ਪਿੰਡ ਦੁੱਬਲੀ ਦੈ ਸਬ ਹੈਲਥ ਸੈਂਟਰ ਨੂੰ ਚੋਰਾਂ ਬਣਾਇਆ ਨਿਸ਼ਾਨਾ
ਚੋਰਾਂ ਨੇ ਮਰੀਜ਼ਾਂ ਲਈ ਵਰਤਿਆ ਜਾਣ ਵਾਲਾ ਸਾਮਾਨ ਚੋਰੀ ਕਰ ਲਿਆ ਸੀ।
Publish Date: Wed, 25 Mar 2026 08:06 PM (IST)
Updated Date: Thu, 26 Mar 2026 04:08 AM (IST)
ਕਈ ਵਾਰ ਚੋਰ ਇਸ ਸੈਂਟਰ ਵਿੱਚੋਂ ਕਰ ਚੁੱਕੇ ਹਨ ਸਮਾਨ ਚੋਰੀ
ਸਤਨਾਮ ਸਿੰਘ ਚੀਮਾ•,ਪੰਜਾਬੀ ਜਾਗਰਣ, ਘਰਿਆਲਾ : ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁੱਬਲੀ ’ਚ ਬਣੇ ਸਬ ਹੈਲਥ ਸੈਂਟਰ ’ਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਖ਼ਸਤਾ ਹਾਲਤ ਇਮਾਰਤ ’ਚ ਚੱਲ ਰਹੇ ਇਸ ਸਿਹਤ ਕੇਂਦਰ ਨੂੰ ਪਹਿਲਾਂ ਵੀ ਕਈ ਵਾਰ ਚੋਰ ਨਿਸ਼ਾਨਾ ਬਣਾ ਚੁੱਕੇ ਹਨ। ਜਦੋਂਕਿ ਡਿਗੂੰ-ਡਿਗੂੰ ਕਰਦੀ ਇਸ ਇਮਾਰਤ ’ਚ ਸਟਾਫ ਵੀ ਡਰ ਦੇ ਪਰਛਾਵੇਂ ਹੇਠ ਡਿਊਟੀ ਕਰਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ’ਚ ਚੋਰਾਂ ਵੱਲੋਂ ਇਸ ਹੈਲਥ ਸੈਂਟਰ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਗਿਆ। ਪਿੰਡ ਦੀ ਪੰਚਾਇਤ ਵੱਲੋਂ ਵਧੀਆ ਪੰਚਾਇਤ ਘਰ ਬਣਾਇਆ ਜਾ ਰਿਹਾ ਹੈ ਪਰ ਇਸ ਹੈਲਥ ਸੈਂਟਰ ਵੱਲ ਪਿੰਡ ਦੀ ਪੰਚਾਇਤ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਡਾਕਟਰਾਂ ਮੁਤਾਬਿਕ ਪਿੰਡ ਦੀ ਪੰਚਾਇਤ ਤੇ ਮਹਿਕਮੇ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ। ਇਹ ਹੈਲਥ ਸੈਂਟਰ ਚਾਰ ਪਿੰਡਾਂ ਦੁੱਬਲੀ, ਕਾਲੇਕੇ ਉਤਾੜ ਅਤੇ ਜੋੜ ਸਿੰਘ ਵਾਲਾ ਆਦਿ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦਾ ਹੈ। ਡਿਊਟੀ ’ਤੇ ਤਾਇਨਾਤ ਸਿਹਤ ਅਧਿਕਾਰੀਆਂ ਨੇ ਦੱਸਿਆ ਇਸ ਹੈਲਥ ਸੈਂਟਰ ’ਚ ਪਹਿਲਾਂ ਵੀ ਚਾਰ ਤੋਂ ਪੰਜ ਵਾਰ ਚੋਰੀ ਹੋ ਚੁੱਕੀ ਹੈ। ਚੋਰਾਂ ਨੇ ਮਰੀਜ਼ਾਂ ਲਈ ਵਰਤਿਆ ਜਾਣ ਵਾਲਾ ਸਾਮਾਨ ਚੋਰੀ ਕਰ ਲਿਆ ਸੀ। ਜਿਸ ’ਚ ਜਨਮ ਤੇ ਮਰਨ ਸਰਟੀਫਿਕੇਟਾਂ ਦੇ ਰਿਕਾਰਡ ਤੋਂ ਇਲਾਵਾ ਕਈ ਤਰ੍ਹਾਂ ਦੇ ਰਜਿਸਟਰ, ਕੂਲਰ, ਪੱਖੇ, ਸਰਿੰਜਾਂ, ਹਸਪਤਾਲ ਦੇ ਮੇਨ ਗੇਟ ਤੋਂ ਲੈ ਕੇ ਅੰਦਰਲੇ ਗੇਟਾਂ ਤੱਕ ਚੋਰਾਂ ਵੱਲੋਂ ਚੋਰੀ ਕਰ ਲੇ ਗਏ ਹਨ। ਡਾਕਟਰਾਂ ਦੀ ਟੀਮ ਨੇ ਪਿੰਡ ਦੀ ਪੰਚਾਇਤ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੇਤ ਹੋਰ ਪਿੰਡ ਵਾਸੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਚੰਗੀ ਇਮਾਰਤ ਦਾ ਪ੍ਰਬੰਧ ਕਰ ਕੇ ਦਿੱਤਾ ਜਾਵੇ ਤਾਂ ਜੋ ਸਾਮਾਨ ਚੋਰੀ ਹੋਣ ਤੋਂ ਬਚਾਇਆ ਜਾ ਸਕੇ ਤੇ ਕਰਮਚਾਰੀ ਵੀ ਸੁਰੱਖਿਅਤ ਡਿਊਟੀ ਕਰ ਸਕਣ।