- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ਹੀਦ ਨੂੰ ਦਿੱਤੀ ਸ਼ਰਧਾਂਜਲੀ
ਸ਼ਹੀਦ ਊਧਮ ਸਿੰਘ ਦੀ ਸੋਚ ਅੱਜ ਵੀ ਲੋਕਾਂ ਲਈ ਪ੍ਰੇਰਣਾ ਸਰੋਤ
ਪੱਤਰ ਪ੍ਰੇਰਕ •ਪੰਜਾਬੀ ਜਾਗਰਣ
ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਤਰਨਤਾਰਨ ਵਿਚ ਬਾਬਾ ਕਾਹਨ ਸਿੰਘ ਜੀ ਦੇ ਅਸਥਾਨ ’ਤੇ ਸ਼ਹੀਦ ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਤੇ ਸਾਮਰਾਜਵਾਦ ਵਿਰੁੱਧ ਸੰਘਰਸ਼ ਨੂੰ ਯਾਦ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਕੋਰ ਕਮੇਟੀ ਮੈਂਬਰ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਅੱਜ ਵੀ ਉਨਾ ਹੀ ਪ੍ਰਸੰਗਿਕ ਹੈ, ਪਰ ਅਫ਼ਸੋਸ ਹੈ ਕਿ ਮੌਜੂਦਾ ਸਮੇਂ ਦੇ ਹਾਕਮਾਂ, ਅਧਿਕਾਰੀਆਂ, ਵਪਾਰੀਆਂ ਤੇ ਹੋਰ ਪ੍ਰਭਾਵਸ਼ਾਲੀ ਵਰਗਾਂ ਨੇ ਇਸ ਵਿਚਾਰਧਾਰਾ ਨੂੰ ਅਣਡਿੱਠਾ ਕਰ ਦਿੱਤਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਦੇਸ਼ ਵਿਚ ਬਹੁ-ਰਾਸ਼ਟਰੀ ਤੇ ਵਿਦੇਸ਼ੀ ਕੰਪਨੀਆਂ ਲਈ ਰਸਤੇ ਖੋਲ੍ਹੇ ਜਾ ਰਹੇ ਹਨ, ਜਿਸ ਨਾਲ ਦੇਸ਼ ਦੇ ਕੁਦਰਤੀ ਸਰੋਤਾਂ, ਖੇਤੀਬਾੜੀ, ਦੁੱਧ ਉਤਪਾਦਨ, ਸਿਹਤ, ਸਿੱਖਿਆ ਤੇ ਹੋਰ ਅਹਿਮ ਖੇਤਰਾਂ 'ਤੇ ਨਿੱਜੀ ਤੇ ਵਿਦੇਸ਼ੀ ਦਖ਼ਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਲੰਡਨ ਵਿਚ ਜ਼ਲ੍ਹਿਆਂਵਾਲਾ ਬਾਗ ਕਤਲੇਆਮ ਦੇ ਦੋਸ਼ੀ ਮਾਈਕਲ ਓ'ਡਵਾਇਰ ਨੂੰ ਗੋਲੀ ਮਾਰ ਕੇ ਸਾਮਰਾਜਵਾਦ ਵਿਰੁੱਧ ਆਪਣਾ ਸੰਦੇਸ਼ ਦਿੱਤਾ ਸੀ ਤੇ ਗ੍ਰਿਫ਼ਤਾਰੀ ਸਮੇਂ ਵੀ ਸਾਮਰਾਜਵਾਦ ਮੁਰਦਾਬਾਦ ਦੇ ਨਾਅਰੇ ਲਗਾਏ ਸਨ। 31 ਜੁਲਾਈ 1940 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ, ਪਰ ਉਨ੍ਹਾਂ ਦੀ ਸੋਚ ਅੱਜ ਵੀ ਲੋਕਾਂ ਲਈ ਪ੍ਰੇਰਣਾ ਸਰੋਤ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਵਿਚ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਦੇਸ਼ੀ ਤਾਕਤਾਂ ਨਾਲ ਕੀਤੇ ਜਾ ਰਹੇ ਵਪਾਰਕ ਸਮਝੌਤੇ ਖੇਤੀ ਤੇ ਪੇਂਡੂ ਅਰਥਚਾਰੇ ਲਈ ਨੁਕਸਾਨਦਾਇਕ ਸਾਬਿਤ ਹੋਣਗੇ। ਇਸ ਦੇ ਨਾਲ ਹੀ ਲੋਕਾਂ ਦੇ ਲੋਕਤੰਤਰੀ ਹੱਕਾਂ, ਖ਼ਾਸ ਕਰਕੇ ਸ਼ਾਂਤਮਈ ਧਰਨੇ ਤੇ ਪ੍ਰਦਰਸ਼ਨ ਕਰਨ ਦੇ ਅਧਿਕਾਰਾਂ 'ਤੇ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾਇਆ ਜਾਵੇ ਤੇ ਲੋਕਾਂ ਦੇ ਹੱਕਾਂ, ਦੇਸ਼ ਦੇ ਸਰੋਤਾਂ ਤੇ ਕਿਸਾਨ-ਮਜ਼ਦੂਰ ਵਰਗ ਦੇ ਹਿੱਤਾਂ ਦੀ ਰੱਖਿਆ ਲਈ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਲੋਕ ਇਕੱਠੇ ਨਾ ਹੋਏ, ਤਾਂ ਦੇਸ਼ ਦੇ ਮਹੱਤਵਪੂਰਨ ਸਰੋਤਾਂ 'ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਰ ਮਜ਼ਬੂਤ ਹੋ ਜਾਵੇਗਾ।