ਮੁੜ ਹੋਈ ਟੂੰ-ਟੂੰ: ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਅਗਲੀ ਕਿਸ਼ਤ ਜਾਰੀ, ਖਾਤਿਆਂ ’ਚ ਆਏ 3000-4500 ਰੁਪਏ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਮਾਵਾਂ ਦੇ ਖਾਤਿਆਂ ’ਚ ਅਕਤੂਬਰ, ਨਵੰਬਰ ਤੇ ਦਸੰਬਰ—ਤਿੰਨ ਮਹੀਨਿਆਂ ਦੀ ਐਡਵਾਂਸ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ ਹੈ।
Publish Date: Thu, 01 Oct 2026 01:50 PM (IST)
Updated Date: Thu, 01 Oct 2026 02:03 PM (IST)
ਜਸਪਾਲ ਸਿੰਘ/ਗੁਰਬਰਿੰਦਰ ਸਿੰਘ,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਇਤਿਹਾਸਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੀ ਦਾਣਾ ਮੰਡੀ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸਨਮਾਨ ਰਾਸ਼ੀ ਦੀ ਦੂਜੀ ਕਿਸ਼ਤ ਜਾਰੀ ਕੀਤੀ। ਸਮਾਗਮ ’ਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਾਵਾਂ, ਭੈਣਾਂ ਤੇ ਧੀਆਂ ’ਚ ਯੋਜਨਾ ਦੀ ਦੂਜੀ ਕਿਸ਼ਤ ਜਾਰੀ ਹੋਣ ਤੇ ਉਤਸ਼ਾਹ ਵੇਖਣ ਨੂੰ ਮਿਲਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਦਾ ਸਿੱਖ ਇਤਿਹਾਸ ’ਚ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਕਿਹਾ ਕਿ ਇਸ ਧਰਤੀ ਤੋਂ ਗੁਰੂ ਸਾਹਿਬਾਨ ਨੇ ਸਮਾਜ ’ਚ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਦਾ ਵਿਰੋਧ ਕਰਦਿਆਂ ਔਰਤਾਂ ਨੂੰ ਬਰਾਬਰ ਦਾ ਸਨਮਾਨ ਦੇਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਉਦੇਸ਼ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਅਤੇ ਉਨ੍ਹਾਂ ਦੇ ਮਾਣ-ਸਨਮਾਨ ਨੂੰ ਹੋਰ ਮਜ਼ਬੂਤੀ ਦੇਣਾ ਹੈ।
ਇਸ ਯੋਜਨਾ ਦੀ ਸ਼ੁਰੂਆਤ 1 ਜੁਲਾਈ 2026 ਨੂੰ ਕੀਤੀ ਗਈ ਸੀ। ਇਸ ਤਹਿਤ ਆਮ ਵਰਗ ਦੀਆਂ ਯੋਗ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਯੋਗ ਔਰਤਾਂ ਨੂੰ 1500 ਰੁਪਏ ਮਾਸਿਕ ਸਨਮਾਨ ਰਾਸ਼ੀ ਦੇਣ ਦੀ ਵਿਵਸਥਾ ਹੈ। ਪਹਿਲੀ ਕਿਸ਼ਤ ਵਜੋਂ ਤਿੰਨ ਮਹੀਨਿਆਂ ਦੀ ਰਕਮ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਸਿੱਧੀ ਭੇਜੀ ਗਈ ਸੀ ਤੇ ਅੱਜ ਮੁੜ ਅਕਤੂਬਰ, ਨਵੰਬਰ ਅਤੇ ਦਸੰਬਰ ਮਹੀਨੇ ਦੀ ਰਾਸ਼ੀ ਲਈ ਟੂੰ ਟੂੰ ਹੋ ਜਾਵੇਗੀ।
ਯੋਜਨਾ ਨੂੰ ਘਰ-ਘਰ ਪਹੁੰਚਾਉਣ ਲਈ ‘ਸਤਿਕਾਰ ਸਖੀਆਂ’ ਦੀ ਭੂਮਿਕਾ ਵੀ ਮਹੱਤਵਪੂਰਨ ਰੱਖੀ ਗਈ ਹੈ। ਇਨ੍ਹਾਂ ਵੱਲੋਂ ਯੋਗ ਔਰਤਾਂ ਦੀ ਰਜਿਸਟ੍ਰੇਸ਼ਨ ਅਤੇ ਫਾਰਮ ਭਰਨ ’ਚ ਸਹਾਇਤਾ ਕੀਤੀ ਜਾਂਦੀ ਹੈ। ਅਗਸਤ ਮਹੀਨੇ ਤੱਕ ਸਰਕਾਰ ਵੱਲੋਂ ਲੱਖਾਂ ਔਰਤਾਂ ਦੀ ਰਜਿਸਟ੍ਰੇਸ਼ਨ ਹੋਣ ਅਤੇ ਵੱਡੀ ਗਿਣਤੀ ’ਚ ਲਾਭਪਾਤਰੀਆਂ ਦੇ ਖਾਤਿਆਂ ’ਚ ਰਾਸ਼ੀ ਪਹੁੰਚਣ ਦੀ ਜਾਣਕਾਰੀ ਦਿੱਤੀ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਦੀ ਆਰਥਿਕ ਆਜ਼ਾਦੀ ਤੇ ਸਮਾਜਿਕ ਸਨਮਾਨ ਨੂੰ ਮਜ਼ਬੂਤ ਕਰਨ ਲਈ ਯਤਨ ਜਾਰੀ ਰਹਿਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਸਮਾਗਮ ਦੌਰਾਨ ਹਾਜ਼ਰ ਔਰਤਾਂ ਨੇ ਵੀ ਯੋਜਨਾ ਤਹਿਤ ਮਿਲ ਰਹੀ ਸਨਮਾਨ ਰਾਸ਼ੀ ਨੂੰ ਆਪਣੇ ਪਰਿਵਾਰਕ ਖਰਚਿਆਂ ’ਚ ਸਹਾਇਕ ਦੱਸਿਆ। ਇਸ ਮੌਕੇ ਮੰਤਰੀ ਹਰਭਜਨ ਸਿੰਘ ਈਟੀਓ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ, ਹਰਮੀਤ ਸਿੰਘ ਸੰਧੂ ਵਿਧਾਇਕ ਤਰਨਤਾਰਨ, ਸਰਵਨ ਸਿੰਘ ਧੁੰਨ ਵਿਧਾਇਕ ਖੇਮਕਰਨ, ਦਲਬੀਰ ਸਿੰਘ ਟੌਂਗ ਵਿਧਾਇਕ ਬਾਬਾ ਬਕਾਲਾ ਸਾਹਿਬ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਪਹਿਲਵਾਨ ਜੱਸਾ ਪੱਟੀ, ਅੰਗਦੀਪ ਸਿੰਘ ਸੋਹਲ, ਨਵਜੋਤ ਕੌਰ ਹੁੰਦਲ ਆਦਿ ਸਮੇਤ ਹੋਰ ਆਗੂ ਵੀ ਮੌਜੂਦ ਸਨ।