ਬ੍ਰਹਮਚਰਿਆ ਦਾ ਮਤਲਬ ਸਿਰਫ਼ ਵਿਆਹ ਨਾ ਕਰਨਾ ਨਹੀਂ! ਜਾਣੋ ਇਸ ਦਾ ਅਸਲ ਅਰਥ ਤੇ ਜ਼ਿੰਦਗੀ ਨਾਲ ਜੁੜਿਆ ਡੂੰਘਾ ਸੰਦੇਸ਼
ਬ੍ਰਹਮਚਾਰੀ ਹੋਣ ਦਾ ਅਰਥ ਸਿਰਫ਼ ਭੋਗ-ਵਿਲਾਸ ਤੋਂ ਦੂਰ ਰਹਿਣਾ ਨਹੀਂ, ਸਗੋਂ ਆਪਣੇ ਅੰਦਰ ਪਰਮ ਆਨੰਦ ਦਾ ਅਨੁਭਵ ਕਰਨਾ ਹੈ।
Publish Date: Mon, 28 Sep 2026 02:43 PM (IST)
Updated Date: Mon, 28 Sep 2026 02:45 PM (IST)
ਸਦਗੁਰੂ, (ਸੰਸਥਾਪਕ ਤੇ ਮੁਖੀ, ਈਸ਼ਾ ਫਾਊਂਡੇਸ਼ਨ ਤੇ ਅਧਿਆਤਮਿਕ ਗੁਰੂ) : ਮਨ ਦੀ ਖੁਸ਼ੀ ਤੇ ਸਿਹਤਮੰਦ ਜੀਵਨਸ਼ੈਲੀ ਲਈ ਯੋਗ ਕਰਨਾ ਠੀਕ ਹੈ। ਪਰ ਜਦੋਂ ਕਿਸੇ ਵਿਅਕਤੀ ਲਈ ਭੌਤਿਕ ਜੀਵਨ ਤੋਂ ਪਰੇ ਕੋਈ ਚੀਜ਼ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਤੇ ਤੁਸੀਂ ਉਸ ਨੂੰ ਆਮ ਲੋਕਾਂ ਵਾਂਗ ਜੀਵਨ ਬਤੀਤ ਕਰਨ ਲਈ ਮਜਬੂਰ ਕਰਦੇ ਹੋ, ਤਾਂ ਇਹ ਉਸ ਲਈ ਤਕਲੀਫ਼ ਤੇ ਨਰਕ ਬਣ ਜਾਂਦਾ ਹੈ। ਜਿਹੜਾ ਵਿਅਕਤੀ ਇਕੱਲੇ ਇਸ ਰਾਹ 'ਤੇ ਚੱਲਣਾ ਚਾਹੁੰਦਾ ਹੈ, ਜੇ ਤੁਸੀਂ ਉਸ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਚੱਲਣ ਲਈ ਮਜਬੂਰ ਕਰਦੇ ਹੋ ਜੋ ਇਸ ਰਾਹ 'ਤੇ ਚੱਲਣ ਦਾ ਇੱਛੁਕ ਜਾਂ ਯੋਗ ਨਹੀਂ ਹੈ, ਤਾਂ ਇਹ ਦੋਵਾਂ ਲਈ ਤਕਲੀਫ਼ ਬਣ ਜਾਂਦੀ ਹੈ। ਦੂਜੇ ਪਾਸੇ, ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਬ੍ਰਹਮਚਰਿਆ ਦੀ ਦੀਖਿਆ ਦਿੰਦੇ ਹੋ ਜੋ ਵਿਆਹ ਕਰਨਾ ਚਾਹੁੰਦਾ ਹੈ, ਤਾਂ ਇਹ ਇੱਕ ਵੱਖਰੀ ਤਰ੍ਹਾਂ ਦੀ ਤਕਲੀਫ਼ ਹੈ। ਬ੍ਰਹਮਚਰਿਆ ਉਸ ਵਿਅਕਤੀ ਦੇ ਜੀਵਨ ’ਚ ਆਉਂਦਾ ਹੈ, ਜੋ ਇਹ ਸਮਝਣ ਲੱਗਦਾ ਹੈ ਕਿ ਖੁਸ਼ੀ, ਆਨੰਦ ਜਾਂ ਸ਼ਾਂਤੀ ਲਈ ਬਾਹਰ ਵੱਲ ਦੇਖਣ ਦਾ ਕੋਈ ਮਤਲਬ ਨਹੀਂ ਹੈ। ਉਹ ਸਮਝਣ ਲੱਗਦਾ ਹੈ ਕਿ ਇਹ ਸਭ ਕੁਝ ਆਪਣੇ ਅੰਦਰ ਹੀ ਲੱਭਣਾ ਪਵੇਗਾ। ਇੱਕ ਵਾਰ ਜਦੋਂ ਉਹ ਇਹ ਗੱਲ ਸਮਝ ਲੈਂਦਾ ਹੈ ਤਾਂ ਇਕੋ-ਇਕ ਰਾਹ ਅੰਦਰੂਨੀ ਰਾਹ ਹੁੰਦਾ ਹੈ। ਜੇ ਉਹ ਇਸ ਰਾਹ 'ਤੇ ਨਹੀਂ ਚੱਲਦਾ ਤਾਂ ਉਹ ਆਪਣੇ ਲਈ ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਲਈ ਦੁੱਖ ਪੈਦਾ ਕਰਦਾ ਹੈ।
ਅਸੀਂ ਸਾਰਿਆਂ ਨੇ ਅੰਬ ਖਾਧੇ ਹਨ, ਪਰ ਸਾਡੇ ’ਚੋਂ ਕਿੰਨੇ ਲੋਕਾਂ ਨੇ ਅੰਬ ਦੇ ਦਰੱਖਤ ਲਗਾਏ ਹਨ, ਉਨ੍ਹਾਂ ਨੂੰ ਵੱਡਾ ਕੀਤਾ ਹੈ ਤੇ ਫਿਰ ਉਨ੍ਹਾਂ ਦੇ ਅੰਬ ਖਾਧੇ ਹਨ? ਜ਼ਿਆਦਾਤਰ ਲੋਕਾਂ ਨੇ ਅੰਬ ਇਸ ਲਈ ਖਾਧੇ ਹਨ ਕਿਉਂਕਿ ਕਿਸੇ ਹੋਰ ਨੇ ਅੰਬ ਦੇ ਦਰੱਖਤ ਲਗਾਏ ਸਨ। ਹਰ ਸਮਾਜ ’ਚ ਹਜ਼ਾਰ ਲੋਕਾਂ ’ਚੋਂ ਘੱਟੋ-ਘੱਟ ਦਸ ਲੋਕਾਂ ਨੂੰ ਅੰਬ ਦੇ ਦਰੱਖਤ ਲਗਾਉਣ ਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਠੀਕ ਇਸੇ ਤਰ੍ਹਾਂ, ਕੁਝ ਲੋਕਾਂ ਨੂੰ ਬ੍ਰਹਮਚਰਿਆ ਦਾ ਰਾਹ ਅਪਣਾਉਣਾ ਪੈਂਦਾ ਹੈ।
ਬ੍ਰਹਮਚਾਰੀ ਦਾ ਮਤਲਬ ਹੈ— “ਬ੍ਰਹਮ” ਦਾ ਅਰਥ ਹੈ “ਈਸ਼ਵਰੀ” ਤੇ “ਚਰਿਆ” ਦਾ ਅਰਥ ਹੈ “ਰਾਹ”। ਜੇ ਤੁਸੀਂ ਈਸ਼ਵਰੀ ਰਾਹ 'ਤੇ ਹੋ ਤਾਂ ਤੁਸੀਂ ਬ੍ਰਹਮਚਾਰੀ ਹੋ। ਲੋਕਾਂ ਨੂੰ ਲੱਗ ਸਕਦਾ ਹੈ ਕਿ ਬ੍ਰਹਮਚਾਰੀ ਬਹੁਤ ਵੱਡਾ ਤਿਆਗ ਕਰ ਰਿਹਾ ਹੈ ਤੇ ਜੀਵਨ ਦੇ ਸੁਖਾਂ ਤੋਂ ਵਾਂਝਾ ਰਹਿ ਰਿਹਾ ਹੈ, ਪਰ ਅਸਲ ’ਚ ਅਜਿਹਾ ਬਿਲਕੁਲ ਨਹੀਂ ਹੈ। ਜੇ ਕੋਈ ਸਿਰਫ਼ ਪਹਿਰਾਵੇ ਜਾਂ ਬਾਹਰੀ ਰੂਪ ਤੋਂ ਬ੍ਰਹਮਚਾਰੀ ਹੈ ਤਾਂ ਜੀਵਨ ਤਕਲੀਫ਼ ਬਣ ਜਾਂਦਾ ਹੈ। ਉਹ ਇਸ ਦੁਨੀਆ ਤੇ ਦੂਜੀ ਦੁਨੀਆ, ਦੋਵਾਂ ਤੋਂ ਹੀ ਵਾਂਝਾ ਰਹਿ ਜਾਂਦਾ ਹੈ। ਪਰ ਜਿਹੜਾ ਵਿਅਕਤੀ ਸੱਚਮੁੱਚ ਈਸ਼ਵਰੀ ਰਾਹ 'ਤੇ ਚੱਲ ਰਿਹਾ ਹੈ, ਉਸ ਲਈ ਦੁਨੀਆ ਦੇ ਛੋਟੇ-ਮੋਟੇ ਸੁਖ ਬੇਮਤਲਬ ਹੋ ਜਾਂਦੇ ਹਨ। ਇੱਕ ਵਾਰ ਜਦੋਂ ਤੁਸੀਂ ਆਪਣੇ ਅਸਤਿਤਵ ਦੇ ਅੰਦਰੂਨੀ ਸੁਖ ਦਾ ਆਨੰਦ ਲੈ ਲੈਂਦੇ ਹੋ ਤਾਂ ਬਾਹਰੀ ਸੁਖ ਬੇਮਤਲਬ ਲੱਗਣ ਲੱਗਦੇ ਹਨ।
ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਹਰ ਕਿਸੇ ਨੂੰ ਬ੍ਰਹਮਚਾਰੀ ਬਣ ਜਾਣਾ ਚਾਹੀਦਾ ਹੈ? ਨਹੀਂ। ਹਰ ਕਿਸੇ ਨੂੰ ਬ੍ਰਹਮਚਾਰੀ ਹੋਣਾ ਚਾਹੀਦਾ ਹੈ, ਪਰ ਜ਼ਰੂਰੀ ਨਹੀਂ ਕਿ ਜੀਵਨਸ਼ੈਲੀ ਦੇ ਮਾਮਲੇ ’ਚ, ਸਗੋਂ ਅੰਦਰੋਂ। ਬ੍ਰਹਮਚਰਿਆ ਦਾ ਮਤਲਬ ਸਿਰਫ਼ ਭੋਗ-ਕਿਰਿਆਵਾਂ ਤੋਂ ਦੂਰ ਰਹਿਣਾ ਨਹੀਂ ਹੈ। ਬ੍ਰਹਮਚਾਰੀ ਬਣਨ ਦਾ ਮਤਲਬ ਹੈ ਕਿ ਤੁਸੀਂ ਆਪਣੀ ਕੁਦਰਤ ਤੋਂ ਹੀ ਪਰਮ ਆਨੰਦ ’ਚ ਹੋ।
ਤੁਸੀਂ ਵਿਆਹੇ ਹੋਏ ਹੋ ਕੇ ਵੀ ਬ੍ਰਹਮਚਾਰੀ ਹੋ ਸਕਦੇ ਹੋ। ਇਹ ਸੰਭਵ ਹੈ, ਕਿਉਂਕਿ ਤੁਸੀਂ ਆਪਣੀ ਹੀ ਕੁਦਰਤ ਤੋਂ ਆਨੰਦਮਈ ਹੋ ਤੇ ਆਪਣੇ ਪਤੀ ਜਾਂ ਪਤਨੀ ਤੋਂ ਖੁਸ਼ੀ ਨਿਚੋੜਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਅਜਿਹਾ ਹੀ ਹੋਣਾ ਚਾਹੀਦਾ ਹੈ। ਪੂਰੀ ਦੁਨੀਆ ਨੂੰ ਬ੍ਰਹਮਚਾਰੀ ਹੋਣਾ ਚਾਹੀਦਾ ਹੈ। ਹਰ ਕਿਸੇ ਨੂੰ ਆਪਣੀ ਹੀ ਕੁਦਰਤ ਤੋਂ ਆਨੰਦਮਈ ਹੋਣਾ ਚਾਹੀਦਾ ਹੈ। ਜੇ ਦੋ ਲੋਕ ਇਕੱਠੇ ਆਉਂਦੇ ਹਨ ਤਾਂ ਇਹ ਖੁਸ਼ੀ ਨੂੰ ਵੰਡਣ ਵਰਗਾ ਹੋਣਾ ਚਾਹੀਦਾ ਹੈ, ਨਾ ਕਿ ਇੱਕ-ਦੂਜੇ ਤੋਂ ਖੁਸ਼ੀ ਨਿਚੋੜਨ ਦੀ ਕੋਸ਼ਿਸ਼।