ਸਥਾਨਕ ਬੋਹੜੀ ਚੌਂਕ ਦੇ ਆਸ ਪਾਸ ਟ੍ਰੈਫਿਕ ਦੀ ਸਮੱਸਿਆ ਗੰਭੀਰ : ਹੀਰਾ ਸਿੰਘ ਕੰਡਿਆਂ ਵਾਲੇ
ਤਰਨਤਾਰਨ ਸ਼ਹਿਰ ਦੇ ਬੋਹੜੀ ਚੌਕ ਦੇ ਚਾਰ ਚੁਫੇਰੇ ਆਵਾਜਾਈ ਦਾ ਘੜਮੱਸ ਪੈ ਰਿਹਾ ਹੈ।
Publish Date: Tue, 31 Mar 2026 04:55 PM (IST)
Updated Date: Wed, 01 Apr 2026 04:04 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬਾਈਪਾਸ ਨਜ਼ਦੀਕ ਪਿੰਡ ਕੱਕਾ ਕੰਡਿਆਲਾ ਰੇਲਵੇ ਫਾਟਕ ’ਤੇ ਫਾਲਾਈ ਓਵਰ ਦੀ ਉਸਾਰੀ ਹੋਣ ਕਰ ਕੇ ਤਰਨਤਾਰਨ ਸ਼ਹਿਰ ਦੇ ਬੋਹੜੀ ਚੌਕ ਦੇ ਚਾਰ ਚੁਫੇਰੇ ਆਵਾਜਾਈ ਦਾ ਘੜਮੱਸ ਪੈ ਗਿਆ ਹੈ। ਜਿਸ ਦਾ ਵੱਡਾ ਕਾਰਨ ਇਹ ਹੈ ਕਿ ਰੇਲਵੇ ਪੁਲ਼ ਦੀ ਉਸਾਰੀ ਤੋਂ ਪਹਿਲਾਂ ਹਾਈਵੇਅ ਅਥਾਰਟੀ ਵੱਲੋਂ ਸਰਵਿਸ ਲੇਨ ਨਹੀਂ ਬਣਾਈ ਗਈ ਤੇ ਦੂਜਾ ਕਾਰਨ ਜੰਡਿਆਲਾ ਰੋਡ ਰੇਲਵੇ ਫਾਟਕ ਦਿਨ ’ਚ ਕਈ ਵਾਰ ਬੰਦ ਹੋਣਾ ਹੈ। ਲੋਕ ਆਪਣੀ ਡਿਊਟੀ ਤੋਂ ਵੀ ਲੇਟ ਹੋ ਜਾਂਦੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈਐੱਮ ਸੈਕਟਰੀ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ ਨੇ ਕਿਹਾ ਕਿ ਬੇਸ਼ੱਕ ਬੋਹੜੀ ਚੌਕ ਦੇ ਆਸ-ਪਾਸ ਟ੍ਰੈਫਿਕ ਪੁਲਿਸ ਦੇ ਜਵਾਨ ਸਾਰਾ ਦਿਨ ਤਾਇਨਾਤ ਰਹਿੰਦੇ ਹਨ, ਜਿਹੜੇ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਕੰਟਰੋਲ ਤਾਂ ਕਰਦੇ ਹਨ। ਪਰ ਜੇਕਰ ਕੋਈ ਗਾਹਕ ਆਪਣਾ ਵਾਹਨ ਖੜ੍ਹਾ ਕਰ ਕੇ ਦੁਕਾਨ ਤੋਂ ਦੋ ਚਾਰ ਮਿੰਟ ਲਈ ਖ਼ਰੀਦਦਾਰੀ ਕਰਨ ਜਾਂਦਾ ਹੈ, ਤਾਂ ਉਸ ਦਾ ਫੋਟੋ ਖਿੱਚ ਕੇ ਚਲਾਨ ਕਰ ਦਿੰਦੇ ਹਨ।
ਕਾਮਰੇਡ ਹੀਰਾ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਨੂੰ ਇਹ ਦੱਸੇ ਕਿ ਉਹ ਆਪਣੇ ਵਾਹਨ ਕਿੱਥੇ ਰੋਕਣ, ਕਿੱਥੇ ਖੜ੍ਹੇ ਕਰਨ। ਜਦਕਿ ਐੱਸਪੀ ਟ੍ਰੈਫਿਕ ਤੇ ਨਗਰ ਕੌਂਸਲ ਤਰਨਤਾਰਨ ਨੇ ਹਾਈਕੋਰਟ ’ਚ ਲਿਖਤੀ ਬਿਆਨ ਕੁਝ ਸਾਲ ਪਹਿਲਾਂ ਦਿੱਤਾ ਸੀ ਕਿ ਪੁਰਾਣਾ ਬੱਸ ਅੱਡਾ, ਪਾਲਿਕਾ ਬਾਜ਼ਾਰ ਤਰਨਤਾਰਨ ਤੇ ਨਗਰ ਕੌਂਸਲ ਦਫ਼ਤਰ ਲੋਕਾਂ ਦੇ ਵਹੀਕਲ ਖੜ੍ਹੇ ਕਰਨ ਦੀ ਜਗ੍ਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੈਂਕ ਜਾ ਵਪਾਰਕ ਇਮਾਰਤਾਂ ਦੇ ਨਕਸ਼ੇ ਤੇ ਪਾਰਕਿੰਗ ਦੀ ਜਗ੍ਹਾ ਵੇਖਣ ਤੋਂ ਬਗੈਰ ਕਿਵੇਂ ਪਾਸ ਕੀਤੇ ਗਏ। ਨਗਰ ਕੌਂਸਲ ਦਾ ਕਹਿਣਾ ਹੈ ਕਿ ਇਹ ਨਕਸ਼ੇ 1997 ਤੋਂ ਪਹਿਲਾਂ ਦੇ ਪਾਸ ਹਨ ਜਦਕਿ ਸੱਚਾਈ ਇਹ ਹੈ ਕਿ ਇਕ ਬੈਂਕ ਨੂੰ ਛੱਡ ਕੇ ਬਾਕੀ ਇਮਾਰਤਾਂ 1997 ਤੋਂ ਬਾਅਦ ਬਣੀਆਂ ਹਨ।
ਅਖੀਰ ’ਚ ਕਾਮਰੇਡ ਹੋਰਾਂ ਦੋਸ਼ ਲਾਇਆ ਜਿੱਥੇ ਟ੍ਰੈਫਿਕ ਪੁਲਿਸ ਦਾ ਦਫ਼ਤਰ ਪੁਰਾਣਾ ਬੱਸ ਅੱਡੇ ’ਚ ਹੈ। ਉਸ ਦਫ਼ਤਰ ’ਚੋਂ ਸਾਰਾ ਦਿਨ ਟ੍ਰੈਫਿਕ ਮੁਲਾਜ਼ਮ ਆਉਂਦੇ ਜਾਂਦੇ ਹਨ ਤੇ ਇਸ ਦੇ ਗੇਟ ਅੱਗੇ ਹੀ ਨਾਜਾਇਜ਼ ਜਗ੍ਹਾ ਮੱਲੀ ਹੋਈ ਹੈ। ਉਸ ਦਾ ਤੇ ਕੁਝ ਖ਼ਾਸ ਦੁਕਾਨਦਾਰਾਂ ਦੇ ਅੱਗੇ ਖੜ੍ਹੀਆਂ ਗੱਡੀਆਂ ਦਾ ਚਲਾਨ ਕਿਉਂ ਨਹੀਂ ਕੱਟਿਆ ਜਾਂਦਾ। ਇਹ ਜਵਾਬ ਤਾਂ ਟ੍ਰੈਫਿਕ ਕਰਮਚਾਰੀ ਹੀ ਦੇ ਸਕਦੇ ਹਨ।
ਇਸ ਮੌਕੇ ਕਾਮਰੇਡ ਜਸਵਿੰਦਰ ਸਿੰਘ ਮਾਣੋਚਾਹਲ, ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਕਾਮਰੇਡ ਕਰਮ ਸਿੰਘ ਲਾਲਪੁਰਾ, ਕਾਮਰੇਡ ਅਜਮੇਰ ਸਿੰਘ, ਕਾਮਰੇਡ ਨਰਿੰਦਰ ਸਿੰਘ ਬਘਿਆੜੀ, ਕਾਮਰੇਡ ਮਲੂਕ ਸਿੰਘ, ਕਾਮਰੇਡ ਮਨਜੀਤ ਸਿੰਘ ਝਬਾਲ, ਕਾਮਰੇਡ ਕੁਲਵੰਤ ਸਿੰਘ ਛਾਪਾ ਹਾਜ਼ਰ ਸਨ।