50 ਲੱਖ ਫ਼ਿਰੌਤੀ ਨਾ ਦੇਣ ’ਤੇ ਬਾਈਕ ਸਵਾਰਾਂ ਨੇ ਪੈਟਰੋਲ ਪੰਪ ’ਤੇ ਚਲਾਈਆਂ ਗੋਲੀਆਂ, ਘਟਨਾ ਸੀਸੀਟੀਵੀ ’ਚ ਕੈਦ ਪੱਟੀ ਅਧੀਨ ਪੈਂਦੇ ਪਿੰਡ ਭੰਗਾਲਾ ਸਥਿਤ ਗੋਬਿੰਦ ਫਿਲਿੰਗ ਸੈਂਟਰ (ਪੈਟਰੋਲ ਪੰਪ) ’ਤੇ ਸ਼ੁੱਕਰਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰ 3 ਅਣਪਛਾਤੇ ਸ਼ੂਟਰਾਂ ਨੇ 5 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ’ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ।
Publish Date: Fri, 02 Oct 2026 08:31 PM (IST)
Updated Date: Fri, 02 Oct 2026 08:33 PM (IST)
ਜਾਗਰਣ ਸੰਵਾਦਦਾਤਾ, ਪੰਜਾਬੀ ਜਾਗਰਣ, ਪੱਟੀ : ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਭੰਗਾਲਾ ਸਥਿਤ ਗੋਬਿੰਦ ਫਿਲਿੰਗ ਸੈਂਟਰ (ਪੈਟਰੋਲ ਪੰਪ) ’ਤੇ ਸ਼ੁੱਕਰਵਾਰ ਦੁਪਹਿਰ ਨੂੰ ਮੋਟਰਸਾਈਕਲ ਸਵਾਰ 3 ਅਣਪਛਾਤੇ ਸ਼ੂਟਰਾਂ ਨੇ 5 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ’ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ।
ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 3 ਅਣਪਛਾਤਿਆਂ ਨੇ ਨੇ ਪੈਟਰੋਲ ਪੰਪ ’ਤੇ ਅੰਨੇਵਾਹ 5 ਗੋਲੀਆਂ ਚਲਾਈਆਂ। ਇਨ੍ਹਾਂ ’ਚੋਂ ਇਕ ਗੋਲੀ ਪੰਪ ਦੀ ਨੋਜ਼ਲ ’ਤੇ ਲੱਗੀ, ਜਦੋਂ ਕਿ ਇਕ ਹੋਰ ਗੋਲੀ ਪੈਟਰੋਲ ਪੰਪ ’ਤੇ ਤੇਲ ਪੁਆਉਣ ਆਏ ਸਤਨਾਮ ਸਿੰਘ ਦੇ ਖੱਬੇ ਮੋਢੇ ਕੋਲੋਂ ਨਿਕਲ ਗਈ। ਬਾਕੀ 3 ਗੋਲੀਆਂ ਪੈਟਰੋਲ ਪੰਪ ਦੇ ਹਿੱਸਿਆਂ ’ਤੇ ਲੱਗੀਆਂ। ਗੋਲੀਬਾਰੀ ਦੀ ਇਸ ਘਟਨਾ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਡੀਐੱਸਪੀ ਪੱਟੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਘਟਨਾ ਨੂੰ ਸੁਲਝਾ ਲਿਆ ਜਾਵੇਗਾ। ਪੁਲਿਸ ਨੇ ਦੋਸ਼ੀਆਂ ਦੀ ਭਾਲ ’ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੋਬਿੰਦ ਫਿਲਿੰਗ ਸੈਂਟਰ, ਭੰਗਾਲਾ ਦੇ ਮਾਲਕ ਪਰਮਜੀਤ ਸਿੰਘ (ਨਿਵਾਸੀ ਪਿੰਡ ਭੰਗਾਲਾ) ਨੂੰ ਕਥਿਤ ਤੌਰ 'ਤੇ 50 ਲੱਖ ਰੁਪਏ ਦੀ ਫਿਰੌਤੀ ਦੀ ਕਾਲ ਆਈ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਪੈਟਰੋਲ ਪੰਪ ’ਤੇ ਗੋਲੀਬਾਰੀ ਦੀ ਇਹ ਘਟਨਾ ਸਾਹਮਣੇ ਆਈ ਹੈ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।