- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਤਰਨਤਾਰਨ ਵਿਚ ਤਾਇਨਾਤ ਦਰਜਾ ਚਾਰ ਮੁਲਾਜ਼ਮ ਨੂੰ ਵਿਜੀਲੈਂਸ ਬਿਊਰੋ ਤਰਨਤਾਰਨ ਦੀ ਟੀਮ ਨੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ।

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨ ਤਾਰਨ : ਸਿਵਲ ਹਸਪਤਾਲ ਤਰਨਤਾਰਨ ਵਿਚ ਤਾਇਨਾਤ ਦਰਜਾ ਚਾਰ ਮੁਲਾਜ਼ਮ ਨੂੰ ਵਿਜੀਲੈਂਸ ਬਿਊਰੋ ਤਰਨਤਾਰਨ ਦੀ ਟੀਮ ਨੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਵਿਜੀਲੈਂਸ ਦੀ ਇਹ ਕਾਰਵਾਈ ਡੀਐੱਸਪੀ ਕੇਵਲ ਕ੍ਰਿਸ਼ਨ ਦੀ ਨਿਗਰਾਨੀ ਹੇਠ ਕੀਤੀ ਗਈ। ਜਦੋਂਕਿ ਟੀਮ ਵਿਚ ਇੰਸਪੈਕਟਰ ਅਵਿਨਾਸ਼ੀ ਸਿੰਘ, ਏਐੱਸਆਈ ਹਰਦੀਪ ਸਿੰਘ, ਐੱਚਸੀ ਗੁਰਸੇਵਕ ਸਿੰਘ, ਜਸਕਰਨ ਸਿੰਘ ਅਤੇ ਰਣਬੀਰ ਸਿੰਘ ਸ਼ਾਮਲ ਸਨ।
ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਚਰਨਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਕ ਐੱਮਐੱਲਆਰ ਦੀ ਰਿਪੋਰਟ ਐੱਸਐੱਮਓ ਤੋਂ ਉਸ ਦੇ ਹੱਕ ਵਿਚ ਕਰਵਾਉਣ ਦੇ ਬਦਲੇ ਦੀਪਕ ਕੁਮਾਰ ਨੇ 1 ਲੱਖ 60 ਹਜ਼ਾਰ ਰੁਪਏ ਵਿਚ ਸੌਦਾ ਤੈਅ ਕਰਦਿਆਂ 70 ਹਜ਼ਾਰ ਰੁਪਏ ਦੀ ਰਕਮ ਪਹਿਲਾਂ ਹੀ ਲੈ ਲਈ ਸੀ। ਜਦੋਂਕਿ ਬਾਕੀ ਰਕਮ ਵਿੱਚੋਂ 25 ਹਜ਼ਾਰ ਰੁਪਏ ਅੱਜ ਲੈਣੇ ਸਨ।ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਇੰਸਪੈਕਟਰ ਅਵਿਨਾਸ਼ੀ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਟਰੈਪ ਲਗਾਇਆ। ਜਿਸ ਦੌਰਾਨ ਦੀਪਕ ਕੁਮਾਰ ਨੂੰ 25 ਹਜ਼ਾਰ ਰੁਪਏ ਦੀ ਰਕਮ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐੱਸਡੀਓ ਅਮਰਜੀਤ ਸਿੰਘ ਅਤੇ ਜੇਈ ਹਰਜੀਤ ਸਿੰਘ ਨੂੰ ਸਰਕਾਰੀ ਗਵਾਹ ਵਜੋਂ ਸ਼ਾਮਲ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਥਾਣਾ ਵਿਜੀਲੈਂਸ ਬਿਉਰੋ ਅੰਮ੍ਰਿਤਸਰ ਵਿਖੇ ਦੀਪਕ ਕੁਮਾਰ ਖਿਲਾਫ ਭ੍ਰਿਸ਼ਾਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਚੱਲ ਅਚੱਲ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ।