ਯੂਨੀਅਨ ਵੱਲੋਂ 31 ਮਾਰਚ ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ
ਮੀਟਿੰਗ ਤੋਂ ਵੀ ਸਰਕਾਰ ਭੱਜ ਗਈ ਤੇ ਅਗਲੀ ਮੀਟਿੰਗ ਦਾ ਸਮਾਂ ਦੇਣ ਲਈ ਸਾਨੂੰ ਫਿਰ ਤੋਂ ਲਾਰਾ ਲਾਇਆ ਗਿਆ
Publish Date: Tue, 24 Mar 2026 06:58 PM (IST)
Updated Date: Wed, 25 Mar 2026 04:08 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਆਲ ਪੰਜਾਬ ਡੀਐੱਸਟੀਸੀਟੀਐੱਸ ਕੰਟਰੈਕਟ ਇੰਸਟਰਕਟਰ ਯੂਨੀਅਨ ਦੇ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਯੂਨੀਅਨ ਮੈਂਬਰਾਂ ਦੱਸਿਆ ਕਿ ਅਸੀਂ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ’ਚ ਬਤੌਰ ਕੰਟਰੈਕਟ/ ਗੈਸਟ ਫੈਕਲਟੀ 700 ਦੇ ਕਰੀਬ ਇੰਸਟਰਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ। ਅਸੀਂ ਆਪਣੀਆਂ ਮੰਗਾਂ ਸਬੰਧੀ ਬਹੁਤ ਵਾਰ ਮੁੱਖ ਮੰਤਰੀ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ ਮੰਤਰੀਆਂ ਨਾਲ ਆਪਣੀਆਂ ਮੰਗਾਂ ਸਬੰਧੀ ਬਹੁਤ ਵਾਰ ਮੀਟਿੰਗ ਕਰ ਚੁੱਕੇ ਹਾਂ। ਪਰ ਸਾਡੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦੁਬਾਰਾ ਅਸੀਂ ਸਰਕਾਰ ਕੋਲੋਂ ਮੀਟਿੰਗ ਲਈ ਸਮੇਂ ਦੀ ਮੰਗ ਕੀਤੀ ਸੀ, ਜਿਸ ’ਤੇ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਸਾਨੂੰ 29 ਜਨਵਰੀ 2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ। ਪਰ ਇਹ ਮੀਟਿੰਗ ਮੰਤਰੀ ਵੱਲੋਂ ਨਹੀਂ ਕੀਤੀ ਗਈ ਤੇ ਇਸ ਤਰੀਕ ਨੂੰ ਬਦਲਦੇ ਹੋਏ 17 ਫਰਵਰੀ ਨੂੰ ਫਿਰ ਤੋਂ ਬੁਲਾਇਆ ਗਿਆ ਸੀ। ਪਰ ਇਸ ਮੀਟਿੰਗ ਤੋਂ ਵੀ ਸਰਕਾਰ ਭੱਜ ਗਈ ਤੇ ਅਗਲੀ ਮੀਟਿੰਗ ਦਾ ਸਮਾਂ ਦੇਣ ਲਈ ਸਾਨੂੰ ਫਿਰ ਤੋਂ ਲਾਰਾ ਲਾਇਆ ਗਿਆ। ਪਰ ਅੱਜ ਤੱਕ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਵਾਰ-ਵਾਰ ਮੀਟਿੰਗ ’ਚ ਸਾਡੀਆਂ ਮੰਗਾਂ ਸਬੰਧੀ ਜਿਵੇਂ ਕਿ ਤਨਖ਼ਾਹ ’ਚ ਵਾਧਾ ਤੇ ਸੇਵਾ ਸੁਰੱਖਿਆ ਸਬੰਧੀ ਸਾਨੂੰ ਬਹੁਤ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਲਾਰਾ ਲਾਇਆ ਜਾ ਰਿਹਾ ਹੈ, ਜਿਸ ਕਰ ਕੇ ਯੂਨੀਅਨ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜੇਕਰ ਸਾਨੂੰ ਸਰਕਾਰ ਵੱਲੋਂ ਇਕ ਹਫ਼ਤੇ ਦੇ ਅੰਦਰ-ਅੰਦਰ ਮੀਟਿੰਗ ਲਈ ਨਹੀਂ ਬੁਲਾਇਆ ਗਿਆ ਤੇ ਸਾਡੀਆਂ ਜਾਇਜ਼ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ, ਤਾਂ ਪੂਰੀ ਯੂਨੀਅਨ ਵੱਲੋਂ 31 ਮਾਰਚ ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਕਿਰਨਦੀਪ ਰੁਪਾਣਾ, ਸਿਮਰਨਜੀਤ ਸਿੰਘ, ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਸਵਰਨ ਸਿੰਘ, ਮਨਜਿੰਦਰ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।