ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹਣ ਵਾਲਿਆਂ ਦੀ ਹੋਈ ਪਛਾਣ
ਵਾਲ਼ੀਆਂ ਲਾਹੁਣ ਦੀ ਉਕਤ ਘਟਨਾ ਸੋਸ਼ਲ ਮੀਡੀਆ ’ਤੇ ਫੈਲੀ ਸੀ ਤੇ ਪੁਲਿਸ ਦੀ ਕਾਰਜ ਪ੍ਰਣਾਲੀ ’ਤੇ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ।
Publish Date: Tue, 05 May 2026 04:14 PM (IST)
Updated Date: Wed, 06 May 2026 04:03 AM (IST)

ਸਟਾਫ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਨੂਰਦੀ ਬਾਜ਼ਾਰ ’ਚ ਦਿਨ ਦਿਹਾੜੇ ਬਜ਼ੁਰਗ ਔਰਤ ਦੀਆਂ ਵਾਲੀਆਂ ਲਾਹੁਣ ਦੀ ਘਟਨਾ ’ਚ ਸ਼ਾਮਲ ਦੋ ਨੌਜਵਾਨਾਂ ਦੀ ਪੁਲਿਸ ਨੇ ਪਛਾਣ ਕਰ ਲਈ ਹੈ। ਜਿਨ੍ਹਾਂ ਖ਼ਿਲਾਫ਼ ਥਾਣਾ ਸਿਟੀ ਤਰਨਤਾਰਨ ’ਚ ਕੇਸ ਦਰਜ ਕਰ ਕੇ ਪੁਲਿਸ ਨੇ ਜਾਂਚ ਵੀ ਆਰੰਭ ਦਿੱਤੀ ਹੈ। ਦੱਸ ਦਈਏ ਕਿ ਵਾਲ਼ੀਆਂ ਲਾਹੁਣ ਦੀ ਉਕਤ ਘਟਨਾ ਸੋਸ਼ਲ ਮੀਡੀਆ ’ਤੇ ਫੈਲੀ ਸੀ ਤੇ ਪੁਲਿਸ ਦੀ ਕਾਰਜ ਪ੍ਰਣਾਲੀ ’ਤੇ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ। ਦੱਸ ਦਈਏ ਕਿ 30 ਅਪ੍ਰੈਲ ਨੂੰ ਤਰਨਤਾਰਨ ਦੇ ਨੂਰਦੀ ਬਾਜ਼ਾਰ ’ਚੋਂ ਨਿਕਲਦੀ ਗਲੀ ਮਾਲੂਵਾਲ ਸੰਤਾਂ ਵਾਲੀ ’ਚ ਸਵੇਰੇ ਕਰੀਬ ਸਾਢੇ 9 ਵਜੇ ਬਜ਼ੁਰਗ ਮਹਿਲਾ ਦੀਆਂ ਬਾਈਕ ਸਵਾਰ ਵੱਲੋਂ ਦੋ ਨੌਜਵਾਨਾਂ ਵਾਲੀਆਂ ਖਿੱਚਣ ਦੀ ਘਟਨਾ ਵਾਪਰੀ ਸੀ, ਜੋ ਗਲੀ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਜਿਸ ਤੋਂ ਬਾਅਦ ਵਾਲੀ ਖਿੱਚਣ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਪੰਜਾਬੀ ਜਾਗਰਣ ਵੱਲੋਂ ਵੀ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ। ਹਾਲਾਂਕਿ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਪੁਲਿਸ ਪ੍ਰਸ਼ਾਸਨ ਵੀ ਹਰਕਤ ’ਚ ਆ ਗਿਆ ਤੇ ਖੋਹ ਬਾਜ਼ਾਂ ਦੀ ਪਛਾਣ ਲਈ ਯਤਨ ਸ਼ੁਰੂ ਹੋ ਗਏ। ਇਸ ਸਬੰਧੀ ਡੀਐੱਸਪੀ ਸਬ ਡਵੀਜ਼ਨ ਸੁਖਬੀਰ ਸਿੰਘ ਨੇ ਦੱਸਿਆ ਕਿ ਵਾਲੀਆਂ ਖੋਹਣ ਵਾਲਿਆਂ ਦੀ ਪਛਾਣ ਅਰਸ਼ਦੀਪ ਸਿੰਘ ਭੋਲੂ ਪੁੱਤਰ ਵਰਿਆਮ ਸਿੰਘ ਵਾਸੀ ਮੁਰਾਦਪੁਰ ਜੋ ਹੁਣ ਗੋਲਡਨ ਐਵੀਨਿਊ ਬਚੜੇ ਰਹਿੰਦਾ ਹੈ ਤੋਂ ਇਲਾਵਾ ਸਰਵਨ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਚੰਦਰ ਕਾਲੋਨੀ ਤਰਨਤਾਰਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਨਾਲ ਇਕ ਹੋਰ ਸਾਥੀ ਵੀ ਸ਼ਾਮਲ ਹੈ। ਜਦੋਂਕਿ ਇਕ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਕੋਲੋਂ ਹੈਰੋਇਨ ਵੀ ਬਰਾਮਦ ਹੋਈ ਹੈ। ਤਿੰਨਾਂ ਖ਼ਿਲਾਫ਼ ਥਾਣਾ ਸਿਟੀ ਤਰਨਤਾਰਨ ’ਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੀ ਅਗਲੀ ਜਾਂਚ ਲਈ ਚੌਕੀ ਟਾਊਨ ਦੇ ਇੰਚਾਰਜ ਏਐੱਸਆਈ ਗੁਰਪ੍ਰੀਤ ਸਿੰਘ ਦੀ ਡਿਊਟੀ ਲਾਈ ਗਈ ਹੈ।