- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਦ ਗੀਤਾ ਦੇ ਅਧਿਆਇ 7 ਤੋਂ 12 ’ਚ ਜੀਵਨ, ਮੌਤ, ਮਾਇਆ ਤੇ ਈਸ਼ਵਰ ਨਾਲ ਜੁੜੇ ਡੂੰਘੇ ਰਹੱਸ ਛੁਪੇ ਹੋਏ ਹਨ। ਜਾਣੋ ਕਿਵੇਂ ਇਹ ਉਪਦੇਸ਼ ਤੁਹਾਡੀ ਸੋਚ ਤੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਜਦੋਂ ਵੀ ਮਨ ਅਸ਼ਾਂਤ ਹੋਵੇ ਜਾਂ ਜੀਵਨ ’ਚ ਕੋਈ ਰਸਤਾ ਸਮਝ ਨਾ ਆਵੇ ਤਾਂ ਭਗਵਤ ਗੀਤਾ ਹਮੇਸ਼ਾ ਸਾਨੂੰ ਸਹੀ ਦਿਸ਼ਾ ਦਿਖਾਉਣ ਦਾ ਕੰਮ ਕਰਦੀ ਹੈ। ਖਾਸ ਤੌਰ 'ਤੇ ਗੀਤਾ ਦੇ ਕੁਝ ਅਧਿਆਇ ਸਾਨੂੰ ਜੀਵਨ ਬਦਲਣ ਵਾਲੇ ਸੰਦੇਸ਼ ਦਿੰਦੇ ਹਨ। ਜੇਕਰ ਤੁਸੀਂ ਅਧਿਆਇ 7 ਤੋਂ ਲੈ ਕੇ 12 ਤੱਕ ਪੜ੍ਹੋ ਤਾਂ ਇਨ੍ਹਾਂ ’ਚ ਅਜਿਹਾ ਅਦਭੁਤ ਗਿਆਨ ਛੁਪਿਆ ਹੈ, ਜਿਸ ਨੂੰ ਸਿਰਫ਼ ਸਮਝ ਲੈਣ ਨਾਲ ਹੀ ਇਨਸਾਨ ਦੀ ਸੋਚ ਪੂਰੀ ਤਰ੍ਹਾਂ ਬਦਲ ਸਕਦੀ ਹੈ। ਆਓ, ਇਨ੍ਹਾਂ ਅਧਿਆਇਆਂ ਦੇ ਮੁੱਖ ਸੰਦੇਸ਼ ਨੂੰ ਸਮਝਦੇ ਹਾਂ।
ਮਾਇਆ ਦਾ ਖੇਡ ਤੇ ਅੰਤਿਮ ਸਮਾਂ (ਅਧਿਆਇ 7 ਤੇ 8)
ਸੱਤਵੇਂ ਅਧਿਆਇ (ਗਿਆਨ-ਵਿਗਿਆਨ ਯੋਗ) ’ਚ ਸ਼੍ਰੀ ਕ੍ਰਿਸ਼ਨ ਸਮਝਾਉਂਦੇ ਹਨ ਕਿ ਇਹ ਦੁਨੀਆ ਉਨ੍ਹਾਂ ਵੱਲੋਂ ਰਚੀ ਗਈ ਇੱਕ ‘ਮਾਇਆ’ ਹੈ। ਇਸ ਭਰਮ ਦੇ ਜਾਲ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ, ਪਰ ਜੋ ਸੱਚੇ ਮਨ ਨਾਲ ਈਸ਼ਵਰ ਦੀ ਸ਼ਰਨ ’ਚ ਚਲਾ ਜਾਂਦਾ ਹੈ, ਉਹ ਇਸ ਮਾਇਆ ਤੋਂ ਮੁਕਤ ਹੋ ਜਾਂਦਾ ਹੈ।
ਉੱਥੇ ਹੀ ਅੱਠਵਾਂ ਅਧਿਆਇ (ਅਕਸ਼ਰਬ੍ਰਹਮ ਯੋਗ) ਜੀਵਨ ਦੇ ਸਭ ਤੋਂ ਵੱਡੇ ਸੱਚ ਅਰਥਾਤ ਮੌਤ ਬਾਰੇ ਹੈ। ਇਨਸਾਨ ਸਾਰੀ ਉਮਰ ਜਿਨ੍ਹਾਂ ਗੱਲਾਂ ਦੀ ਚਿੰਤਾ ਕਰਦਾ ਹੈ, ਮੌਤ ਦੇ ਸਮੇਂ ਵੀ ਉਹੀ ਵਿਚਾਰ ਉਸ ਦੇ ਮਨ ’ਚ ਆਉਂਦੇ ਹਨ ਤੇ ਉਨ੍ਹਾਂ ਦੇ ਆਧਾਰ 'ਤੇ ਹੀ ਉਸ ਦੀ ਅਗਲੀ ਗਤੀ ਤੈਅ ਹੁੰਦੀ ਹੈ। ਇਸ ਲਈ ਹਮੇਸ਼ਾ ਈਸ਼ਵਰ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਅੰਤ ਸਮੇਂ ’ਚ ਭਗਵਾਨ ਦੀ ਹੀ ਪ੍ਰਾਪਤੀ ਹੋਵੇ।
ਕੀ ਕਹਿੰਦਾ ਹੈ 9ਵਾਂ ਅਧਿਆਇ?
ਨੌਵੇਂ ਅਧਿਆਇ (ਰਾਜਵਿਦਿਆ ਰਾਜਗੁਹਿਆ ਯੋਗ) ’ਚ ਦੱਸਿਆ ਗਿਆ ਹੈ ਕਿ ਭਗਵਾਨ ਕਿਸੇ ਦਿਖਾਵੇ ਦੇ ਨਹੀਂ, ਸਗੋਂ ਤੁਹਾਡੀ ਭਾਵਨਾ ਦੇ ਭੁੱਖੇ ਹਨ। ਜੇਕਰ ਕੋਈ ਪਿਆਰ ਨਾਲ ਉਨ੍ਹਾਂ ਨੂੰ ਸਿਰਫ਼ ਇੱਕ ਪੱਤਾ, ਫੁੱਲ, ਫਲ ਜਾਂ ਥੋੜ੍ਹਾ ਜਿਹਾ ਜਲ ਵੀ ਚੜ੍ਹਾ ਦੇਵੇ ਤਾਂ ਉਹ ਉਸ ਨੂੰ ਸਵੀਕਾਰ ਕਰ ਲੈਂਦੇ ਹਨ। ਇਨਸਾਨ ਜੋ ਵੀ ਦਾਨ, ਤਪ ਜਾਂ ਕਰਮ ਕਰੇ, ਉਹ ਸਭ ਕੁਝ ਈਸ਼ਵਰ ਨੂੰ ਸਮਰਪਿਤ ਕਰਕੇ ਕਰਨਾ ਚਾਹੀਦਾ ਹੈ।
ਅਧਿਆਇ 10 ਤੇ 11 ਤੁਹਾਨੂੰ ਈਸ਼ਵਰ ਦਾ ਵਿਸ਼ਾਲ ਸਰੂਪ ਸਮਝਾਉਣਗੇ
ਭਗਵਾਨ ਦੀਆਂ ਸ਼ਕਤੀਆਂ ਦਾ ਅੰਦਾਜ਼ਾ ਗਿਆਰ੍ਹਵੇਂ ਅਧਿਆਇ (ਵਿਸ਼ਵਰੂਪ ਦਰਸ਼ਨ ਯੋਗ) ਤੋਂ ਲੱਗਦਾ ਹੈ। ਇੱਥੇ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਆਪਣਾ ਉਹ ਬ੍ਰਹਿਮੰਡੀ ਰੂਪ ਦਿਖਾਇਆ, ਜਿਸ ’ਚ ਪੂਰੀ ਸ੍ਰਿਸ਼ਟੀ ਸਮਾਈ ਹੋਈ ਸੀ। ਉੱਥੇ ਹੀ ਦਸਵੇਂ ਅਧਿਆਇ (ਵਿਭੂਤੀ ਯੋਗ) ’ਚ ਦੱਸਿਆ ਗਿਆ ਹੈ ਕਿ ਇਸ ਦੁਨੀਆ ’ਚ ਜੋ ਕੁਝ ਵੀ ਮੌਜੂਦ ਹੈ, ਉਹ ਭਗਵਾਨ ਦਾ ਹੀ ਅੰਸ਼ ਹੈ। ਉਨ੍ਹਾਂ ਦੀਆਂ ਵਿਭੂਤੀਆਂ ਦਾ ਕੋਈ ਅੰਤ ਨਹੀਂ ਹੈ ਤੇ ਇਹ ਪੂਰਾ ਸੰਸਾਰ ਉਨ੍ਹਾਂ ਦੀ ਸ਼ਕਤੀ ਦੇ ਇੱਕ ਛੋਟੇ ਜਿਹੇ ਹਿੱਸੇ 'ਤੇ ਟਿਕਿਆ ਹੋਇਆ ਹੈ।
ਬਾਰ੍ਹਵੇਂ ਅਧਿਆਇ ’ਚ ਪੜ੍ਹੋ ਕੀ ਹੈ ਭਗਤੀ ਯੋਗ?
ਅਕਸਰ ਅਸੀਂ ਸੋਚਦੇ ਹਾਂ ਕਿ ਭਗਵਾਨ ਦੀ ਪੂਜਾ ਕਰਨ ਦਾ ਸਹੀ ਤਰੀਕਾ ਕੀ ਹੈ। ਬਾਰ੍ਹਵੇਂ ਅਧਿਆਇ (ਭਗਤੀ ਯੋਗ) ’ਚ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਨਿਰਾਕਾਰ (ਬਿਨਾਂ ਰੂਪ ਵਾਲੇ) ਈਸ਼ਵਰ ਦਾ ਧਿਆਨ ਕਰਨਾ ਆਮ ਇਨਸਾਨ ਲਈ ਬਹੁਤ ਮੁਸ਼ਕਲ ਹੈ। ਇਸ ਲਈ ਭਗਵਾਨ ਨੂੰ ਇੱਕ ਰੂਪ ’ਚ ਮੰਨ ਕੇ ਸੱਚੀ ਸ਼ਰਧਾ ਨਾਲ ਉਨ੍ਹਾਂ ਦੀ ਉਪਾਸਨਾ ਕਰਨਾ ਸਭ ਤੋਂ ਚੰਗਾ ਹੈ। ਜੋ ਇਨਸਾਨ ਸੁੱਖ-ਦੁੱਖ ’ਚ ਇੱਕ ਸਮਾਨ ਰਹਿੰਦਾ ਹੈ, ਕਿਸੇ ਨਾਲ ਦੁਵੇਸ਼ ਨਹੀਂ ਕਰਦਾ, ਸਭ ਦਾ ਭਲਾ ਚਾਹੁੰਦਾ ਹੈ ਤੇ ਅਹੰਕਾਰ ਤੋਂ ਦੂਰ ਰਹਿੰਦਾ ਹੈ, ਉਹ ਭਗਵਾਨ ਨੂੰ ਸਭ ਤੋਂ ਵੱਧ ਪਿਆਰਾ ਹੈ।