ਮੰਦਭਾਗੀ ਖ਼ਬਰ: ਨੌਜਵਾਨ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਨਰਸਿੰਗ ਦੀ ਵਿਦਿਆਰਥਣ ਨੇ ਮੌਤ ਨੂੰ ਲਾਇਆ ਗਲੇ
ਤਰਨਾਤਰਨ ਦੇ ਨਿੱਜੀ ਕਾਲਜ ਵਿਚ ਨਰਸਿੰਗ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸਨੇ ਇਹ ਕਦਮ ਉਸਨੇ ਇਕ ਨੌਜਵਾਨ ਵੱਲੋਂ ਵਿਆਹ ਦਾ ਭਰੋਸਾ ਦੇਣ ਤੋਂ ਬਾਅਦ ਇਨਕਾਰ ਕਰਨ ਕਾਰਨ ਚੁੱਕਿਆ। ਥਾਣਾ ਸਰਹਾਲੀ ਦੀ ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਉਕਤ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Publish Date: Sun, 07 Jun 2026 01:42 PM (IST)
Updated Date: Sun, 07 Jun 2026 01:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਤਰਨਾਤਰਨ ਦੇ ਨਿੱਜੀ ਕਾਲਜ ਵਿਚ ਨਰਸਿੰਗ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸਨੇ ਇਹ ਕਦਮ ਉਸਨੇ ਇਕ ਨੌਜਵਾਨ ਵੱਲੋਂ ਵਿਆਹ ਦਾ ਭਰੋਸਾ ਦੇਣ ਤੋਂ ਬਾਅਦ ਇਨਕਾਰ ਕਰਨ ਕਾਰਨ ਚੁੱਕਿਆ। ਥਾਣਾ ਸਰਹਾਲੀ ਦੀ ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਉਕਤ ਲੜਕੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾ ’ਚ ਬਲਵਿੰਦਰ ਕੁਮਾਰੀ ਵਾਸੀ ਪਿੰਡ ਸ਼ੇਰੋਂ ਨੇ ਦੱਸਿਆ ਕਿ ਉਸ ਦੀ 23 ਸਾਲਾ ਧੀ ਨਰਸਿੰਗ ਦਾ ਕੋਰਸ ਕਰ ਰਹੀ ਸੀ। ਜਿਸ ਦੀ ਦੋਸਤੀ ਰਜਿੰਦਰ ਸਿੰਘ ਵਾਸੀ ਬੁੱਲ ਕਲਾਂ ਮਜੀਠਾ ਨਾਲ ਸੀ ਅਤੇ ਉਕਤ ਨੌਜਵਾਨ ਕਈ ਵਾਰ ਉਨ੍ਹਾਂ ਦੇ ਘਰ ਵੀ ਆਇਆ। ਉਨ੍ਹਾਂ ਦੱਸਿਆ ਕਿ ਉਕਤ ਲੜਕੇ ਨੇ ਉਸ ਦੀ ਲੜਕੀ ਨਾਲ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਹੋਇਆ ਸੀ।
ਦੋਵਾਂ ਦੀ ਆਪਸੀ ਸਹਿਮਤੀ ਹੋਣ ਕਰਕੇ ਉਨ੍ਹਾਂ ਨੂੰ ਵੀ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਸੀ। ਬਲਵਿੰਦਰ ਕੁਮਾਰੀ ਮੁਤਾਬਕ 5 ਜੂਨ ਨੂੰ ਦੁਪਹਿਰ ਕਰੀਬ ਸਾਢੇ 3 ਵਜੇ ਗੀਤਿਕਾ ਕਾਲਜ ਤੋਂ ਘਰ ਪਰਤੀ ਅਤੇ ਉਸ ਨੇ ਦੱਸਿਆ ਕਿ ਰਜਿੰਦਰ ਸਿੰਘ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਦੁਕਾਨ ’ਤੇ ਚਲੀ ਗਈ।
ਜਦੋਂ ਕਰੀਬ ਇਕ ਘੰਟੇ ਬਾਅਦ ਉਹ ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਗੀਤਿਕਾ ਨੇ ਘਰ ਦੀ ਛੱਤ ਨਾਲ ਰੱਸੀ ਪਾ ਕੇ ਫਾਹਾ ਲਿਆ ਹੋਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਤੋਂ ਇਨਕਾਰ ਕੀਤੇ ਜਾਣ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਉੱਧਰ ਡੀ.ਐੱਸ.ਪੀ. ਰਵੀਸ਼ੇਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੁਮਾਰੀ ਦੇ ਬਿਆਨਾਂ ’ਤੇ ਰਜਿੰਦਰ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕਰ ਰਹੇ ਚੌਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਏ.ਐੱਸ.ਆਈ. ਸਲਵਿੰਦਰ ਸਿੰਘ ਵੱਲੋਂ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।