਆ ਜਾਂਦਾ ਹੈ। 16 ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦੌਰਾਨ ਸ਼ਰਧਾਲੂ ਮਾਂ ਲਕਸ਼ਮੀ ਦੀ ਵਿਧੀ-ਵਿਧਾਨ ਨਾਲ ਪੂਜਾ ਕਰਦੇ ਹਨ ਤੇ ਘਰ ’ਚ ਉਨ੍ਹਾਂ ਦੀ ਸਥਾਪਨਾ ਕਰਦੇ ਹਨ। ਮਾਂ ਲਕਸ਼ਮੀ ਦਾ ਵਰਤ ਰੱਖਣ ਨਾਲ ਘਰ ’ਚ ਸੁੱਖ-ਸਮ੍ਰਿੱਧੀ ਤੇ ਧਨ-ਅਨਾਜ ਬਣਿਆ ਰਹਿੰਦਾ ਹੈ। ਮਹਾਲਕਸ਼ਮੀ ਵਰਤ ਨਾਲ ਜੁੜੀਆਂ ਕਈ ਧਾਰਮਿਕ ਪਰੰਪਰਾਵਾਂ ਤੇ ਰੀਤੀ-ਰਿਵਾਜ ਹਨ। ਇਨ੍ਹਾਂ ’ਚ 16 ਗੰਢਾਂ ਵਾਲਾ ਰੱਖਿਆਸੂਤਰ ਜਾਂ ਡੋਰਾ ਦੇਵੀ ਨੂੰ ਅਰਪਿਤ ਕਰਨਾ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਪਰੰਪਰਾ ਬਾਰੇ ਅਸੀਂ ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰੈਸ਼ ਸ਼ਰਮਾ ਨਾਲ ਗੱਲ ਕੀਤੀ। ਉਨ੍ਹਾਂ ਦੇ ਅਨੁਸਾਰ, “ਇਸ ਡੋਰੇ ਨੂੰ ਮਹਾਲਕਸ਼ਮੀ ਵਰਤ ਦੀਆਂ ਪ੍ਰਮੁੱਖ ਪਰੰਪਰਾਵਾਂ ’ਚੋਂ ਇੱਕ ਮੰਨਿਆ ਜਾਂਦਾ ਹੈ। ਕਲਸ਼ ਸਥਾਪਨਾ ਦੇ ਨਾਲ ਇਸ ਨੂੰ ਰੱਖਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।”
ਮਹਾਲਕਸ਼ਮੀ ਵਰਤ ’ਚ 16 ਗੰਢਾਂ ਦਾ ਕੀ ਮਹੱਤਵ ਹੈ?
ਮਹਾਲਕਸ਼ਮੀ ਵਰਤ ਦੌਰਾਨ ਲਾਲ ਜਾਂ ਪੀਲੇ ਰੰਗ ਦੇ ਧਾਗੇ ’ਚ 16 ਗੰਢਾਂ ਲਗਾਈਆਂ ਜਾਂਦੀਆਂ ਹਨ। ਧਾਰਮਿਕ ਮਾਨਤਾ ਅਨੁਸਾਰ, ਇਨ੍ਹਾਂ ਗੰਢਾਂ ਨੂੰ ਮਾਂ ਲਕਸ਼ਮੀ ਦੇ ਵੱਖ-ਵੱਖ ਸਰੂਪਾਂ ਤੇ ਵਰਤ ਦੇ 16 ਦਿਨਾਂ ਨਾਲ ਜੋੜਿਆ ਜਾਂਦਾ ਹੈ। ਹਰ ਗੰਢ ਲਗਾਉਂਦੇ ਸਮੇਂ ਮਾਂ ਲਕਸ਼ਮੀ ਦਾ ਧਿਆਨ ਤੇ ਮੰਤਰ ਜਾਪ ਕਰਨ ਨਾਲ ਇਹ ਰੱਖਿਆਸੂਤਰ ਊਰਜਾਵਾਨ ਤੇ ਵਿਸ਼ੇਸ਼ ਮੰਨਿਆ ਜਾਂਦਾ ਹੈ। ਇਹ ਧਾਗਾ ਸਿਰਫ਼ ਇੱਕ ਆਮ ਕਲਾਵਾ ਨਹੀਂ ਹੁੰਦਾ, ਸਗੋਂ ਇਸ ਨੂੰ ਮਾਂ ਲਕਸ਼ਮੀ ਦੀ ਕਿਰਪਾ ਤੇ ਸੁਰੱਖਿਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਰਧਾਲੂ ਇਸ ਨੂੰ ਸ਼ਰਧਾ ਨਾਲ ਪੂਰੇ ਵਰਤ ਦੌਰਾਨ ਪੂਜਾ ਸਥਾਨ ’ਤੇ ਰੱਖਦੇ ਹਨ।
16 ਗੰਢਾਂ ਵਾਲਾ ਡੋਰਾ ਕਿਵੇਂ ਤਿਆਰ ਕੀਤਾ ਜਾਂਦਾ ਹੈ?
ਮਹਾਲਕਸ਼ਮੀ ਵਰਤ ਦੇ ਪਹਿਲੇ ਦਿਨ ਕਲਾਵੇ ਜਾਂ ਲਾਲ-ਪੀਲੇ ਰੇਸ਼ਮੀ ਧਾਗੇ ’ਚ 16 ਗੰਢਾਂ ਲਗਾਈਆਂ ਜਾਂਦੀਆਂ ਹਨ। ਪਰੰਪਰਾ ਅਨੁਸਾਰ, ਹਰ ਗੰਢ ਲਗਾਉਂਦੇ ਸਮੇਂ ਮਾਂ ਲਕਸ਼ਮੀ ਦੇ ਮੰਤਰਾਂ ਦਾ ਜਾਪ ਕੀਤਾ ਜਾਂਦਾ ਹੈ ਤੇ ਦੇਵੀ ਦੇ ਸਰੂਪ ਦਾ ਧਿਆਨ ਕੀਤਾ ਜਾਂਦਾ ਹੈ। ਗੰਢਾਂ ਲਗਾਉਣ ਤੋਂ ਬਾਅਦ ਇਸ ਰੱਖਿਆਸੂਤਰ ਨੂੰ ਮਾਂ ਲਕਸ਼ਮੀ ਦੇ ਚਰਨਾਂ ’ਚ ਰੱਖਿਆ ਜਾਂਦਾ ਹੈ। ਪੂਰੇ ਵਰਤ ਦੌਰਾਨ ਇਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤਰ੍ਹਾਂ 16 ਦਿਨਾਂ ਤੱਕ ਇਹ ਡੋਰਾ ਮਾਂ ਲਕਸ਼ਮੀ ਦੇ ਕੋਲ ਹੀ ਰੱਖਿਆ ਰਹਿੰਦਾ ਹੈ ਤੇ ਇਸ ਦੀ ਵੀ ਉਸੇ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ, ਜਿਵੇਂ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ।
ਵਰਤ ਪੂਰਾ ਹੋਣ ਤੋਂ ਬਾਅਦ ਡੋਰਾ ਕਿਵੇਂ ਧਾਰਨ ਕਰੀਏ?
ਮਹਾਲਕਸ਼ਮੀ ਵਰਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਸ 16 ਗੰਢਾਂ ਵਾਲੇ ਰੱਖਿਆਸੂਤਰ ਨੂੰ ਧਾਰਨ ਵੀ ਕੀਤਾ ਜਾ ਸਕਦਾ ਹੈ ਤੇ ਕਲਸ਼ ਵਿਸਰਜਨ ਦੇ ਨਾਲ ਇਸ ਦਾ ਵਿਸਰਜਨ ਵੀ ਕੀਤਾ ਜਾ ਸਕਦਾ ਹੈ। ਆਮ ਤੌਰ ’ਤੇ ਪੁਰਸ਼ ਇਸ ਧਾਗੇ ਨੂੰ ਸੱਜੇ ਗੁੱਟ ’ਤੇ ਤੇ ਔਰਤਾਂ ਖੱਬੇ ਗੁੱਟ ’ਤੇ ਬੰਨ੍ਹਦੀਆਂ ਹਨ।
16 ਗੰਢਾਂ ਵਾਲਾ ਡੋਰਾ ਕਿਸ ਦਾ ਪ੍ਰਤੀਕ ਹੈ?
16 ਗੰਢਾਂ ਵਾਲੇ ਇਸ ਰੱਖਿਆਸੂਤਰ ਨੂੰ ਸੁਰੱਖਿਆ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਇਹ ਭਗਤ ਲਈ ਮਾਂ ਲਕਸ਼ਮੀ ਦੇ ਆਸ਼ੀਰਵਾਦ ਤੇ ਸੁਰੱਖਿਆ ਦਾ ਵਿਸ਼ਵਾਸ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨੂੰ ਧਾਰਨ ਕਰਨ ਨਾਲ ਆਰਥਿਕ ਪਰੇਸ਼ਾਨੀਆਂ ਘੱਟ ਹੁੰਦੀਆਂ ਹਨ ਤੇ ਘਰ ’ਚ ਸਕਾਰਾਤਮਕਤਾ ਬਣੀ ਰਹਿੰਦੀ ਹੈ। ਇਸ ਨੂੰ ਨਕਾਰਾਤਮਕ ਊਰਜਾ ਤੇ ਗ੍ਰਹਿਆਂ ਦੇ ਅਸ਼ੁਭ ਪ੍ਰਭਾਵਾਂ ਤੋਂ ਬਚਾਅ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।