- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖ ਦਾ ਅਸਲ ਸਰੂਪ ਉਸ ਦੀ ਬਾਹਰਲੀ ਦਿੱਖ ਤੋਂ ਨਹੀਂ, ਬਲਕਿ ਉਸ ਦੀ ਬਿਰਤੀ ਤੋਂ ਪ੍ਰਗਟ ਹੁੰਦਾ ਹੈ। ਗੀਤਾ ਵਿਚ ਭਗਵਾਨ ਸ੍ਰੀਕ੍ਰਿਸ਼ਨ ਨੇ ਕਿਹਾ ਹੈ ਕਿ ਦਾਨਵੀ ਬਿਰਤੀ ਦਾ ਮੂਲ ਕਾਰਨ ਹੰਕਾਰ, ਅਸੀਮ ਕਾਮਨਾਵਾਂ, ਕਰੋਧ ਅਤੇ ਸਵਾਰਥ ਹੈ। ਅਜਿਹਾ ਵਿਅਕਤੀ ਕਰਮ-ਫਲ ਦੇ ਪੱਕੇ ਸਿਧਾਂਤ ਅਤੇ ਈਸ਼ਵਰ ਦੀ ਵਿਵਸਥਾ ’ਤੇ ਭਰੋਸਾ ਨਹੀਂ ਕਰਦਾ। ਉਹ ਖ਼ੁਦ ਨੂੰ ਸਰਬ-ਸ਼ਕਤੀਮਾਨ ਸਮਝਣ ਲੱਗਦਾ ਹੈ

ਮਨੁੱਖ ਦਾ ਅਸਲ ਸਰੂਪ ਉਸ ਦੀ ਬਾਹਰਲੀ ਦਿੱਖ ਤੋਂ ਨਹੀਂ, ਬਲਕਿ ਉਸ ਦੀ ਬਿਰਤੀ ਤੋਂ ਪ੍ਰਗਟ ਹੁੰਦਾ ਹੈ। ਗੀਤਾ ਵਿਚ ਭਗਵਾਨ ਸ੍ਰੀਕ੍ਰਿਸ਼ਨ ਨੇ ਕਿਹਾ ਹੈ ਕਿ ਦਾਨਵੀ ਬਿਰਤੀ ਦਾ ਮੂਲ ਕਾਰਨ ਹੰਕਾਰ, ਅਸੀਮ ਕਾਮਨਾਵਾਂ, ਕਰੋਧ ਅਤੇ ਸਵਾਰਥ ਹੈ। ਅਜਿਹਾ ਵਿਅਕਤੀ ਕਰਮ-ਫਲ ਦੇ ਪੱਕੇ ਸਿਧਾਂਤ ਅਤੇ ਈਸ਼ਵਰ ਦੀ ਵਿਵਸਥਾ ’ਤੇ ਭਰੋਸਾ ਨਹੀਂ ਕਰਦਾ। ਉਹ ਖ਼ੁਦ ਨੂੰ ਸਰਬ-ਸ਼ਕਤੀਮਾਨ ਸਮਝਣ ਲੱਗਦਾ ਹੈ ਅਤੇ ਇਹੀ ਭਰਮ ਉਸ ਦੇ ਪਤਨ ਦਾ ਕਾਰਨ ਬਣਦਾ ਹੈ। ਦਾਨਵੀ ਬਿਰਤੀ ਦਾ ਸਭ ਤੋਂ ਵੱਡਾ ਲੱਛਣ ਹੈ ਨਿਰੰਤਰ ਤੁਲਨਾ ਅਤੇ ਮੁਕਾਬਲੇਬਾਜ਼ੀ। ਅਜਿਹਾ ਵਿਅਕਤੀ ਆਪਣੀ ਸਫਲਤਾ ਦਾ ਮੁੱਲ ਆਪਣੇ ਗੁਣਾਂ ਨਾਲ ਨਹੀਂ ਬਲਕਿ ਹੋਰਾਂ ਨਾਲੋਂ ਵੱਧ ਧਨ, ਅਹੁਦੇ ਜਾਂ ਵੱਕਾਰ ਹਾਸਲ ਕਰਨ ਨਾਲ ਨਿਰਧਾਰਤ ਕਰਦਾ ਹੈ। ਉਸ ਦੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ ਹੁੰਦਾ। ਅੱਜ ਜੋ ਉਸ ਕੋਲ ਹੈ, ਉਸ ਵਿਚ ਉਸ ਨੂੰ ਆਨੰਦ ਨਹੀਂ ਮਿਲਦਾ, ਉਸ ਦਾ ਸੁੱਖ ਸਦਾ ਉਸ ਵਸਤੂ ਵਿਚ ਛੁਪਿਆ ਰਹਿੰਦਾ ਹੈ, ਜੋ ਹਾਲੇ ਪ੍ਰਾਪਤ ਨਹੀਂ ਹੋਈ। ਨਤੀਜੇ ਵਜੋਂ ਉਹ ਜੀਵਨ ਭਰ ਉਪਲਬਧੀਆਂ ਦੇ ਪਿੱਛੇ ਦੌੜਦਾ ਹੈ ਪਰ ਸੰਤੁਸ਼ਟੀ ਤੇ ਸ਼ਾਂਤੀ ਤੋਂ ਵਿਰਵਾ ਰਹਿੰਦਾ ਹੈ। ਦੂਜਾ ਮੁੱਖ ਲੱਛਣ ਹੈ ਦੂਜਿਆਂ ਨੂੰ ਮੁਕਾਬਲੇਬਾਜ਼ ਮੰਨਣਾ। ਦਾਨਵੀ ਬਿਰਤੀ ਵਾਲਾ ਵਿਅਕਤੀ ਹਰ ਸਫਲ ਮਨੁੱਖ ਵਿਚ ਆਪਣਾ ਦੁਸ਼ਮਣ ਦੇਖਦਾ ਹੈ। ਉਸ ਦੀ ਪ੍ਰਸੰਨਤਾ ਹੋਰਾਂ ਦੇ ਦੁੱਖ ਨਾਲ ਜੁੜ ਜਾਂਦੀ ਹੈ। ਇਹੀ ਕਾਰਨ ਹੈ ਕਿ ਦਾਨਵੀ ਬਿਰਤੀ ਅਖ਼ੀਰ ਆਪਣੀ ਤਬਾਹੀ ਦਾ ਰਾਹ ਬਣ ਜਾਂਦੀ ਹੈ। ਇਸ ਦੇ ਉਲਟ ਦੈਵੀ ਬਿਰਤੀ ਵਾਲਾ ਵਿਅਕਤੀ ਕਰੁਣਾ, ਹਲੀਮੀ, ਸਬਰ-ਸੰਤੋਖ ਅਤੇ ਪਰਉਪਕਾਰ ਨੂੰ ਜੀਵਨ ਦਾ ਆਧਾਰ ਬਣਾਉਂਦਾ ਹੈ। ਉਹ ਦੂਜਿਆਂ ਦੀ ਉੱਨਤੀ ਨੂੰ ਦੇਖ ਕੇ ਖਾਰ ਨਹੀਂ ਖਾਂਦਾ ਬਲਕਿ ਉਨ੍ਹਾਂ ਦੇ ਸੁੱਖ ਵਿਚ ਆਪਣਾ ਸੁੱਖ ਭਾਲਦਾ ਹੈ। ਉਸ ਦਾ ਆਤਮ-ਵਿਸ਼ਵਾਸ ਹੰਕਾਰ ਨਹੀਂ ਸਗੋਂ ਈਸ਼ਵਰ ਵਿਚ ਸ਼ਰਧਾ ਤੇ ਧਰਮ ਵਿਚ ਆਸਥਾ ਤੋਂ ਜਨਮ ਲੈਂਦਾ ਹੈ। ਹਕੀਕੀ ਜਿੱਤ ਦੂਜਿਆਂ ਨੂੰ ਹਰਾਉਣ ਵਿਚ ਨਹੀਂ, ਬਲਕਿ ਆਪਣੇ ਅੰਦਰ ਦੇ ਲੋਭ, ਕਰੋਧ, ਈਰਖਾ ਅਤੇ ਹੰਕਾਰ ’ਤੇ ਜਿੱਤ ਹਾਸਲ ਕਰਨ ਵਿਚ ਹੈ। ਜਦ ਮਨੁੱਖ ਤੁਲਨਾ ਦੀ ਜਗ੍ਹਾ ਸਬਰ-ਸੰਤੋਖ, ਮੁਕਾਬਲੇਬਾਜ਼ੀ ਦੀ ਥਾਂ ਸਹਿਯੋਗ ਤੇ ਸਵਾਰਥ ਦੇ ਸਥਾਨ ’ਤੇ ਸੇਵਾ ਨੂੰ ਅਪਣਾਉਂਦਾ ਹੈ, ਤਦ ਹੀ ਉਸ ਦੇ ਅੰਦਰ ਦੈਵੀ ਚੇਤਨਾ ਦਾ ਉਦੈ ਹੁੰਦਾ ਹੈ। ਇਹੀ ਰੂਹਾਨੀਅਤ ਜੀਵਨ ਦਾ ਨਿਚੋੜ ਅਤੇ ਮਨੁੱਖਤਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
-ਮੁਕੇਸ਼ ਰਿਸ਼ੀ।