ਖਾਲੜਾ ਇਲਾਕੇ ’ਚ ਵੱਡੀ ਕਾਰਵਾਈ: ਡਰੋਨ ਰਾਹੀਂ ਸਰਹੱਦ ਪਾਰੋਂ ਮੰਗਵਾਏ ਗਏ ਹਥਿਆਰਾਂ ਸਮੇਤ ਚਾਰ ਕਾਬੂ
ਡੀ.ਐੱਸ.ਪੀ. ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਪਾਰਟੀ ਏਐੱਸਆਈ ਗੁਰਨਾਮ ਸਿੰਘ ਦੀ ਅਗਵਾਈ ਹੇਠ ਗਸ਼ਤ ’ਤੇ ਸੀ। ਜਦੋਂ ਟੀਮ ਪਿੰਡ ਕਲਸੀਆਂ ਖੁਰਦ ਦੀ ਡਿਫੈਂਸ ਡਰੇਨ ਕੋਲ ਪੁੱਜੀ ਤਾਂ ਐਂਟੀ ਡਰੋਨ ਸਿਸਟਮ ਦੇ ਆਪਰੇਟਰ ਸੁਨੀਲ ਕੁਮਾਰ ਨੇ ਸੂਚਨਾ ਦਿੱਤੀ ਕਿ ਡਰੇਨ ਦੇ ਕੋਲ ਡਰੋਨ ਰਾਂਹੀ ਕੁਝ ਸੁੱਟਿਆ ਗਿਆ ਹੈ।
Publish Date: Tue, 22 Sep 2026 12:17 PM (IST)
Updated Date: Tue, 22 Sep 2026 12:20 PM (IST)
ਸਰਬਜੀਤ ਸਿੰਘ ਛੀਨਾ, ਪੰਜਾਬੀ ਜਾਗਰਣ, ਖਾਲੜਾ। ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਸੈਕਟਰ ਖਾਲੜਾ ਦੇ ਵੱਖ-ਵੱਖ ਪਿੰਡਾਂ ’ਚੋਂ ਡਰੋਨ ਦੀ ਮਦਦ ਨਾਲ ਸੁੱਟੇ ਗਏ ਅਸਲੇ ਨੂੰ ਬਰਾਮਦ ਕਰਕੇ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਖ਼ਿਲਾਫ਼ ਥਾਣਾ ਖਾਲੜਾ ਵਿਖੇ ਅਸਲਾ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀ.ਐੱਸ.ਪੀ. ਭਿੱਖੀਵਿੰਡ ਅਤੁਲ ਸੋਨੀ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਪਾਰਟੀ ਏਐੱਸਆਈ ਗੁਰਨਾਮ ਸਿੰਘ ਦੀ ਅਗਵਾਈ ਹੇਠ ਗਸ਼ਤ ’ਤੇ ਸੀ। ਜਦੋਂ ਟੀਮ ਪਿੰਡ ਕਲਸੀਆਂ ਖੁਰਦ ਦੀ ਡਿਫੈਂਸ ਡਰੇਨ ਕੋਲ ਪੁੱਜੀ ਤਾਂ ਐਂਟੀ ਡਰੋਨ ਸਿਸਟਮ ਦੇ ਆਪਰੇਟਰ ਸੁਨੀਲ ਕੁਮਾਰ ਨੇ ਸੂਚਨਾ ਦਿੱਤੀ ਕਿ ਡਰੇਨ ਦੇ ਕੋਲ ਡਰੋਨ ਰਾਂਹੀ ਕੁਝ ਸੁੱਟਿਆ ਗਿਆ ਹੈ।
ਉਹ ਆਪ੍ਰੇਟਰ ਵਲੋਂ ਭੇਜੀ ਲੁਕੇਸ਼ਨ ’ਤੇ ਪਹੁੰਚੇ ਤਾਂ ਉਥੇ ਦੋ ਵਿਅਕਤੀ ਮੋਟਰਸਾਈਕਲ ਸਮੇਤ ਸ਼ੱਕੀ ਹਾਲਤ ’ਚ ਮਿਲੇ। ਜਿਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਦੋ ਪਿਸਤੌਲ ਅਤੇ ਦੋ ਮੈਗਜ਼ੀਨ ਤੋਂ ਇਲਾਵਾ ਇਕ ਕਾਰਤੂਸ ਅਤੇ ਇਕ ਖੋਲ ਬਰਾਮਦ ਹੋਇਆ। ਜਦੋਂਕਿ ਉਕਤ ਲੋਕਾਂ ਕੋਲੋਂ ਦੋ ਮੋਬਾਈਲ ਫੋਨ ਵੀ ਮਿਲੇ ਹਨ।
ਉਨ੍ਹਾਂ ਦੱਸਿਆ ਕਿ ਦੋਵਾਂ ਜਣਿਆਂ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਮਾਲ ਵਾਲਾ ਖੁਰਦ ਅਤੇ ਲਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜੈਮਲ ਵਾਲਾ ਖੁਰਦ ਵਜੋਂ ਹੋਈ ਹੈ, ਜਿਨ੍ਹਾਂ ਨੂੰ ਮੋਟਰਸਾਈਕਲ ਨੰਬਰ ਪੀਬੀ05 ਏਜੇ 5677 ਸਣੇ ਹਿਰਾਸਤ ਵਿਚ ਲੈ ਕੇ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਪੁਲਿਸ ਪਾਰਟੀ ਨੇ ਸਰਹੱਦੀ ਪਿੰਡ ਡੱਲ ਦੇ ਸਰਕਾਰੀ ਸਕੂਲ ਦੀ ਗਰਾਉਂਡ ਵਿੱਚੋਂ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਅਰਜਨ ਸਿੰਘ ਅਤੇ ਨਿੰਦਰ ਸਿੰਘ ਘੁੱਲਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਡੱਲ ਨੂੰ ਕਾਬੂ ਕੀਤਾ। ਜਿਨ੍ਹਾਂ ਕੋਲੋਂ ਚਾਰ ਖਾਲੀ ਮੈਗਜ਼ੀਨ, 36 ਕਾਰਤੂਸ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ।