ਘਰ ’ਚ ਦਾਖਲ ਹੋ ਕੇ ਭੰਨਤੋੜ ਤੇ ਫਾਇਰਿੰਗ, ਲੜਕੀਆਂ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਕੀਤਾ ਹਮਲਾ
ਕਰਨਪ੍ਰੀਤ ਸਿੰਘ ਪੁੱਤਰ ਬਿੱਕਰ ਸਿੰਘ ਨੇ ਪੁਲਿਸ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 25 ਅਗਸਤ ਨੂੰ ਅਕਾਸ਼ਦੀਪ ਸਿੰਘ, ਵਿੱਕੀ ਸਿੰਘ ਅਤੇ ਰੋਹਿਤ ਸਿੰਘ ਵਾਸੀ ਗਜ਼ਲ ਉਸ ਦੀਆਂ ਭੈਣਾਂ ਨਾਲ ਕਥਿਤ ਤੌਰ ’ਤੇ ਹੁਲੜਬਾਜ਼ੀ ਕਰ ਰਹੇ ਸਨ। ਵਿਰੋਧ ਕਰਨ ’ਤੇ ਉਨ੍ਹਾਂ ਨਾਲ ਗਾਲੀ-ਗਲੋਚ ਹੋਈ ਸੀ। ਪਿੰਡ ਦੇ ਵਿਅਕਤੀਆਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ।
Publish Date: Fri, 28 Aug 2026 10:49 AM (IST)
Updated Date: Fri, 28 Aug 2026 10:55 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਸਰਹੱਦੀ ਪਿੰਡ ਗਜ਼ਲ ਵਿਖੇ ਰੰਜਿਸ਼ ਦੇ ਚੱਲਦਿਆਂ ਕਥਿਤ ਤੌਰ ’ਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਇਕ ਘਰ ’ਚ ਜ਼ਬਰੀ ਦਾਖ਼ਲ ਹੋ ਕੇ ਭੰਨਤੋੜ ਅਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਖੇਮਕਰਨ ਦੀ ਪੁਲਿਸ ਨੇ ਇਕ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਪੰਜ ਜਣਿਆਂ ਨੂੰ ਬਕਾਇਦਾ ਗ੍ਰਿਫਤਾਰ ਵੀ ਕਰ ਲਿਆ ਹੈ। ਜਦੋਂਕਿ ਹਮਲੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਨੂੰ ਪੱਟੀ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਕਰਨਪ੍ਰੀਤ ਸਿੰਘ ਪੁੱਤਰ ਬਿੱਕਰ ਸਿੰਘ ਨੇ ਪੁਲਿਸ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 25 ਅਗਸਤ ਨੂੰ ਅਕਾਸ਼ਦੀਪ ਸਿੰਘ, ਵਿੱਕੀ ਸਿੰਘ ਅਤੇ ਰੋਹਿਤ ਸਿੰਘ ਵਾਸੀ ਗਜ਼ਲ ਉਸ ਦੀਆਂ ਭੈਣਾਂ ਨਾਲ ਕਥਿਤ ਤੌਰ ’ਤੇ ਹੁਲੜਬਾਜ਼ੀ ਕਰ ਰਹੇ ਸਨ। ਵਿਰੋਧ ਕਰਨ ’ਤੇ ਉਨ੍ਹਾਂ ਨਾਲ ਗਾਲੀ-ਗਲੋਚ ਹੋਈ ਸੀ। ਪਿੰਡ ਦੇ ਵਿਅਕਤੀਆਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ।
ਕਰਨਪ੍ਰੀਤ ਸਿੰਘ ਅਨੁਸਾਰ 27 ਅਗਸਤ ਨੂੰ ਦੁਪਹਿਰ ਕਰੀਬ 2 ਵਜੇ ਉਹ ਘਰ ਦੇ ਬਾਹਰ ਬਾਬੇ ਦੀ ਜਗ੍ਹਾ ਨੇੜੇ ਖੜ੍ਹਾ ਸੀ ਕਿ ਉਕਤ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਉੱਧਰ ਆਉਂਦੇ ਦਿਖਾਈ ਦਿੱਤੇ। ਜਿਸਦੇ ਚੱਲਦਿਆਂ ਉਹ ਆਪਣੇ ਘਰ ਦੇ ਅੰਦਰ ਚਲਾ ਗਿਆ ਪਰ ਉਹ ਲੋਕ ਵੀ ਜ਼ਬਰੀ ਉਸ ਦੇ ਪਿੱਛੇ ਘਰ ’ਚ ਦਾਖ਼ਲ ਹੋ ਗਏ। ਉਸਨੇ ਦੱਸਿਆ ਕਿ ਉਕਤ ਲੋਕਾਂ ਕੋਲ ਪਿਸਤੌਲ, ਦਾਤਰ ਅਤੇ ਡਾਂਗਾਂ ਸਨ। ਘਰ ’ਚ ਦਾਖਲ ਹੁੰਦਿਆਂ ਹੀ ਉਨ੍ਹਾਂ ਨੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਦੋ ਵਿਅਕਤੀਆਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਜੋ ਘਰ ਦੀ ਪਾਣੀ ਵਾਲੀ ਟੈਂਕੀ ਅਤੇ ਮੁੱਖ ਗੇਟ ’ਤੇ ਲੱਗੀਆਂ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਸ ਦੌਰਾਨ ਦਾਤਰ ਨਾਲ ਕੀਤੇ ਵਾਰ ਕਾਰਨ ਉਸ ਦੇ ਚਾਚੇ ਦੇ ਲੜਕੇ ਗੁਰਚੇਤ ਸਿੰਘ ਦੇ ਸਿਰ ’ਤੇ ਸੱਟ ਲੱਗੀ। ਹਮਲਾਵਰਾਂ ਵੱਲੋਂ ਘਰ ’ਚ ਪਏ ਫਰਿੱਜ, ਵਾਸ਼ਿੰਗ ਮਸ਼ੀਨ ਅਤੇ ਹੋਰ ਸਮਾਨ ਦੀ ਵੀ ਭੰਨਤੋੜ ਕੀਤੀ ਗਈ। ਰੌਲਾ ਪਾਉਣ ’ਤੇ ਮੁਹੱਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਫਰਾਰ ਹੋ ਗਏ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਕਰਨਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਹਰਪ੍ਰੀਤ ਸਿੰਘ ਪੁੱਤਰ ਜਾਗੀਰ ਸਿੰਘ, ਬਿਕਰਮ ਸਿੰਗ ਪੁੱਤਰ ਨਿਸ਼ਾਨ ਸਿੰਘ, ਲਵਪ੍ਰੀਤ ਸਿੰਘ ਪੁੱਤਰ ਕਾਰਜ ਸਿੰਘ ਤਿੰਨੇ ਵਾਸੀ ਵਲਟੋਹਾ, ਅਰਸ਼ਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਹਰੀਕੇ ਅਤੇ ਸੁਖਰਾਜ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਭਿੱਖੀਵਿੰਡ ਨੂੰ ਕੇਸ ਵਿਚ ਨਾਮਜ਼ਦ ਕਰਕੇ ਜਿਥੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਥੇ ਹੀ ਅੱਠ ਦੇ ਕਰੀਬ ਅਣਪਛਾਤੇ ਵਿਅਕਤੀਆਂ ਦੀ ਪਛਾਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ।