ਯੁਵਕ ਸੇਵਾਵਾਂ ਵਿਭਾਗ ਨੇ ਕਰਵਾਈ ਰੈੱਡ ਰੀਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਯੁਵਕ ਸੇਵਾਵਾਂ ਵਿਭਾਗ ਨੇ ਕਰਵਾਈ ਰੈੱਡ ਰੀਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ
Publish Date: Thu, 06 Aug 2026 06:54 PM (IST)
Updated Date: Thu, 06 Aug 2026 06:56 PM (IST)
ਹਰੇਕ ਕਲੱਬ ਘੱਟੋਂ-ਘੱਟ ਇਕ ਖ਼ੂਨਦਾਨ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਜ਼ਰੂਰ ਲਗਾਵੇ - ਪ੍ਰੀਤ ਕੋਹਲੀ ਲਵਦੀਪ ਦੇਵਗਨ•, ਪੰਜਾਬੀ ਜਾਗਰਣ, ਸਰਹਾਲੀ ਕਲਾਂ : ਯੁਵਕ ਸੇਵਾਵਾਂ ਵਿਭਾਗ ਤਰਨਤਾਰਨ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਜ਼ਿਲ੍ਹੇ ਦੇ ਰੈੱਡ ਰੀਬਨ ਕਲੱਬਾਂ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਨੂੰ ਹੁਕਮ ਦਿੱਤੇ ਕਿ ਹਰੇਕ ਸੰਸਥਾ ਵੱਲੋਂ ਸੈਸ਼ਨ 2026-27 ਦੌਰਾਨ ਘੱਟੋ-ਘੱਟ ਇਕ ਖ਼ੂਨਦਾਨ ਕੈਂਪ ਤੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਜ਼ਰੂਰ ਲਗਾਇਆ ਜਾਵੇ। ਉਹ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ ਵਿਖੇ ਰੈੱਡ ਰੀਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸਮੂਹ ਰੈੱਡ ਰੀਬਨ ਕਲੱਬਾਂ ਦੇ ਪ੍ਰੋਗਰਾਮ ਅਫ਼ਸਰਾਂ, ਪ੍ਰਤੀਨਿਧੀਆਂ ਨੂੰ ਮੁੱਖ ਦਫ਼ਤਰ ਤੋਂ ਪ੍ਰਾਪਤ ਗ੍ਰਾਂਟ ਵੀ ਵੰਡੀ ਗਈ ਤੇ ਜ਼ਿਲ੍ਹੇ ਦੇ ਰੈੱਡ ਰੀਬਨ ਕਲੱਬਾਂ ਨੂੰ 2026-27 ਦੌਰਾਨ ਕੀਤੇ ਜਾਣ ਵਾਲੇ ਕੰਮਾਂ ਤੋਂ ਜਾਣੂੰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਦੁਆਰਾ ਕੀਤੀ ਗਈ। ਇਸ ਉਪਰੰਤ ਕਾਲਜ ਪ੍ਰਿੰਸੀਪਲ ਜਸਬੀਰ ਸਿੰਘ ਵੱਲੋਂ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਅਜਿਹੇ ਕੰਮਾਂ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤੇ ਜਦੋਂ ਵੀ ਸਾਨੂੰ ਮੌਕਾ ਮਿਲੇਗਾ ਅਸੀਂ ਵਿਭਾਗ ਦੀ ਮਦਦ ਲਈ ਤਿਆਰ ਰਹਾਂਗੇ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਸੈਸ਼ਨ ਦੌਰਾਨ ਰੈੱਡ ਰੀਬਨ ਕਲੱਬਾਂ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰੀਤ ਕੋਹਲੀ ਨੇ ਕਿਹਾ ਕਿ ਇਨ੍ਹਾਂ ਕਲੱਬਾਂ ਦੇ ਚੱਲਦਿਆਂ ਜ਼ਿਲ੍ਹੇ ਦੇ ਕਾਲਜਾਂ, ਨਰਸਿੰਗ ਕਾਲਜਾਂ, ਬਹੁ ਤਕਨੀਕੀ ਕਾਲਜਾਂ ਨਾਲ ਸਿੱਧਾ ਸੰਪਰਕ ਕਾਇਮ ਹੋਇਆ ਹੈ ਤੇ ਵਿਭਾਗ ਦੀਆਂ ਹੋਰ ਗਤੀਵਿਧੀਆਂ ਵੀ ਇਨ੍ਹਾਂ ਸੰਸਥਾਵਾਂ ਵਿਚ ਵਧੀਆ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਸਹਾਇਕ ਡਾਇਰੈਕਟਰ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਆਏ ਹੋਏ ਨੋਡਲ ਅਫ਼ਸਰਾਂ ਨੂੰ ਐੱਚਆਈਵੀ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਸਮੂਹ ਕਾਲਜਾਂ ਨੁੰ ਕਿਹਾ ਕਿ ਉਹ ਆਪਣੇ-ਆਪਣੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰ ਲਗਾਉਣ ਲਈ ਪ੍ਰੇਰਿਤ ਕਰਨ। ਇਸ ਮੌਕੇ ਡਾ. ਕੰਵਲਪ੍ਰੀਤ ਕੌਰ, ਨੋਡਲ ਅਫ਼ਸਰ ਰੈੱਡ ਰੀਬਨ ਕਲੱਬ, ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ ਵੱਲੋਂ ਸਮੂਹ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਕਾਲਜਾਂ ਦੇ ਨੋਡਲ ਅਫਸਰਾਂ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।