ਰਹਿਣ ਲਈ ਪੱਕੇ ਘਰ ਤੋਂ ਵੀ ਮੁਥਾਜ਼ ਆਜ਼ਾਦੀ ਘੁਲਾਟੀਏ ਦਾ ਪੁੱਤਰ ਰਹਿਣ ਲਈ ਪੱਕੇ ਘਰ ਤੋਂ ਵੀ ਮੁਥਾਜ ਹੈ ਆਜ਼ਾਦੀ ਘੁਲਾਟੀਏ ਦਾ ਪੁੱਤਰ
Publish Date: Mon, 17 Aug 2026 06:15 PM (IST)
Updated Date: Tue, 18 Aug 2026 04:01 AM (IST)
ਸਹੂਲਤਾਂ ਲੈਣ ਗਏ ਕੋਲੋਂ ਮੰਗੇ ਜਾਂਦੇ ਆਜ਼ਾਦੀ ਘੁਲਾਟੀਏ ਹੋਣ ਦੇ ਸਬੂਤ, ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ-ਕੱਟ ਪਰੇਸ਼ਾਨ ਹੋਇਆ ਦਲਜੀਤ ਕੁਮਾਰ ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ, ਖਾਲੜਾ : ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਹਰ ਸਾਲ ਸਰਕਾਰੀ ਸਮਾਗਮਾਂ ਦੌਰਾਨ ਯਾਦ ਕਰ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦੇ ਉਲਟ ਕਸਬਾ ਖਾਲੜਾ ਦੇ ਇਕ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਵੱਲੋਂ ਆਪਣੇ ਹੱਕਾਂ ਤੇ ਸਰਕਾਰੀ ਸਹੂਲਤਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖਾਲੜਾ ਵਾਸੀ ਦਲਜੀਤ ਕੁਮਾਰ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਸਾਥੀ ਮਦਨ ਲਾਲ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਯੋਗਦਾਨ ਪਾਇਆ ਸੀ ਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਤਾਮਰ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸੀ। ਉਸ ਦੇ ਪਿਤਾ ਦੇ ਆਜ਼ਾਦੀ ਅੰਦੋਲਨ ਵਿਚ ਯੋਗਦਾਨ ਨੂੰ ਮਾਨਤਾ ਮਿਲਣ ਦੇ ਬਾਵਜੂਦ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਹਾਸਲ ਕਰਨ ਲਈ ਲੰਮੇ ਸਮੇਂ ਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣੇ ਪੈ ਰਹੇ ਹਨ। ਕਰੀਬ 55 ਸਾਲਾ ਦਲਜੀਤ ਕੁਮਾਰ ਨੇ ਦੱਸਿਆ ਕਿ ਉਹ ਬੀਏ ਪਾਸ ਹੈ ਪਰ ਇਸ ਉਮਰ ਤਕ ਵੀ ਉਸ ਨੂੰ ਰੁਜ਼ਗਾਰ ਨਹੀਂ ਮਿਲ ਸਕਿਆ। ਅੱਜ ਤਕ ਉਸ ਕੋਲ ਆਪਣਾ ਪੱਕਾ ਘਰ ਵੀ ਨਹੀਂ ਹੈ। ਉਹ ਜਿਸ ਕਮਰੇ ਵਿਚ ਰਹਿੰਦਾ ਸੀ, ਉਹ ਬਾਰਿਸ਼ ਕਾਰਨ ਖਸਤਾ ਹੋ ਕੇ ਢਹਿ ਗਿਆ, ਜਿਸ ਤੋਂ ਬਾਅਦ ਉਹ ਮੰਦਰਾਂ ਜਾਂ ਹੋਰ ਧਾਰਮਿਕ ਸਥਾਨਾਂ ’ਤੇ ਰਾਤਾਂ ਗੁਜ਼ਾਰਨ ਲਈ ਮਜਬੂਰ ਹੈ। ਦਲਜੀਤ ਕੁਮਾਰ ਨੇ ਦਾਅਵਾ ਕੀਤਾ ਕਿ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ ਕਸਬਾ ਖਾਲੜਾ ਵਿਖੇ ਇਕ ਸਰਕਾਰੀ ਇਮਾਰਤ ਦਾ ਨੀਂਹ ਪੱਥਰ ਵੀ ਉਸ ਦੇ ਪਿਤਾ ਸਾਥੀ ਮਦਨ ਲਾਲ ਦੇ ਹੱਥੋਂ ਰਖਵਾਇਆ ਗਿਆ ਸੀ। ਉਸ ਨੇ ਕਿਹਾ ਕਿ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਕੋਈ ਢੁੱਕਵਾਂ ਉਪਰਾਲਾ ਨਹੀਂ ਕੀਤਾ ਗਿਆ। ਉਸ ਅਨੁਸਾਰ ਘਰ ਬਣਾਉਣ ਤੇ ਹੋਰ ਸਹੂਲਤਾਂ ਲਈ ਉਸ ਨੇ ਕਈ ਸਿਆਸੀ ਆਗੂਆਂ ਅਤੇ ਹਲਕਾ ਵਿਧਾਇਕਾਂ ਕੋਲ ਮਦਦ ਦੀ ਅਪੀਲ ਕੀਤੀ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਜਦੋਂ ਵੀ ਉਹ ਸਰਕਾਰੀ ਨੌਕਰੀ ਜਾਂ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਅਧਿਕਾਰੀਆਂ ਕੋਲ ਜਾਂਦਾ ਹੈ, ਤਾਂ ਉਸ ਤੋਂ ਪੁਰਾਣੇ ਦਸਤਾਵੇਜ਼ ਅਤੇ ਸਬੂਤ ਮੰਗੇ ਜਾਂਦੇ ਹਨ। ਦਲਜੀਤ ਕੁਮਾਰ ਨੇ ਦੱਸਿਆ ਕਿ ਕਾਰਗਿਲ ਜੰਗ ਦੌਰਾਨ ਬਣੇ ਹਾਲਾਤਾਂ ਕਾਰਨ ਪਰਿਵਾਰ ਨੂੰ ਆਪਣਾ ਘਰ ਛੱਡਣਾ ਪਿਆ ਸੀ, ਜਿਸ ਕਾਰਨ ਕਈ ਮਹੱਤਵਪੂਰਨ ਦਸਤਾਵੇਜ਼ ਗੁੰਮ ਹੋ ਗਏ। ਉਸ ਨੇ ਕਿਹਾ ਕਿ ਜੇਕਰ ਸਰਕਾਰੀ ਰਿਕਾਰਡ ਵਿਚ ਉਸ ਦੇ ਪਿਤਾ ਨਾਲ ਸਬੰਧਤ ਵੇਰਵੇ ਮੌਜੂਦ ਹਨ ਤਾਂ ਵਿਭਾਗੀ ਰਿਕਾਰਡ ਦੀ ਜਾਂਚ ਕਰ ਕੇ ਉਸ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਉਸ ਨੇ ਸਵਾਲ ਉਠਾਇਆ ਕਿ ਜੇਕਰ ਉਸ ਦੇ ਪਿਤਾ ਆਜ਼ਾਦੀ ਘੁਲਾਟੀਏ ਨਹੀਂ ਸਨ ਤਾਂ ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਹੋਣ ਵਾਲੇ ਸਰਕਾਰੀ ਸਮਾਗਮਾਂ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਸੱਦਾ ਦੇ ਕੇ ਸਨਮਾਨਿਤ ਕਿਉਂ ਕੀਤਾ ਜਾਂਦਾ ਹੈ। ਸਰਕਾਰੀ ਸਮਾਗਮਾਂ ਦੌਰਾਨ ਮਿਠਾਈ ਦਾ ਡੱਬਾ, ਲੋਈ ਅਤੇ ਸ਼ੀਲਡ ਦੇ ਕੇ ਸਨਮਾਨ ਤਾਂ ਕੀਤਾ ਜਾਂਦਾ ਹੈ, ਪਰ ਪਰਿਵਾਰ ਦੀਆਂ ਮੁੱਢਲੀਆਂ ਲੋੜਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਦਲਜੀਤ ਕੁਮਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਪਿਤਾ ਨਾਲ ਸਬੰਧਤ ਸਰਕਾਰੀ ਰਿਕਾਰਡ ਦੀ ਮੁੜ ਜਾਂਚ ਕਰਵਾਈ ਜਾਵੇ ਤੇ ਉਸ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਸਮੇਤ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਨੂੰ ਮਿਲਣ ਵਾਲੀਆਂ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।