- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਚਾਰਿਆ ਚਾਣਕਯ ਦੇ ਅਨੁਸਾਰ, ਜ਼ਿੰਦਗੀ ’ਚ ਹਰ ਗੱਲ ’ਤੇ ਚੁੱਪ ਰਹਿਣਾ ਸਮਝਦਾਰੀ ਨਹੀਂ ਹੈ। ਕੁਝ ਹਾਲਾਤਾਂ ’ਚ ਆਪਣੀ ਗੱਲ ਖੁੱਲ੍ਹ ਕੇ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਆਪਣੀਆਂ ਭਾਵਨਾਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਆਚਾਰਿਆ ਚਾਣਕਯ ਨੇ ਜ਼ਿੰਦਗੀ ’ਚ ਸਹੀ ਸਮੇਂ ’ਤੇ ਸਹੀ ਫੈਸਲਾ ਲੈਣ ਨੂੰ ਬਹੁਤ ਮਹੱਤਵ ਦਿੱਤਾ ਹੈ। ਕਈ ਵਾਰ ਹਾਲਾਤ ਅਜਿਹੇ ਹੁੰਦੇ ਹਨ, ਜਿੱਥੇ ਚੁੱਪ ਰਹਿਣਾ ਸਮਝਦਾਰੀ ਮੰਨੀ ਜਾਂਦੀ ਹੈ। ਪਰ ਹਰ ਥਾਂ ਚੁੱਪ ਰਹਿਣਾ ਵੀ ਸਹੀ ਨਹੀਂ ਹੁੰਦਾ। ਕੁਝ ਗੱਲਾਂ ’ਤੇ ਜੇ ਸਮੇਂ ਸਿਰ ਆਪਣੀ ਆਵਾਜ਼ ਨਾ ਉਠਾਈ ਜਾਵੇ ਤਾਂ ਸਾਹਮਣੇ ਵਾਲਾ ਤੁਹਾਡੀ ਚੁੱਪ ਨੂੰ ਕਮਜ਼ੋਰੀ ਸਮਝ ਸਕਦਾ ਹੈ।
ਚਾਣਕਯ ਨੀਤੀ ’ਚ ਸੱਚ, ਨਿਆਂ, ਆਤਮ-ਸਨਮਾਨ ਤੇ ਸਹੀ ਵਿਵਹਾਰ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਇਸ ਲਈ ਕੁਝ ਹਾਲਾਤਾਂ ’ਚ ਆਪਣੀ ਗੱਲ ਸਪੱਸ਼ਟ ਤੌਰ ’ਤੇ ਰੱਖਣਾ ਜ਼ਰੂਰੀ ਮੰਨਿਆ ਗਿਆ ਹੈ। ਆਓ ਜਾਣਦੇ ਹਾਂ ਉਹ 5 ਮੌਕੇ, ਜਦੋਂ ਤੁਹਾਨੂੰ ਚੁੱਪ ਰਹਿਣ ਦੀ ਬਜਾਏ ਖੁੱਲ੍ਹ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ।
1. ਸੱਚ ਤੇ ਨਿਆਂ ਲਈ ਜ਼ਰੂਰ ਬੋਲੋ
ਜੇ ਤੁਹਾਡੇ ਸਾਹਮਣੇ ਕਿਸੇ ਨਾਲ ਗਲਤ ਹੋ ਰਿਹਾ ਹੈ ਤਾਂ ਚੁੱਪ ਨਾ ਬੈਠੋ। ਸੱਚ ਨੂੰ ਦੱਬਣ ਨਾ ਦਿਓ। ਜਿੱਥੇ ਗੱਲ ਸੱਚ ਤੇ ਨਿਆਂ ਦੀ ਹੋਵੇ, ਉੱਥੇ ਆਪਣੀ ਆਵਾਜ਼ ਜ਼ਰੂਰ ਉਠਾਓ। ਇਹ ਗੱਲ ਸਿਰਫ਼ ਆਪਣੇ ਲਈ ਹੀ ਲਾਗੂ ਨਹੀਂ ਹੁੰਦੀ, ਸਗੋਂ ਕਿਸੇ ਹੋਰ ਨਾਲ ਵੀ ਅਨਿਆਂ ਹੋ ਰਿਹਾ ਹੋਵੇ ਤਾਂ ਆਵਾਜ਼ ਉਠਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਹਾਲਾਂਕਿ, ਆਪਣੀ ਗੱਲ ਰੱਖਦੇ ਸਮੇਂ ਸ਼ਬਦਾਂ ਤੇ ਵਿਵਹਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਬਿਨਾਂ ਸੋਚੇ-ਸਮਝੇ ਬਹਿਸ ਕਰਨ ਦੀ ਬਜਾਏ ਸ਼ਾਂਤ ਢੰਗ ਨਾਲ ਸਹੀ ਗੱਲ ਕਹਿਣਾ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦਾ ਹੈ।
2. ਆਤਮ-ਸਨਮਾਨ ਨੂੰ ਠੇਸ ਪਹੁੰਚੇ ਤਾਂ ਚੁੱਪ ਨਾ ਰਹੋ
ਕਦੇ ਵੀ ਆਪਣੇ ਆਤਮ-ਸਨਮਾਨ ਨੂੰ ਠੇਸ ਨਾ ਪਹੁੰਚਣ ਦਿਓ। ਜ਼ਿੰਦਗੀ ’ਚ ਹਰ ਵਿਅਕਤੀ ਨੂੰ ਆਪਣੇ ਸਨਮਾਨ ਦੀ ਰੱਖਿਆ ਖੁਦ ਕਰਨੀ ਚਾਹੀਦੀ ਹੈ। ਜੇ ਕੋਈ ਵਾਰ-ਵਾਰ ਤੁਹਾਨੂੰ ਨੀਵਾਂ ਦਿਖਾਉਂਦਾ ਹੈ, ਤੁਹਾਡਾ ਅਪਮਾਨ ਕਰਦਾ ਹੈ ਜਾਂ ਤੁਹਾਡੇ ਆਤਮ-ਸਨਮਾਨ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਹਰ ਵਾਰ ਚੁੱਪ ਰਹਿਣਾ ਸਹੀ ਨਹੀਂ ਹੈ। ਅਜਿਹੀ ਸਥਿਤੀ ’ਚ ਸਾਹਮਣੇ ਵਾਲੇ ਨੂੰ ਸਪੱਸ਼ਟ ਤੌਰ ’ਤੇ ਦੱਸੋ ਕਿ ਉਸਦਾ ਇਹ ਵਿਵਹਾਰ ਤੁਹਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਆਪਣੀ ਗੱਲ ਦ੍ਰਿੜਤਾ ਨਾਲ ਰੱਖੋ।
3. ਆਪਣੀ ਮਿਹਨਤ ਤੇ ਉਪਲਬਧੀਆਂ ਨੂੰ ਨਾ ਲੁਕਾਓ
ਨਰਮੀ ਨਾਲ ਗੱਲ ਕਰਨਾ ਬਹੁਤ ਚੰਗੀ ਗੱਲ ਹੈ, ਪਰ ਆਪਣੀ ਮਿਹਨਤ ਨੂੰ ਹਮੇਸ਼ਾ ਉਜਾਗਰ ਕਰੋ। ਲੋਕਾਂ ਨੂੰ ਦੱਸੋ ਕਿ ਤੁਸੀਂ ਅਜਿਹਾ ਕੰਮ ਕੀਤਾ ਹੈ, ਜੋ ਕਿਸੇ ਉਪਲਬਧੀ ਤੋਂ ਘੱਟ ਨਹੀਂ ਹੈ। ਕੰਮਕਾਜ ਵਾਲੀ ਥਾਂ ਜਾਂ ਕਿਸੇ ਹੋਰ ਜਗ੍ਹਾ ’ਤੇ ਜੇ ਤੁਸੀਂ ਕੋਈ ਮਹੱਤਵਪੂਰਨ ਕੰਮ ਕੀਤਾ ਹੈ ਤਾਂ ਸਹੀ ਢੰਗ ਨਾਲ ਉਸ ਬਾਰੇ ਦੱਸੋ ਤੇ ਇਸ ਤਰ੍ਹਾਂ ਕਰੋ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਤੁਸੀਂ ਆਪਣੇ ਕੰਮ ਦੀ ਸਿਰਫ਼ ਪਬਲੀਸਿਟੀ ਕਰ ਰਹੇ ਹੋ।
4. ਰਿਸ਼ਤਿਆਂ ’ਚ ਗਲਤਫਹਿਮੀ ਹੋਵੇ ਤਾਂ ਗੱਲ ਕਰੋ
ਰਿਸ਼ਤਿਆਂ ’ਚ ਛੋਟੀ ਜਿਹੀ ਗਲਤਫਹਿਮੀ ਵੀ ਸਮੇਂ ਦੇ ਨਾਲ ਵੱਡੀ ਸਮੱਸਿਆ ਬਣ ਸਕਦੀ ਹੈ। ਜੇ ਕਿਸੇ ਆਪਣੇ ਦੀ ਕੋਈ ਗੱਲ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤਾਂ ਉਸਨੂੰ ਮਨ ’ਚ ਰੱਖਣ ਦੀ ਬਜਾਏ ਸ਼ਾਂਤ ਹੋ ਕੇ ਉਸ ਨਾਲ ਗੱਲ ਕਰਨਾ ਬਿਹਤਰ ਹੁੰਦਾ ਹੈ। ਗੱਲਬਾਤ ਰਾਹੀਂ ਕਈ ਅਜਿਹੀਆਂ ਗਲਤਫਹਿਮੀਆਂ ਦੂਰ ਹੋ ਸਕਦੀਆਂ ਹਨ, ਜੋ ਚੁੱਪ ਰਹਿਣ ਕਾਰਨ ਹੋਰ ਵਧ ਜਾਂਦੀਆਂ ਹਨ। ਆਪਣੀ ਗੱਲ ਰੱਖਦੇ ਸਮੇਂ ਦੋਸ਼ ਲਗਾਉਣ ਦੀ ਬਜਾਏ ਆਪਣੀਆਂ ਭਾਵਨਾਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ।
5. ਅਨਿਆਂ ਨੂੰ ਆਪਣੀ ਕਮਜ਼ੋਰੀ ਨਾ ਬਣਨ ਦਿਓ
ਜੇ ਕੋਈ ਤੁਹਾਡੀ ਚੁੱਪ ਦਾ ਫਾਇਦਾ ਚੁੱਕ ਕੇ ਵਾਰ-ਵਾਰ ਤੁਹਾਡੇ ਨਾਲ ਗਲਤ ਵਿਵਹਾਰ ਕਰ ਰਿਹਾ ਹੈ ਤਾਂ ਚੁੱਪ ਰਹਿਣ ਦੀ ਬਜਾਏ ਬੋਲਣਾ ਜ਼ਰੂਰੀ ਹੈ। ਹਰ ਗੱਲ ਸਹਿੰਦੇ ਰਹਿਣਾ ਹਮੇਸ਼ਾ ਸਬਰ ਦਿਖਾਉਣਾ ਨਹੀਂ ਹੁੰਦਾ। ਕਈ ਵਾਰ ਸਪੱਸ਼ਟ ਤੌਰ ’ਤੇ ਸਾਹਮਣੇ ਵਾਲੇ ਨੂੰ ਇਹ ਕਹਿਣਾ ਵੀ ਜ਼ਰੂਰੀ ਹੁੰਦਾ ਹੈ ਕਿ ਆਪਣੀ ਹੱਦ ’ਚ ਰਹੋ। ਜਦੋਂ ਤੁਸੀਂ ਸ਼ਾਂਤ ਪਰ ਦ੍ਰਿੜਤਾ ਨਾਲ ਆਪਣੀ ਗੱਲ ਰੱਖਦੇ ਹੋ ਤਾਂ ਸਾਹਮਣੇ ਵਾਲੇ ਨੂੰ ਵੀ ਸਮਝ ਆ ਜਾਂਦੀ ਹੈ ਕਿ ਤੁਹਾਡੀ ਸਹਿਣਸ਼ੀਲਤਾ ਨੂੰ ਕਮਜ਼ੋਰੀ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ।
ਇਸ ਲਈ ਹਰ ਸਥਿਤੀ ’ਚ ਚੁੱਪ ਰਹਿਣਾ ਹੀ ਸਮਝਦਾਰੀ ਨਹੀਂ ਹੈ। ਜਿੱਥੇ ਸੱਚ, ਨਿਆਂ, ਆਤਮ-ਸਨਮਾਨ ਜਾਂ ਤੁਹਾਡੇ ਅਧਿਕਾਰ ਦੀ ਗੱਲ ਹੋਵੇ, ਉੱਥੇ ਆਪਣੀ ਆਵਾਜ਼ ਉਠਾਉਣਾ ਵੀ ਸਮਝਦਾਰੀ ਹੈ।