ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਸ਼ਰਧਾ ਨਾਲ ਹੋਇਆ ਹਫ਼ਤਾਵਾਰੀ ਚੁਪਹਿਰਾ ਸਮਾਗਮ
ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਹੋਣ ਵਾਲੇ ਇਸ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸੰਗਤ ਨੂੰ ਪਾਠ ਕਰਵਾਉਣ ਦੀ ਸੇਵਾ ਨਿਭਾਉਂਦੇ ਹਨ
Publish Date: Sun, 18 Jan 2026 07:04 PM (IST)
Updated Date: Mon, 19 Jan 2026 04:15 AM (IST)

ਸਟਾਫ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਇਤਿਹਾਸਿਕ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਰਨਤਾਰਨ ਵਿਖੇ ਐਤਵਾਰ ਨੂੰ ਹਫ਼ਤਾਵਾਰੀ ਚੁਪਹਿਰਾ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ ਅਤੇ ਸੰਗਤੀ ਰੂਪ ’ਚ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਸੰਗਤ ਨੂੰ ਸਮੂਹਿਕ ਪਾਠ ਕਰਵਾਉਣ ਦੀ ਸੇਵਾ ਨਿਭਾਈ ਗਈ। ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਹਰ ਐਤਵਾਰ ਨੂੰ ਚੁਪਹਿਰਾ ਸਮਾਗਮ ਹੁੰਦਾ ਹੈ ਤੇ ਹਰ ਹਫ਼ਤੇ ਇੱਥੇ ਵੱਡੀ ਗਿਣਤੀ ਸੰਗਤ ਹਾਜ਼ਰੀ ਭਰਨ ਲਈ ਪਹੁੰਚਦੀ ਹੈ। ਸ਼ਰਧਾਲੂਆਂ ਦੀ ਭਾਰੀ ਆਮਦ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ, ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨਤਾਰਨ ਸ਼ਹਿਰ ਦੇ ਨਾਲ-ਨਾਲ ਆਸ-ਪਾਸ ਦੇ ਇਲਾਕਿਆਂ ਤੋਂ ਵੀ ਸੰਗਤ ਇੱਥੇ ਪਹੁੰਚਦੀ ਹੀ ਹੈ। ਨਾਲ ਹੀ ਪਿੰਡਾਂ ਤੋਂ ਵੀ ਸ਼ਰਧਾਲੂ ਚੁਪਹਿਰਾ ਸਮਾਗਮ ’ਚ ਹਾਜ਼ਰੀ ਭਰਨ ਲਈ ਪਹੁੰਚਣ ਲੱਗੇ ਹਨ। ਜਿਨ੍ਹਾਂ ਦੀ ਸਹੂਲਤ ਲਈ ਦੀਵਾਨ ਹਾਲ ’ਚ ਜਿੱਥੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ, ਉੱਥੇ ਹੀ ਗੁਰੂ ਕੇ ਲੰਗਰ ਵੀ ਵਿਸ਼ੇਸ਼ ਤੌਰ ’ਤੇ ਤਿਆਰ ਹੁੰਦੇ ਹਨ। ਸਾਰਾ ਦਿਨ ਛਬੀਲ ਦਾ ਪ੍ਰਬੰਧ ਸ਼ਰਧਾਲੂਆਂ ਵੱਲੋਂ ਕੀਤਾ ਜਾਂਦਾ ਹੈ ਤੇ ਜੋੜਾ ਘਰ ਸੇਵਕ ਜਥੇ ਦੀ ਸੰਗਤ ਤਨਦੇਹੀ ਨਾਲ ਸੇਵਾ ਨਿਭਾਉਂਦੀ ਹੈ। ਨੌਜਵਾਨ ਸੇਵਕ ਸਭਾ ਵੱਲੋਂ ਚੁਪਹਿਰਾ ਸਮਾਗਮ ਉਪਰੰਤ ਗਰਮ ਦੁੱਧ ਦੇ ਲੰਗਰ ਵੀ ਵਰਤਾਏ ਜਾਂਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਹੋਣ ਵਾਲੇ ਇਸ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸੰਗਤ ਨੂੰ ਪਾਠ ਕਰਵਾਉਣ ਦੀ ਸੇਵਾ ਨਿਭਾਉਂਦੇ ਹਨ ਅਤੇ ਅਰਦਾਸ ਉਪਰੰਤ ਚੁਪਹਿਰਾ ਸਮਾਗਮ ਦੀ ਸਮਾਪਤੀ ਹੁੰਦੀ ਹੈ। ਸਰਦੀ ਹੋਵੇ ਜਾ ਗਰਮੀ, ਸੰਗਤ ਸਮਾਗਮ ਦੌਰਾਨ ਹਾਜ਼ਰੀ ਭਰਨ ਲਈ ਗੁਰੂ ਘਰ ਜ਼ਰੂਰ ਪੁੱਜਦੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਿੰਸੀਪਲ ਬਖਸ਼ੀਸ਼ ਸਿੰਘ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਕੁਲਦੀਪ ਸਿੰਘ, ਜਤਿੰਦਰ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਸਿੰਘ, ਹਰਿੰਦਰ ਸਿੰਘ ਨੰਬਰਦਾਰ, ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ, ਗ੍ਰੰਥੀ ਭਾਈ ਮੁਖਤਾਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਸਿਮਰਨਜੀਤ ਸਿੰਘ ਸਮੇਤ ਹੋਰ ਸੇਵਾਦਾਰ ਜਿੱਥੇ ਮੌਜੂਦ ਸਨ, ਉੱਥੇ ਹੀ ਵੱਡੀ ਗਿਣਤੀ ਸੇਵਾਦਾਰਾਂ ਨੇ ਜੋੜਾ ਘਰ ਤੇ ਛਬੀਲ ਤੋਂ ਇਲਾਵਾ ਪਾਰਕਿੰਗ ’ਚ ਵੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ। ===== ਸੰਗਤ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਸੇਵਾਵਾਂ : ਮੈਨੇਜਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਿੰਸੀਪਲ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਹੋਣ ਵਾਲੇ ਚੁਪਹਿਰਾ ਸਮਾਗਮ ’ਚ ਸੰਗਤ ਦੀ ਵਧ ਰਹੀ ਆਮਦ ਨੂੰ ਧਿਆਨ ’ਚ ਰੱਖਦਿਆਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਗੁਰੂ ਘਰ ਦੇ ਵਿਸਥਾਰ ਤੇ ਵਿਕਾਸ ਲਈ ਕਈ ਸੇਵਾਵਾਂ ਚੱਲ ਰਹੀਆਂ ਹਨ। ਜਿਨ੍ਹਾਂ ਨੂੰ ਸੰਗਤ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ।