- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਅਕਸਰ ਛੋਟੀਆਂ-ਮੋਟੀਆਂ ਗੱਲਾਂ ਲਈ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਵੇਂ ਸਿਹਤ, ਰੁਜ਼ਗਾਰ ਤੇ ਪਰਿਵਾਰ ਲਈ ਪਰ ਇਸ ਦੇ ਨਾਲ-ਨਾਲ ਇਹ ਵੀ ਸਾਡਾ ਫ਼ਰਜ਼ ਬਣਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਔਖੇ ਵੇਲੇ ਸਾਡਾ ਹੱਥ ਫੜਿਆ, ਸਾਡੇ ਨਾਲ ਖੜ੍ਹੇ ਰਹੇ, ਉਨ੍ਹਾਂ ਦਾ ਵੀ ਦਿਲੋਂ ਧੰਨਵਾਦ ਕਰੀਏ।

ਮਨੁੱਖੀ ਜੀਵਨ ਆਪਸੀ ਸਹਿਯੋਗ ’ਤੇ ਨਿਰਭਰ ਹੈ। ਕੋਈ ਵੀ ਮਨੁੱਖ ਅਜਿਹਾ ਨਹੀਂ ਹੁੰਦਾ ਜੋ ਜ਼ਿੰਦਗੀ ਦੇ ਹਰ ਮੋੜ ’ਤੇ ਦੂਜਿਆਂ ਦੀ ਮਦਦ ਤੋਂ ਬਿਨਾਂ ਅੱਗੇ ਵਧ ਸਕੇ। ਕਦੇ ਨਾ ਕਦੇ, ਹਰ ਕਿਸੇ ਨੂੰ ਕਿਸੇ ਹੋਰ ਦੇ ਸਾਥ, ਸਹਾਰੇ ਜਾਂ ਹੌਸਲੇ ਦੀ ਲੋੜ ਪੈਂਦੀ ਹੈ। ਇਹੀ ਜੀਵਨ ਦੀ ਹਕੀਕਤ ਹੈ ਜਿਸ ਨੂੰ ਸਮਝ ਕੇ ਹੀ ਅਸੀਂ ਇਕ ਸੁੰਦਰ ਸਮਾਜ ਦੀ ਨੀਂਹ ਰੱਖ ਸਕਦੇ ਹਾਂ।
ਅਸੀਂ ਅਕਸਰ ਛੋਟੀਆਂ-ਮੋਟੀਆਂ ਗੱਲਾਂ ਲਈ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਵੇਂ ਸਿਹਤ, ਰੁਜ਼ਗਾਰ ਤੇ ਪਰਿਵਾਰ ਲਈ ਪਰ ਇਸ ਦੇ ਨਾਲ-ਨਾਲ ਇਹ ਵੀ ਸਾਡਾ ਫ਼ਰਜ਼ ਬਣਦਾ ਹੈ ਕਿ ਜਿਨ੍ਹਾਂ ਮਨੁੱਖਾਂ ਨੇ ਔਖੇ ਵੇਲੇ ਸਾਡਾ ਹੱਥ ਫੜਿਆ, ਸਾਡੇ ਨਾਲ ਖੜ੍ਹੇ ਰਹੇ, ਉਨ੍ਹਾਂ ਦਾ ਵੀ ਦਿਲੋਂ ਧੰਨਵਾਦ ਕਰੀਏ।
‘ਧੰਨਵਾਦ’ ਸਿਰਫ਼ ਇਕ ਸ਼ਬਦ ਨਹੀਂ, ਇਹ ਸਾਡੇ ਚਰਿੱਤਰ ਦੀ ਪਛਾਣ ਹੈ। ਧੰਨਵਾਦ ਕਰਨ ਨਾਲ ਅਸੀਂ ਆਪਣੀ ਨਿਮਰਤਾ ਦਰਸਾਉਂਦੇ ਹਾਂ ਤੇ ਖ਼ੁਦ ਨੂੰ ਸੱਭਿਅਕ ਮਨੁੱਖ ਵਜੋਂ ਪੇਸ਼ ਕਰਦੇ ਹਾਂ। ਅੱਜ ਦੇ ਦੌਰ ਵਿਚ ਦੁੱਖ ਦੀ ਗੱਲ ਇਹ ਹੈ ਕਿ ਕਈ ਵਾਰ ਸਾਨੂੰ ਅਜਿਹੇ ਲੋਕ ਵੀ ਮਿਲਦੇ ਹਨ ਜੋ ਲੋੜ ਪੈਣ ’ਤੇ ਬਹੁਤ ਮਿੱਠੇ ਬੋਲ ਬੋਲਦੇ ਹਨ। ਜੀ-ਜੀ ਕਰ ਕੇ ਗੱਲ ਕਰਦੇ ਹਨ, ਸਾਡੇ ਆਲੇ-ਦੁਆਲੇ ਘੁੰਮਦੇ ਹਨ ਪਰ ਜਿਵੇਂ ਹੀ ਉਨ੍ਹਾਂ ਦਾ ਮਤਲਬ ਪੂਰਾ ਹੋ ਜਾਂਦਾ ਹੈ, ਉਹ ਸਾਡੇ ਵੱਲ ਵੇਖਣਾ ਵੀ ਪਸੰਦ ਨਹੀਂ ਕਰਦੇ। ਇਹ ਨਾਸ਼ੁਕਰਾਪਣ ਨਾ ਸਿਰਫ਼ ਰਿਸ਼ਤਿਆਂ ਨੂੰ ਕਮਜ਼ੋਰ ਕਰਦਾ ਹੈ, ਸਗੋਂ ਸਮਾਜ ਵਿਚ ਭਰੋਸੇ ਨੂੰ ਵੀ ਘਟਾਉਂਦਾ ਹੈ। ਇਸੇ ਕਾਰਨ ਮੌਜੂਦਾ ਸਮੇਂ ਰਿਸ਼ਤਿਆਂ ਤੇ ਸਮਾਜ ਵਿਚ ਵੱਡੇ ਵਿਕਾਰ ਪੈਦਾ ਹੋ ਰਹੇ ਹਨ।
ਸ਼ੁਕਰਗੁਜ਼ਾਰ ਹੋਣਾ ਉਹ ਗੁਣ ਹੈ ਜੋ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ। ਇਕ ਛੋਟਾ ਜਿਹਾ ‘ਧੰਨਵਾਦ’ ਕਿਸੇ ਦੇ ਦਿਲ ਵਿਚ ਵੱਡੀ ਜਗ੍ਹਾ ਬਣਾ ਸਕਦਾ ਹੈ। ਇਹ ਅਹਿਸਾਸ ਦਿਵਾਉਂਦਾ ਹੈ ਕਿ ਉਸ ਦੀ ਮਦਦ, ਉਸ ਦੀ ਨੀਅਤ ਤੇ ਉਸ ਦਾ ਸਮਾਂ ਕਦਰਯੋਗ ਹੈ। ਸ਼ੁਕਰਗੁਜ਼ਾਰ ਹੋਣ ਦਾ ਗੁਣ ਹਰ ਰਿਸ਼ਤੇ ਵਿਚ ਆਪਸੀ ਸਤਿਕਾਰ ਅਤੇ ਸਮਝ ਨੂੰ ਵਧਾਉਂਦਾ ਹੈ। ਆਓ, ਅਸੀਂ ਸਭ ਇਹ ਪ੍ਰਣ ਕਰੀਏ ਕਿ ਨਾਸ਼ੁਕਰੇ ਨਹੀਂ, ਸ਼ੁਕਰਗੁਜ਼ਾਰ ਬਣਾਂਗੇ। ਜਿਹੜਾ ਵੀ ਸਾਡੇ ਜੀਵਨ ਵਿਚ ਕਿਸੇ ਵੀ ਤਰੀਕੇ ਨਾਲ ਸਹਾਇਤਾ ਕਰੇ, ਚਾਹੇ ਵੱਡੀ ਹੋਵੇ ਜਾਂ ਛੋਟੀ, ਅਸੀਂ ਉਸ ਦਾ ਸਤਿਕਾਰ ਕਰਾਂਗੇ ਅਤੇ ਧੰਨਵਾਦ ਜ਼ਰੂਰ ਕਰਾਂਗੇ।
-ਪਵਨ ਕੁਮਾਰ ਅੱਤਰੀ
-ਮੋਬਾਈਲ : 84277-91277