ਭੋਗ ਸਮਾਗਮ ’ਚ ਸ਼ਾਮਲ ਹੋਣ ਆਏ ਦੋ ਨੌਜਵਾਨਾਂ ਨੂੰ ਲੁੱਟਿਆ, ਵਿਰੋਧ ਕਰਨ 'ਤੇ ਚਲਾਈ ਗੋਲੀ; ਇਕ ਨੌਜਵਾਨ ਜਖਮੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁੱਗਾ ਵਿਖੇ ਭੋਗ ਸਮਾਗਮ ਵਿਚ ਸ਼ਾਮਿਲ ਹੋਣ ਆਏ ਦੋ ਨੌਜਵਾਨਾਂ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਵਿਰੋਧ ਕਰਨ ’ਤੇ ਲੁਟੇਰਿਆਂ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਵੀ ਕਰ ਦਿੱਤਾ। ਜਿਸ ਤੋਂ ਬਾਅਦ ਲੁਟੇਰੇ ਜ਼ਖ਼ਮੀ ਨੌਜਵਾਨ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਜਖਮੀ ਨੌਜਵਾਨ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਉਕਤ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
Publish Date: Wed, 26 Aug 2026 11:05 AM (IST)
Updated Date: Wed, 26 Aug 2026 11:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਿੱਖੀਵਿੰਡ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁੱਗਾ ਵਿਖੇ ਭੋਗ ਸਮਾਗਮ ਵਿਚ ਸ਼ਾਮਿਲ ਹੋਣ ਆਏ ਦੋ ਨੌਜਵਾਨਾਂ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਵਿਰੋਧ ਕਰਨ ’ਤੇ ਲੁਟੇਰਿਆਂ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਵੀ ਕਰ ਦਿੱਤਾ। ਜਿਸ ਤੋਂ ਬਾਅਦ ਲੁਟੇਰੇ ਜ਼ਖ਼ਮੀ ਨੌਜਵਾਨ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਜਖਮੀ ਨੌਜਵਾਨ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਉਕਤ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰੁਪਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮੁੱਲਾ ਬਹਿਰਾਮ, ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦਾਰਾ ਸਿੰਘ ਪੁੱਤਰ ਸੁਲੱਖਣ ਸਿੰਘ ਦੇ ਘਰ ਪਿੰਡ ਸੁੱਗਾ ਵਿਖੇ ਮਰਗ ਦੇ ਭੋਗ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਇਆ ਸੀ। ਉਸ ਦੇ ਨਾਲ ਉਸ ਦਾ ਚਾਚੇ ਦਾ ਲੜਕਾ ਅਰਜਨ ਸਿੰਘ ਅਤੇ ਪਰਿਵਾਰਕ ਮੈਂਬਰ ਵੀ ਸਨ। ਉਨ੍ਹਾਂ ਦੱਸਿਆ ਕਿ ਪਾਠ ਦੇ ਭੋਗ ਉਪਰੰਤ ਉਹ ਆਪਣੇ ਚਾਚੇ ਦੇ ਲੜਕੇ ਅਰਜਨ ਸਿੰਘ ਨਾਲ ਰਿਸ਼ਤੇਦਾਰ ਹਰਪ੍ਰੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਸੁੱਗਾ ਦਾ ਮੋਟਰਸਾਈਕਲ ਐੱਮਟੀ-15 ਨੰਬਰ ਪੀਬੀ46 ਏਕਿਊ 1636 ਲੈ ਕੇ ਪਿੰਡ ਸੁੱਗਾ ਤੋਂ ਭੂਰੇ ਰੋਡ ਵੱਲ ਨਿਕਲੇ ਸਨ। ਜਦੋਂ ਉਹ ਪਿੰਡ ਤੋਂ ਕਰੀਬ ਅੱਧਾ ਕਿਲੋਮੀਟਰ ਬਾਹਰ ਪਹੁੰਚੇ ਤਾਂ ਪਿੱਛੋਂ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ ਆਪਣਾ ਮੋਟਰਸਾਈਕਲ ਅੱਗੇ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਰੁਪਿੰਦਰ ਸਿੰਘ ਮੁਤਾਬਿਕ ਦੋਵਾਂ ਨੌਜਵਾਨਾਂ ਨੇ ਉਨ੍ਹਾਂ ਕੋਲੋਂ ਮੋਟਰਸਾਈਕਲ ਦੀ ਚਾਬੀ ਖੋਹ ਲਈ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਦੋਵਾਂ ਨੇ ਪਿਸਤੌਲ ਕੱਢ ਕੇ ਉਨ੍ਹਾਂ ਵੱਲ ਤਾਣ ਦਿੱਤੇ। ਇਸ ਦੌਰਾਨ ਅਰਜਨ ਸਿੰਘ ਨੇ ਵਿਰੋਧ ਜਾਰੀ ਰੱਖਿਆ ਤਾਂ ਇਕ ਨੌਜਵਾਨ ਨੇ ਉਸ ਦੀ ਲੱਤ ਵਿਚ ਗੋਲੀ ਮਾਰ ਦਿੱਤੀ। ਜਿਸਦੇ ਚੱਲਦਿਆਂ ਉਹ ਮੋਟਰਸਾਈਕਲ ਦੂਰ ਹਟ ਗਏ।
ਇਸ ਮੌਕੇ ਲੁਟੇਰੇ ਰੁਪਿੰਦਰ ਸਿੰਘ ਅਤੇ ਅਰਜਨ ਸਿੰਘ ਦਾ ਮੋਟਰਸਾਈਕਲ ਲੈ ਕੇ ਆਪਣੇ ਮੋਟਰਸਾਈਕਲ ਸਮੇਤ ਪਿੰਡ ਭੂਰੇ ਵੱਲ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਰੁਪਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਰਿਸ਼ਤੇਦਾਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਅਰਜਨ ਸਿੰਘ ਨੂੰ ਇਲਾਜ ਲਈ ਵਿਜੇ ਹਸਪਤਾਲ ਭਿੱਖੀਵਿੰਡ ਵਿਖੇ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਵਾਰਦਾਤ ਵਾਲੇ ਸਥਾਨ ਅਤੇ ਆਸ-ਪਾਸ ਦੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਲਈ ਚੌਕੀ ਸੁਰਸਿੰਘ ਦੇ ਇੰਚਾਰਜ ਏਐੱਸਆਈ ਬਲਬੀਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਤੇ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।